ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ (ਪੁਰਾਣੀ ਤਸਵੀਰ)

ਸਿੱਖ ਖਬਰਾਂ

ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਨੌਜਵਾਨਾਂ ਨੂੰ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਦੱਸਿਆ ਬੇਕਸੂਰ

By ਸਿੱਖ ਸਿਆਸਤ ਬਿਊਰੋ

October 22, 2015

ਮੋਗਾ/ਸਮਾਲਸਰ(21 ਅਕਤੂਬਰ, 2015): ਪਿਛਲੇ ਦਿਨੀ ਦਿਨੀ ਫਰੀਦਕੋਟ ਦੇ ਜਿਲੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਦੀ ਘਟਨਾ ਵਿੱਚ ਦੋਸ਼ੀ ਬਣਾ ਕੇ ਪੰਜਾਬ ਪੁਲਿਸ ਵੱਲੋਂ ਸਕੇ ਭਰਾਵਾਂ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਖ਼ਾਲਸਾ ਦੋਸ਼ੀ ਬਣਾ ਕੇ ਪੇਸ਼ ਕੀਤੇ ਜਾਣ ਦੀ ਕਹਾਣੀ ‘ਤੇ ਉਨ੍ਹਾਂ ਦੇ ਪਿੰਡ ਦੀ ਪੰਚਾੲਤਿ ਅਤੇ ਪਿੰਡ ਵਾਸੀਆਂ ਨੂੰ ਬਿਲਕੁਲ ਹੀ ਯਾਕੀਨ ਨਹੀ ਹੋ ਰਿਹਾ ।

ਪਿੰਡ ਪੰਜਗਰਾਈਂ ਖੁਰਦ (ਮੋਗਾ) ਵਾਸੀ ਦੋ ਸਕੇ ਭਰਾਵਾਂ ਦੀ ਪੁਲੀਸ ਵੱਲੋਂ ਬਿਆਨ ਕੀਤੀ ਗੲੀ ਕਹਾਣੀ ਪਿੰਡ ਦੇ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਹੋਏ ਭਾਰੀ ਇਕੱਠ ਵਿੱਚ ਲੋਕਾਂ ਨੇ ਨਕਾਰ ਦਿੱਤੀ ਹੈ। ਇਸੇ ਦੌਰਾਨ ਸਿੱਖ ਸੰਗਠਨਾਂ ਵੱਲੋਂ ਸੜਕੀ ਆਵਾਜਾਈ ਠੱਪ ਕਰਕੇ ਪ੍ਰਦਰਸ਼ਨ ਜਾਰੀ ਰੱਖਿਆ ਗਿਆ ਅਤੇ ਅਜੀਤਵਾਲ ਵਿੱਚ ਦਿਨ-ਰਾਤ ਦਾ ਧਰਨਾ ਖ਼ਤਮ ਕਰਕੇ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਨੂੰ ਰੋਕਣ ਦਾ ਫੈਸਲਾ ਲਿਆ ਗਿਆ ਹੈ।

ਪਿੰਡ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਸੁੱਟਣ ਦੇ ਮਾਮਲੇ ਵਿੱਚ ਦੋ ਸਕੇ ਭਰਾਵਾਂ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਖ਼ਾਲਸਾ ਵਾਸੀ ਪਿੰਡ ਪੰਜਗਰਾਈਂ ਖੁਰਦ (ਮੋਗਾ) ਦੀ ਗ੍ਰਿਫ਼ਤਾਰੀ ਤੋਂ ਲੋਕ ਹੈਰਾਨ ਹਨ। ਗੁਰਦੁਆਰਾ ਸੱਚਖੰਡ ਸਾਹਿਬ, ਪਿੰਡ ਪੰਜਗਰਾਈਂ ਖੁਰਦ ਵਿਖੇ ਲੋਕਾਂ ਦਾ ਇਕੱਠ ਹੋਇਆ। ਇਸ ਮੌਕੇ ਬਲਾਕ ਸਮਿਤੀ ਮੈਂਬਰ ਤੇ ਅਕਾਲੀ ਆਗੂ ਗੁਰਮੀਤ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਸੁਖਦੇਵ ਸਿੰਘ ਖ਼ਾਲਸਾ ਤੇ ਦਿਲਬਾਗ ਸਿੰਘ ਪੰਚ ਤੇ ਹੋਰਾਂ ਨੇ ਕਿਹਾ ਕਿ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੈ ਅਤੇ ਪਿੰਡ ਵਾਸੀਆਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਪਰਿਵਾਰ ਅਜਿਹਾ ਕੰਮ ਕਿਸੇ ਵੀ ਕੀਮਤ ਉੱਤੇ ਨਹੀਂ ਕਰ ਸਕਦਾ। ਇਹ ਪਰਿਵਾਰ ਘਰ ਵਿੱਚ ਛੋਟੀ ਜਿਹੀ ਦੁਕਾਨ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਵਿੱਚ ਮੁਨਿਆਰੀ ਦਾ ਸਮਾਨ ਸਪਲਾੲੀ ਕਰਨ ਦਾ ਕੰਮ ਕਰਦਾ ਹੈ। ਜਸਵਿੰਦਰ ਸਿੰਘ ਦਾ ਕੁਝ ਚਿਰ ਪਹਿਲਾਂ ਵਿਆਹ ਹੋਇਆ ਹੈ ਅਤੇ ਰੁਪਿੰਦਰ ਸਿੰਘ ਖ਼ਾਲਸਾ ਅਜੇ ਕੁਆਰਾ ਹੈ ਅਤੇ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਗਰੁੱਪ ਦਾ ਸਰਕਲ ਆਗੂ ਹੈ।

