ਚੰਡੀਗੜ੍ਹ: ਸਮਾਜਿਕ ਕਾਰਕੁੰਨ ਲੱਖੇ ਸਿਧਾਣੇ ਦਾ ਫੇਸਬੁੱਕ ਸਫਾ ਇੰਡੀਆ ਵਿੱਚ ਬੰਦ ਕਰ ਦਿੱਤਾ ਗਿਆ ਹੈ। ਲੱਖੇ ਸਿਧਾਣੇ ਨੂੰ ਦਿੱਲੀ ਪੁਲਿਸ ਵੱਲੋਂ 26 ਜਨਵਰੀ ਨੂੰ ਕਿਸਾਨ ਪਰੇਡ ਦੌਰਾਨ ਲਾਲ ਕਿਲੇ ਵਿਖੇ ਵਾਪਰੀ ਘਟਨਾ ਦੇ ਮਾਮਲੇ ਵਿੱਚ ਨਾਮਜ਼ਦ ਕਰਦਿਆਂ ਉਸ ਦੀ ਗ੍ਰਿਫਤਾਰੀ ਲਈ 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ।
ਲੱਖੇ ਸਿਧਾਣੇ ਵੱਲੋਂ ਦਿੱਲੀ ਪੁਲਿਸ ਦੇ ਪਰਚੇ ਨੂੰ ਗਲਤ ਦੱਸਦਿਆਂ ਗ੍ਰਿਫਤਾਰੀ ਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਉਸ ਵੱਲੋਂ ਆਪਣੇ ਫੇਸਬੁੱਕ ਸਫੇ ਉੱਤੇ ਵੀਡੀਓ ਰਾਹੀਂ ਆਪਣੀ ਗੱਲ ਕਹੀ ਜਾ ਰਹੀ ਸੀ ਪਰ ਹੁਣ ਸਰਕਾਰ ਨੇ ਇਹ ਸਫਾ ਬੰਦ ਕਰਵਾ ਦਿੱਤਾ ਹੈ।
ਤਿੰਨ ਲੱਖ ਵੀਹ ਹਜ਼ਾਰ ਲੋਕਾਂ ਨੇ ਲੱਖੇ ਸਿਧਾਣੇ ਦੇ ਸਫੇ ਨੂੰ ਪਸੰਦ ਕੀਤਾ ਹੋਇਆ ਹੈ ਅਤੇ ਇਹ ਸਫਾ ਇੰਡੀਆ ਤੋਂ ਬਾਹਰ ਖੁੱਲ੍ਹ ਰਿਹਾ ਹੈ। ਜਦੋਂ ਕੋਈ ਇੰਡੀਆ ਵਿੱਚ ਇਹ ਸਫਾ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫੇਸਬੁੱਕ ਵੱਲੋਂ ਇਹ ਸੁਨੇਹਾ ਵਿਖਾਇਆ ਜਾਂਦਾ ਹੈ: “ਇਹ ਸਮਗਰੀ ਇੰਡੀਆ ਵਿੱਚ ਉਪਲਭ ਨਹੀਂ ਹੈ। ਤੁਸੀਂ ਇਹ ਸਮਗਰੀ ਨਹੀਂ ਵੇਖ ਸਕਦੇ ਕਿਉਂਕਿ ਮੁਕਾਮੀ ਕਾਨੂੰਨ ਹੇਠ ਇਸ ਨੂੰ ਵਿਖਾਉਣ ਉੱਤੇ ਪਾਬੰਦੀ ਹੈ”।
ਸਰਕਾਰ ਕਿਵੇਂ ਕਰ ਰਹੀ ਹੈ ਕਾਨੂੰਨ ਦੀ (ਦੁਰ)ਵਰਤੋਂ:
ਜ਼ਿਕਰਯੋਗ ਹੈ ਕਿ ਇੰਡੀਆ ਦੀ ਸਰਕਾਰ ਵੱਲੋਂ ਸੂਚਨਾ ਤਕਨਾਲੌਜੀ ਕਾਨੂੰਨ (ਆਈ.ਟੀ. ਅੇਕਟ) ਦੀ ਧਾਰਾ 69-ਏ ਤਹਿਤ ਬਿਜਾਲ (ਇੰਟਰਨੈਟ) ਉੱਤੇ ਦਿਸਣ ਵਾਲੀ ਜਾਣਕਾਰੀ ਉੱਤੇ ਰੋਕ ਲਾਈ ਜਾਂਦੀ ਹੈ ਪਰ ਸਰਕਾਰ ਵੱਲੋਂ ਇਸ ਬਾਰੇ ਸਾਲ 2009 ਵਿੱਚ ਬਣਾਏ ਗਏ ਨਿਯਮਾ ਦੀ ਪੂਰੀ ਪਾਲਣਾ ਨਹੀਂ ਕੀਤੀ ਜਾਂਦੀ।
ਸੂਚਨਾ ਤਕਨਾਲੌਜੀ ਨਿਯਮ 2009 ਮੁਤਬਿਕ ਸੰਬੰਧਤ ਧਿਰ ਨੂੰ ਘੱਟੋ-ਘੱਟ 48 ਘੰਟੇ ਪਹਿਲਾਂ ਅਗਾਊਂ ਜਾਣਕਾਰੀ ਦੇਣੀ ਜਰੂਰੀ ਹੁੰਦੀ ਹੈ ਅਤੇ ਸੰਬੰਧਤ ਧਿਰ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦੇਣਾ ਵੀ ਜਰੂਰੀ ਹੁੰਦਾ ਹੈ। ਪਰ ਸਰਕਾਰ ਵੱਲੋਂ ਸੰਬੰਧਤ ਧਿਰ ਨੂੰ ਜਾਣਕਾਰੀ ਦਿੱਤੇ ਬਿਨਾ ਹੀ ਰੋਕ ਲਗਵਾ ਲਈ ਜਾਂਦੀ ਹੈ। ਫੇਸਬੁੱਕ ਸਫਿਆਂ ਦੇ ਮਾਮਲੇ ਵਿੱਚ ਸਰਕਾਰ ਸੰਬੰਧਤ ਵਿਅਕਤੀ ਜਾਂ ਸੰਸਥਾ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਬਲਕਿ ਸਿੱਧਾ ਫੇਸਬੁੱਕ ਨੂੰ ਹੀ ਨੋਟਿਸ ਜਾਰੀ ਕਰਕੇ ਸਫੇ ਬੰਦ ਕਰਵਾ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਸਰਕਾਰ ਕਿਸੇ ਇਤਰਾਜਯੋਗ ਸਮਗਰੀ ਨੂੰ ਹਟਵਾਉਣ ਦੀ ਬਜਾਏ ਪੂਰਾ ਸਫਾ ਹੀ ਬੰਦ ਕਰਵਾ ਦਿੰਦੀ ਹੈ।