ਚੰਡੀਗੜ੍ਹ : ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਖਾਲਸਾ ਰਾਜ ਬੇਈਮਾਨ ਡੋਗਰਿਆਂ ਅਤੇ ਭ੍ਰਿਸ਼ਟ ਸਰਦਾਰਾਂ ਦੇ ਹੱਥ ਵਿੱਚ ਆ ਗਿਆ ਸੀ । ਏਸ਼ੀਆਈ ਮਹਾਦੀਪ ਦੀਆਂ ਸਿਰਮੌਰ ਤਾਕਤਾਂ ‘ਚ ਗਿਣਿਆ ਜਾਣ ਵਾਲਾ ਸਿੱਖ ਰਾਜ ਦੱਸ ਸਾਲਾਂ (1839-1849) ਵਿੱਚ ਅੰਗਰੇਜ਼ ਹਕੂਮਤਾਂ ਦੇ ਹੱਥ ਚਲਿਆ ਗਿਆ। ਸਾਰਾ ਮਾਲ-ਅਸਬਾਬ, ਸ਼ਾਹੀ ਤੋਸ਼ਾ ਖਾਨਾ ਸਭ ਅੰਗਰੇਜ਼ੀ ਹਕੂਮਤ ਨੇ ਹਥਿਆ ਲਏ ਅਤੇ ਇਹ ਸੰਧੀ ਕੀਤੀ ਗਈ ਕਿ ਜਦੋਂ ਤੀਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਸ਼ਹਿਜਾਦਾ ਮਹਾਰਾਜਾ ਦਲੀਪ ਸਿੰਘ 18 ਸਾਲਾਂ ਦਾ ਨਹੀਂ ਹੋ ਜਾਂਦਾ ਉਦੋਂ ਤੀਕ ਰਾਜ ਪ੍ਰਬੰਧ ਸਾਡੇ ਵਲੋਂ ਚਲਾਇਆ ਜਾਵੇਗਾ। ਹੌਲੀ-ਹੌਲੀ ਅੰਗਰੇਜ ਮਹਾਰਾਜਾ ਦਲੀਪ ਸਿੰਘ ਨੂੰ ਵੀ ਆਪਣੇ ਨਾਲ ਲੈ ਗਏ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚੋਂ ਲੁੱਟੀਆਂ ਗਈਆਂ ਇਹਨਾਂ ਅਨਮੋਲ ਦੌਲਤਾਂ ਵਿੱਚੋਂ ਹੀ ਇੱਕ ਦੌਲਤ ਸੀ ਹੀਰਾ – ਕੋਹੀਨੂਰ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਹੀਰਾ ਸ਼ਾਹ ਸ਼ੁਜਾਹ ਦੀ ਬੇਗਮ ਨੇ ਸ਼ਾਹ ਸ਼ੁਜਾਹ ਨੂੰ ਕਸ਼ਮੀਰ ਦੇ ਹਾਕਮ ਤੋਂ ਬਚਾਉਣ ਬਦਲੇ ਧੰਨਵਾਦ ਦੇ ਤੌਰ ‘ਤੇ ਭੇਂਟ ਕੀਤਾ ਸੀ।
ਅੱਜਕਲ੍ਹ ਇਹ ਹੀਰਾ ਲੰਡਨ ਟਾਵਰ ਦੇ ਜੂਅਲ ਘਰ (Jewel House) ਵਿੱਚ ਰੱਖਿਆ ਗਿਆ ਹੈ, ਜਿੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਲੋਕ ਏਸ ਨੂੰ ਵੇਖਣ ਆਉਂਦੇ ਹਨ।
ਪੰਜਾਬ ਰਾਜ ਦੇ ਭਾਰਤ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਭਾਰਤੀ ਸਰਕਾਰਾਂ ਦਾ ਪੰਜਾਬੀਆਂ ਦੇ ਸ਼ਾਨਾਮੱਤੇ ਇਤਿਹਾਸ ਪ੍ਰਤੀ ਵਤੀਰਾ ਹਮੇਸ਼ਾ ਤੰਗ ਸੋਚ ਵਾਲਾ ਰਿਹਾ ਹੈ।
ਅਪ੍ਰੈਲ 2016 ਵਿੱਚ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਬਰਤਾਨਵੀ ਹਕੂਮਤ ਨੇ ਕੋਹੀਨੂਰ ਨਾ ਹੀ ਧੱਕੇ ਨਾਲ ਲਿਐ ਅਤੇ ਨਾਂ ਹੀ ਚੋਰੀ ਕੀਤਾ ਹੈ, ਸਗੋਂ ਇਹ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੂੰ ਤੋਹਫੇ ਵਜੋਂ ਦੇ ਦਿੱਤਾ ਗਿਆ ਸੀ।
ਹੁਣ ਭਾਰਤੀ ਪੁਰਾਤਤਵ ਵਿਭਾਗ ਸਰਕਾਰ ਦੀ ਇਸ ਗੱਲ ਦਾ ਖੰਡਨ ਕਰਦਿਆਂ ਇਹ ਕਿਹੈ ਕਿ ਇਹ ਹੀਰਾ ਪੰਜਾਬ ਰਾਜ ਵਲੋਂ ਬਰਤਾਨਵੀ ਹਕੂਮਤ ਦੇ ਸਪੁਰਦ ਕੀਤਾ ਗਿਆ ਸੀ। ਇਸ ਜਵਾਬ ਵਿੱਚ ਉਹਨਾਂ ਲਾਹੌਰ ਸੰਧੀ ਦਾ ਕੁਝ ਹਿੱਸਾ ਵੀ ਨਾਲ ਜੋੜ ਕੇ ਭੇਜਿਆ ਕਿ “ਕੋਹੀਨੂਰ ਨਾਂ ਦਾ ਹੀਰਾ ਜਿਹੜਾਂ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਸ਼ਾਹ ਸ਼ੁਜਾ ਉਲ ਮਲਿਕ ਕੋਲੋਂ ਲਿਆ ਗਿਆ ਸੀ, ਲਾਹੌਰ ਦੇ ਮਹਾਰਾਜਾ ਵਲੋਂ ਇੰਗਲੈਂਡ ਦੀ ਮਹਾਰਾਣੀ ਦੇ ਸਪੁਰਦ ਕਰ ਦਿੱਤਾ ਜਾਵੇਗਾ।
ਵਿਭਾਗ ਵਲੋਂ ਭੇਜੇ ਗਏ ਜੁਆਬ ਵਿੱਚ ਸੰਧੀ ਦਾ ਕੁਝ ਇਹ ਹਿੱਸਾ ਚੇਪਿਆ ਗਿਆ ਹੈ।
, “The gem called Kohinoor which was taken from the Shah-Suja-Ul-Mulk by Maharaja Ranjeet Singh shall be surrendered by the Maharaja of Lahore to the Queen of England.”