ਪਿੰਡ ਦੇ ਸਰਪੰਚ ਬਲਦੇਵ ਸਿੰਘ ਅਤੇ ਮੱਖਣ ਸਿੰਘ ਮੁਸਾਫਰ ਨੇ ਦੋਵਾਂ ਭਰਾਵਾਂ ਦੀ ਗ੍ਰਿਫ਼ਤਾਰੀ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਸੋਚ ਵੀ ਨਹੀਂ ਸਕਦੇ ਕਿ ਉਨ੍ਹਾਂ ਨੇ ਅਜਿਹਾ ਕੀਤਾ ਹੋਵੇਗਾ। ਦੂਜੇ ਪਾਸੇ ਸਿੱਖ ਸੰਗਠਨਾਂ ਵੱਲੋਂ ਮੋਗਾ ਮੁੱਖ ਚੌਕ, ਬਾਘਾਪੁਰਾਣਾ, ਸਮਾਲਸਰ ਤੇ ਹੋਰ ਕਈ ਥਾਵਾਂ ਉੱਤੇ ਬੇਅਦਬੀ ਵਿਰੁਧ ਪ੍ਰਦਰਸ਼ਨ ਜਾਰੀ ਰੱਖਿਆ ਗਿਆ।

ਪਿੰਡ ਵਾਸੀਆਂ ਨੇ ਦੱਸਿਆ ਕਿ ਨੌਜਵਾਨ ਦਾ ਪਰਿਵਾਰ ਸ਼ੁਰੂ ਤੋਂ ਹੀ ਧਾਰਮਿਕ ਪ੍ਰਵਿਰਤੀ ਵਾਲਾ ਹੋਣ ਕਰਕੇ ਸਾਰੇ ਪਰਿਵਾਰ ਨੇ ਅੰਮਿ੍ਤਪਾਨ ਕੀਤਾ ਹੋਇਆ ਹੈ ਅਤੇ ਪਿਛਲੇ ਸਮੇਂ ਤੋਂ ਇਸ ਪਰਿਵਾਰ ਦਾ ਸਮਾਜ ਵਿਰੋਧੀ ਗਤੀਵਿਧੀਆਂ ਨਾਲ ਕੋਈ ਵਾਹ ਵਾਸਤਾ ਨਹੀਂ ਸਗੋਂ ਰੁਪਿੰਦਰ ਸਿੰਘ ਖ਼ਾਲਸਾ ਡਿਪਲੋਮਾ ਇੰਜੀਨੀਅਰ, ਅੰਡਰ ਗਰੈਜੂਏਟ, (ਸ਼ਹੀਦ ਭਗਤ ਸਿੰਘ ਕਾਲਜ ਕੋਟਕਪੂਰਾ) ਸਾਬਕਾ ਸਰਕਲ ਪ੍ਰਧਾਨ (ਬਾਘਾ ਪੁਰਾਣਾ) ਸਿੱਖ ਸਟੂਡੈਂਟ ਫੈੱਡਰੇਸ਼ਨ ਰਿਹਾ ਹੈ।ਉਸ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ, ਦਸਤਾਰ ਸਿਖਲਾਈ ਕੈਂਪ, ਲੋੜਵੰਦ ਬੱਚਿਆਂ ਦੀ ਫ਼ੀਸਾਂ, ਲੋੜਵੰਦ ਬਿਮਾਰਾਂ ਦਾ ਇਲਾਜ ਕਰਵਾਇਆ ਜਾਂਦਾ ਹੈ।ਇਸ ਤੋਂ ਇਲਾਵਾ ਰੁਪਿੰਦਰ ਸਿੰਘ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦਾ ਸਰਕਲ ਪ੍ਰਧਾਨ ਰਿਹਾ ਹੈ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਸਤਿਕਾਰ ਕਮੇਟੀ ਦਾ ਮੋਹਰਲੀ ਕਤਾਰ ਦਾ ਆਗੂ ਹੈ।ਜਸਵਿੰਦਰ ਸਿੰਘ ਬਾਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਜਿੱਥੇ ਰੁਪਿੰਦਰ ਸਿੰਘ ਗਰਮ ਖਿ਼ਆਲਾਂ ਵਾਲਾ ਵਿਅਕਤੀ ਹੈ, ਉੱਥੇ ਜਸਵਿੰਦਰ ਸਿੰਘ ਬੇਹੱਦ ਸ਼ਰੀਫ਼ ਇਨਸਾਨ ਹੈ, ਜਿਸ ਨੂੰ ਸਿਰਫ਼ ਆਪਣੇ ਕੰਮ ਨਾਲ ਮਤਲਬ ਹੈ।ਉਕਤ ਪਰਿਵਾਰ ਪਿੰਡ ‘ਚ ਕਰਿਆਨੇ ਦੀ ਦੁਕਾਨ ਤੇ ਪਿੰਡਾਂ ‘ਚ ਹੋਲਸੇਲ ਦਾ ਕੰਮ ਚਲਾ ਕੇ ਗੁਜ਼ਾਰਾ ਕਰ ਰਿਹਾ ਹੈ।

