Site icon Sikh Siyasat News

ਕਾਲੀ ਸੂਚੀ ਵਿਚ ਨਾਂ ਨਾ ਹੋਣ ਦੇ ਬਾਵਜੁਦ ਪੰਜਾਬ ਆਉਣ ਉੱਤੇ ਰੋਕ, ਲਖਵਿੰਦਰ ਸਿੰਘ ਪਿਤਾ ਦੇ ਅੰਤਿਮ ਸੰਸਕਾਰ ਵਿਚ ਵੀ ਸ਼ਾਮਿਲ ਨਹੀਂ ਹੋ ਸਕੇ

Bapu Atma Singhਲੁਧਿਆਣਾ (21 ਜੂਨ, 2011): ਅਕਾਲੀ ਦਲ ਪੰਚ ਪਰਧਾਨੀ ਵਲੋਂ ਪੰਚ ਪਰਧਾਨੀ ਦੇ ਟਰਾਂਟੋ (ਕੈਨੇਡਾ) ਇਕਾਈ ਦੇ ਆਗੂ ਭਾਈ ਲਖਵਿੰਦਰ ਸਿੰਘ ਦੇ ਪਿਤਾ ਜੀ ਬਾਪੂ ਆਤਮਾ ਸਿੰਘ ਜੀ ਦੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਪਰਗਟਾਵਾ ਕੀਤਾ ਗਿਆ ਹੈ। ਪਾਰਟੀ ਦੇ ਕੌਮੀ ਪੰਚ ਭਾਈ ਕੁਲਵੀਰ ਸਿੰਘ ਬੜਾ ਪਿੰਡ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਨਰਲ ਸਕੱਤਰ ਭਾਈ ਅਮਰੀਕ ਸਿੰਘ ਈਸੜੂ, ਭਾਈ ਜਸਵੀਰ ਸਿੰਘ ਖੰਡੂਰ, ਯੂਥ ਆਗੂ ਭਾਈ ਮਨਧੀਰ ਸਿੰਘ ਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਪ੍ਰੈਸ ਬਿਆਨ ਵਿਚ ਦੱਸਿਆ ਕਿ ਸਮੁੱਚੀ ਪਾਰਟੀ ਤੇ ਅੰਮ੍ਰਿਤਸਰ ਜੇਲ੍ਹ ਵਿਚ ਨਜ਼ਰਬੰਦ ਪਾਰਟੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਇਸ ਦੁੱਖ ਦੀ ਘੜੀ ਬਾਪੂ ਆਤਮਾ ਸਿੰਘ ਦੇ ਪਰਿਵਾਰ ਨਾਲ ਖੜੇ ਹਨ। ਬਾਪੂ ਆਤਮਾ ਸਿੰਘ ਜੀ ਦੀ ਅੰਤਿਮ ਅਰਦਾਸ 29 ਜੂਨ ਦਿਨ ਬੁੱਧਵਾਰ ਨੂੰ ਉਹਨਾਂ ਦੇ ਪਿੰਡ ਭਰੋਵਾਲ ਖੁਰਦ (ਲੁਧਿਆਣਾ) ਵਿਖੇ ਹੋਵੇਗੀ।

ਪਾਰਟੀ ਆਗੂਆਂ ਨੇ ਦੱਸਿਆ ਕਿ ਇਕ ਪਾਸੇ ਸਰਕਾਰਾਂ ਵਲੋਂ ਕਾਲੀਆਂ ਸੂਚੀਆਂ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਭਾਈ ਲਖਵਿੰਦਰ ਸਿੰਘ ਜਿਹਨਾਂ ਉੱਤੇ ਪੰਜਾਬ ਜਾਂ ਭਾਰਤ ਵਿਚ ਕੋਈ ਕੇਸ ਦਰਜ਼ ਨਹੀਂ ਤੇ ਉਹ ਜਨਵਰੀ 2009 ਤੱਕ ਲਗਾਤਾਰ ਕਈ ਵਾਰ ਪੰਜਾਬ ਆਏ ਪਰ ਜਨਵਰੀ 2009 ਵਿਚ ਉਹਨਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਾਪਸ ਮੋੜ ਦਿੱਤਾ ਗਿਆ। ਜਿਕਰਯੋਗ ਹੈ ਕਿ ਭਾਈ ਲਖਵਿੰਦਰ ਸਿੰਘ ਦਾ ਨਾਮ ਕਿਸੇ ਕਾਲੀ ਸੂਚੀ ਜਾਂ ਪਿਛਲੇ ਦਿਨੀ 169 ਨਾਵਾਂ ਵਾਲੀ ਕਾਲੀ ਸੂਚੀ ਵਿਚ ਵੀ ਨਹੀਂ ਸੀ ਤਾਂ ਫਿਰ ਉਹਨਾਂ ਨੂੰ ਕਿਸ ਆਧਾਰ ਉੱਤੇ ਰੋਕਿਆ ਗਿਆ ਤੇ ਇਸੇ ਕਾਰਨ ਉਹ ਆਪਣੇ ਪਿਤਾ ਜੀ ਦੇ ਅੰਤਿਮ ਸੰਸਕਾਰ ਵਿਚ ਵੀ ਸ਼ਾਮਲ ਹੋ ਸਕੇ।ਉਹਨਾਂ ਕਿਹਾ ਕਾਲੀਆਂ ਸੂਚੀਆਂ ਦਾ ਖਾਤਮਾ ਕਰਨ ਦਾ ਐਲਾਨ ਫੋਕੇ ਡਰਾਮੇ ਹਨ ਅਤੇ ਸਰਕਾਰ ਵਲੋਂ ਸੱਚ ਦੀ ਆਵਾਜ਼ ਬੁਲੰਦ ਰੱਖਣ ਵਾਲਿਆਂ ਉੱਤੇ ਸ਼ੁਰੂ ਤੋਂ ਹੀ ਕਾਲੇ ਐਕਟ ਤੇ ਕਾਲੀਆਂ ਸੂਚੀਆਂ ਲਾਈਆਂ ਜਾਂਦੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version