ਲੰਡਨ: ਇਕ ਰੇਡੀਓ ਇੰਟਰਵਿਊ ਦੇ ਸਿੱਧੇ ਪ੍ਰਸਾਰਣ ਮੌਕੇ ਲੇਬਰ ਪਾਰਟੀ ਦੇ ਉਪ ਮੁੱਖੀ ਟਾਮ ਵਾਟਸਨ ਨੇ ਬਰਤਾਨੀਆ ਦੇ ਵਿਦੇਸ਼ ਸਕੱਤਰ ਬੋਰਿਸ ਜਾਨਸਨ ਉਸ ਬਿਆਨ ਨੂੰ ਬਿਲਕੁਲ ਗਲਤ ਦੱਸਿਆ ਜਿਸ ਵਿਚ ਬੋਰਿਸ ਜਾਨਸਨ ਨੇ ਕਿਹਾ ਸੀ ਕਿ ਭਾਰਤੀ ਫੌਜ ਵਲੋਂ ਜੂਨ 1984 ‘ਚ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਸਮੇਂ ਬਰਤਾਨਵੀ ਫੌਜ ਦੀ ਭੂਮਿਕਾ ਦੇ ਹੋਰ ਕੋਈ ਵੀ ਦਸਤਾਵੇਜ਼ ਮੌਜੂਦ ਨਹੀਂ ਹਨ ਜੋ ਅਜੇ ਤੱਕ ਸਾਹਮਣੇ ਨਾ ਆਏ ਹੋਣ।
ਜਾਣਕਾਰੀ ਅਨੁਸਾਰ ਬੋਰਿਸ ਜਾਨਸਨ ਨੇ ਉਪਰੋਕਤ ਬਿਆਨ ਚੋਣ ਪ੍ਰਚਾਰ ਲਈ ਬ੍ਰਿਸਟਲ ਦੇ ਗੁਰਦੁਆਰਾ ਸਾਹਿਬ ਦੇ ਦੌਰੇ ਮੌਕੇ ਦਿੱਤਾ ਸੀ।
ਲੇਬਰ ਪਾਰਟੀ ਦੇ ਦੂਜੇ ਨੰਬਰ ਦੇ ਆਗੂ ਟਾਮ ਵਾਟਸਨ ਨੇ ਕਿਹਾ, “ਬੋਰਿਸ ਜਾਨਸਨ ਨੂੰ ਬੀਤੇ ਬੁੱਧਵਾਰ ਨੂੰ ਇਸ ਸਵਾਲ ਦਾ ਜਵਾਬ ਦੇਣਾ ਚਾਹੀਦਾ ਸੀ ਕਿ ਕੀ 1984 ‘ਚ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਵੇਲੇ ਬਰਤਾਨਵੀ ਕਾਰਵਾਈ ਦੇ ਸਬੰਧਾਂ ਦੇ ਹੋਰ ਕੋਈ ਵੀ ਦਸਤਾਵੇਜ਼ ਮੌਜੂਦ ਹਨ? ਉਹ ਗੱਲ ਨੂੰ ਗੋਲ-ਮੋਲ ਨਹੀਂ ਕਰ ਸਕਦਾ ਜਿਵੇਂ ਕਿ ਉਸਨੇ ਬੁੱਧਵਾਰ ਨੂੰ ਕੀਤਾ ਸੀ। ਉਮੀਦ ਕਰਦੇ ਹਾਂ ਕਿ ਇਹ ਮੁੱਦਾ ਹਾਲੇ ਹੋਰ ਅੱਗੇ ਜਾਏਗਾ।”
ਟਾਮ ਵਾਟਸਨ ਨੇ ਅੱਗੇ ਕਿਹਾ, “ਉਨ੍ਹਾਂ (ਬੋਰਿਸ) ਨੂੰ ਇਹ ਵੀ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਕਂਜਰਵੇਟਿਵ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਕਤਲੇਆਮ ਦੀ ਜਾਂਚ ਦਾ ਵਾਅਦਾ ਕਿਉਂ ਨਹੀਂ ਕੀਤਾ ਜਿਵੇਂ ਕਿ ਲੇਬਰ ਪਾਰਟੀ ਨੇ ਕੀਤਾ ਹੈ। ਬਰਤਾਨੀਆ ਦੇ ਸਿੱਖ ਇਹ ਸੱਚਾਈ ਜਾਣਨ ਦੇ ਹੱਕਦਾਰ ਹਨ। ਮਿਸਟਰ ਜਾਨਸਨ ਨੂੰ ਆਪਣੀ ਮਜਬੂਰੀ ਨੂੰ ਖਤਮ ਕਰਦੇ ਹੋਏ ਉਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਜਿਸ ਲਈ ਲੋਕਾਂ ਨੇ ਲੰਬਾ ਸਮਾਂ ਇੰਤਜ਼ਾਰ ਕੀਤਾ ਹੈ।”
ਲੇਬਰ ਪਾਰਟੀ ਦੇ ਸਿੱਖ ਆਗੂ ਗੁਰਿੰਦਰ ਸਿੰਘ ਜੋਸਨ ਨੇ ਕਿਹਾ, “ਇਹ ਯੂ.ਕੇ. ਦੇ ਸਿੱਖਾਂ ਲਈ ਬਹੁਤ ਹੀ ਮਹੱਤਵਪੂਰਨ ਹੈ। 1984 ‘ਚ ਮਾਰਗਰੇਟ ਥੇਚਰ ਵੇਲੇ ਬਰਤਾਨੀਆਂ ਦੀ ਫੌਜ ਦਰਬਾਰ ਸਾਹਿਬ ‘ਤੇ ਹਮਲੇ ਵਿਚ ਸ਼ਾਮਲ ਹੋਣ ਬਾਰੇ ਰਹੱਸ ਦੇ ਖੁੱਲ੍ਹਣ ਨਾਲ ਸਿੱਖ ਬਹੁਤੇ ਹੈਰਾਨ ਹਨ। ਬੋਰਿਸ ਜਾਨਸਨ ਅਤੇ ਉਨ੍ਹਾਂ ਦੇ ਸਹਿਯੋਗੀ ਇਸ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਪਰ ਨਿਸ਼ਚਤ ਤੌਰ ‘ਤੇ ਉਨ੍ਹਾਂ ਨੂੰ ਹਾਲੇ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।”
ਉਨ੍ਹਾਂ ਅੱਗੇ ਕਿਹਾ, “ਟਾਮ ਵਾਟਸਨ ਅਤੇ ਲੇਬਰ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਹ ਇਸਦੀ ਆਜ਼ਾਦ ਜਨਤਕ ਜਾਂਚ ਕਰਾਉਣਗੇ। ਕੰਜਰਵੇਟਿਵ ਪਾਰਟੀ ਇਸ ਮਸਲੇ ‘ਚ ਹਾਲੇ ਤਕ ਅਸਫਲ ਸਾਬਤ ਹੋਈ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Labour Deputy Leader Tom Watson Challenges British Foreign Secretary Boris Johnson on 1984 …