ਪਿੰਡ ਦੇ ਸਰਪੰਚ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਉਕਤ ਦੋਵੇਂ ਵਿਅਕਤੀ ਗੁਰਸਿੱਖ ਪਰਿਵਾਰ ‘ਚੋਂ ਹਨ ਅਤੇ ਇਨ੍ਹਾਂ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ, ਸਗੋਂ ਕਿਸੇ ਸਾਜ਼ਿਸ਼ ਅਧੀਨ ਇਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ।ਇਸ ਸਬੰਧੀ ਗੱਲ ਕਰਦਿਆਂ ਪਿੰਡ ਦੇ ਸਰਪੰਚ ਬਲਦੇਵ ਸਿੰਘ ਤੇ ਪੰਚ ਗੁਰਲਾਭ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨਿਰਦੋਸ਼ ਹਨ, ਕਿਉਂਕਿ ਇਨ੍ਹਾਂ ਨੇ ਗੁਰੂ ਸਾਹਿਬ ਦੇ ਸਤਿਕਾਰ ਲਈ ਹਮੇਸ਼ਾ ਤਤਪਰਤਾ ਨਾਲ ਕੰਮ ਕੀਤਾ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਤੋਂ ਲੈ ਕੇ ਰੁਪਿੰਦਰ ਸਿੰਘ ਖ਼ਾਲਸਾ ਨੇ ਕੋਟਕਪੂਰੇ ਦੀ ਘਟਨਾਕ੍ਰਮ ਤੱਕ ਹਰੇਕ ਗਤੀਵਿਧੀ ‘ਚ ਵੱਧ-ਚੜ੍ਹ ਕੇ ਹਿੱਸਾ ਲਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਮੱਖਣ ਸਿੰਘ ਮੁਸਾਫ਼ਰ ਨੇ ਦੱਸਿਆ ਪੁਲਿਸ ਵੱਲੋਂ ਜਿਸ ਆਡੀਓ ਕਲਿੱਪ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦਾ ਜ਼ਿਕਰ ਕੀਤਾ ਉਹ ਉਸ ਬੀੜ ਦੇ ਅੰਗ ਹਨ ਜੋ ਬਰਗਾੜੀ ‘ਚ ਖਿਲਾਰੇ ਗਏ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਪੰਥਪ੍ਰੀਤ ਸਿੰਘ ਖ਼ਾਲਸਾ ਵੱਲੋਂ ਰੁਪਿੰਦਰ ਸਿੰਘ ਖ਼ਾਲਸਾ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।ਵਿਦੇਸ਼ੀ ਸਹਾਇਤਾ ਸਬੰਧੀ ਪੁੱਛੇ ਗਏ ਸਵਾਲ ‘ਚ ਉਨ੍ਹਾਂ ਕਿਹਾ ਕਿ ਕੋਟਕਪੂਰੇ ਤੇ ਬਹਿਬਲ ਕਲਾਂ ਦੀ ਘਟਨਾ ਦੌਰਾਨ ਜ਼ਖ਼ਮੀ ਹੋਏ ਸਿੰਘਾਂ ਦੇ ਇਲਾਜ ਲਈ ਵਿਦੇਸ਼ ‘ਚੋਂ ਸਿੱਖ ਜਥੇਬੰਦੀਆਂ ਵੱਲੋਂ ਰੁਪਿੰਦਰ ਸਿੰਘ ਖ਼ਾਲਸਾ ਨਾਲ ਸੰਪਰਕ ਕੀਤਾ ਗਿਆ ਸੀ।ਉਨ੍ਹਾਂ ਪੁਲਿਸ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੇ ਇਕ ਮਨੋਨੀਤ ਕਹਾਣੀ ਦੇ ਆਧਾਰ ‘ਤੇ ਇਨ੍ਹਾਂ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਜ਼ਿਕਰਯੋਗ ਹੈ ਕਿ 14 ਅਕਤੂਬਰ ਨੂੰ ਰੁਪਿੰਦਰ ਸਿੰਘ ਖ਼ਾਲਸਾ ਕੋਟਕਪੂਰੇ ਦੀ ਘਟਨਾਕ੍ਰਮ ਵਾਲੇ ਦਿਨ ਪੁਲਿਸ ਦੀਆਂ ਲਾਠੀਆਂ ਦਾ ਸ਼ਿਕਾਰ ਹੋ ਕੇ ਰੀੜ੍ਹ ਦੀ ਹੱਡੀ ‘ਤੇ ਸੱਟ ਲੱਗਣ ਕਾਰਨ ਗੰਭੀਰ ਸੀ।

16 ਅਕਤੂਬਰ ਨੂੰ ਪੁਲਿਸ ਵੱਲੋਂ ਉਸ ਨੂੰ ਉਸ ਦੇ ਭਰਾ ਜਸਵਿੰਦਰ ਸਿੰਘ ਤੇ ਦੋ ਹੋਰ ਸਾਥੀਆਂ ਨੂੰ ਉਸ ਦੇ ਘਰੋਂ ਰਾਤੀਂ ਲਗਪਗ ਡੇਢ ਵਜੇ ਗਿ੍ਫ਼ਤਾਰ ਕਰ ਲਿਆ ਗਿਆ, ਜਿਸ ਦੇ ਚੱਲਦਿਆਂ 17 ਅਕਤੂਬਰ ਨੂੰ ਮੋਗਾ ਜ਼ਿਲ੍ਹੇ ਦੇ ਮਹਿਣੇ ਥਾਣੇ ‘ਚ ਲਿਜਾਇਆ ਗਿਆ ਅਤੇ ਰੁਪਿੰਦਰ ਸਿੰਘ ਖ਼ਾਲਸਾ ਨੂੰ ਉਸ ਦਿਨ 8 ਵਜੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਅਤੇ ਉਸ ਦੇ ਭਰਾ ਜਸਵਿੰਦਰ ਸਿੰਘ ਤੇ ਦੋ ਹੋਰ ਸਾਥੀਆਂ ਨੂੰ ਫ਼ਰੀਦਕੋਟ ਵਿਖੇ ਨਜ਼ਰਬੰਦ ਰੱਖਿਆ ਗਿਆ।ਰੁਪਿੰਦਰ ਸਿੰਘ ਖ਼ਾਲਸਾ ਦੇ ਗੰਭੀਰ ਸੱਟ ਲੱਗੀ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਇਸੇ ਦੌਰਾਨ ਹੀ ਪੁਲਿਸ ਨੇ ਆਪਣੀ ਤਫ਼ਤੀਸ਼ ਕਰਦਿਆਂ ਦੋਹਾਂ ਭਰਾਵਾਂ ਨੂੰ ਗਿ੍ਫ਼ਤਾਰ ਕਰ ਲਿਆ ਸੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: