ਪੰਚਕੁਲਾ: ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵਿਰੁੱਧ ਪੰਚਕੁਲਾ ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਦੋ ਕੇਸਾਂ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ। ਡੇਰਾ ਮੁਖੀ ਜੋ ਬਲਾਤਕਾਰ ਦੇ ਮਾਮਲੇ ਵਿੱਚ ਸੁਨਾਰੀਆ ਜ਼ੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਹੈ, ਨੇ ਸ਼ਨੀਵਾਰ (16 ਸਤੰਬਰ) ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ। ਪੰਚਕੁਲਾ ਸਥਿਤ ਸੀਬੀਆਈ ਅਦਾਲਤ ਵਿੱਚ ਡੇਰਾ ਮੁਖੀ ਰਾਮ ਰਹੀਮ ਵਿਰੁੱਧ ਚੱਲ ਰਹੇ ਅਖ਼ਬਾਰ ‘ਪੂਰਾ ਸੱਚ’ ਦੇ ਮਾਲਕ ਅਤੇ ਸੰਪਾਦਕ ਰਾਮਚੰਦਰ ਛਤਰਪਤੀ ਦੇ ਕਤਲ ਅਤੇ ਡੇਰਾ ਸਿਰਸਾ ਦੇ ਮੈਨੇਜਰ ਰਣਜੀਤ ਦੇ ਕਤਲ ਕੇਸ ਦੀ ਸ਼ਨੀਵਾਰ ਨੂੰ ਸੁਣਵਾਈ ਹੋਈ। ਛਤਰਪਤੀ ਨੇ ਡੇਰਾ ਮੁਖੀ ਵੱਲੋਂ ਬਲਾਤਕਾਰ ਦਾ ਸ਼ਿਕਾਰ ਬਣਾਈ ਲੜਕੀ ਦਾ ਪੱਤਰ ਆਪਣੇ ਅਖ਼ਬਾਰ ਵਿੱਚ ਸਭ ਤੋਂ ਪਹਿਲਾਂ ਛਾਪਿਆ ਸੀ।
ਦੋਵਾਂ ਕੇਸਾਂ ਵਿੱਚ ਹੀ ਡੇਰਾ ਮੁਖੀ ਮੁੱਖ ਮੁਲਜ਼ਮ ਹੈ। ਪੀੜਤ ਲੜਕੀ ਡੇਰੇ ਦੇ ਮੈਨੇਜਰ ਰਣਜੀਤ ਦੀ ਭੈਣ ਸੀ। ਰਣਜੀਤ ਆਪਣੀ ਭੈਣ ਨਾਲ ਵਾਪਰੇ ਇਸ ਕਾਰੇ ਤੋਂ ਨਾਰਾਜ਼ ਸੀ। ਰਣਜੀਤ ਦਾ ਜੁਲਾਈ 2002 ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਰਕਾਰੀ ਪੱਖ ਦੇ ਅਨੁਸਾਰ ਰਣਜੀਤ ਦਾ ਕਤਲ ਡੇਰਾ ਮੁਖੀ ਵਿਰੁੱਧ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਸਾਹਮਣੇ ਆਏ ਪੱਤਰ ਨੂੰ ਲੈ ਕੇ ਕੀਤਾ ਗਿਆ ਸੀ। ਉਦੋਂ ਖੱਟਾ ਸਿੰਘ ਨੇ ਗਵਾਹੀ ਦਿੱਤੀ ਸੀ ਕਿ ਡੇਰਾ ਮੁਖੀ ਨੇ ਰਣਜੀਤ ਦੇ ਕਤਲ ਲਈ ਕਿਸੇ ਨੂੰ ਕੋਈ ਹੁਕਮ ਨਹੀ ਦਿੱਤਾ ਸੀ ਅਤੇ ਉਸਦਾ ਰਣਜੀਤ ਦੇ ਕਤਲ ਵਿੱਚ ਵੀ ਕੋਈ ਹੱਥ ਨਹੀ ਸੀ। ਇਸ ਦੌਰਾਨ ਡੇਰਾ ਮੁਖੀ ਦੇ ਡਰਾਈਵਰ ਖੱਟਾ ਸਿੰਘ ਜੋ ਕਿ ਕੇਸ ਵਿੱਚ ਇੱਕ ਅਹਿਮ ਗਵਾਹ ਹੈ, ਵੱਲੋਂ ਅਦਾਲਤ ਵਿੱਚ ਦੁਬਾਰਾ ਗਵਾਹੀ ਦੇਣ ਲਈ ਅਰਜ਼ੀ ਦਿੱਤੀ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਖੱਟਾ ਸਿੰਘ ਦੇ ਵਕੀਲ ਨੇ ਦੱਸਿਆ ਕਿ ਖੱਟਾ ਸਿੰਘ ਨੇ ਸਾਲ 2007 ਵਿੱਚ ਸੀਬੀਆਈ ਅਦਾਲਤ ਵਿੱਚ ਸਾਧਣੀ ਬਲਾਤਕਾਰ ਮਾਮਲੇ ਸਹਿਤ ਡੇਰਾ ਮੈਨੇਜਰ ਰਣਜੀਤ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ਵਿੱਚ ਗਵਾਹੀ ਦਿੱਤੀ ਸੀ, ਪਰ 2012 ਵਿੱਚ ਡੇਰਾ ਮੁਖੀ ਅਤੇ ਉਸਦੇ ਗੁੰਡਿਆਂ ਦੇ ਡਰ ਤੋਂ ਉਹ ਆਪਣੀ ਗਵਾਹੀ ਤੋਂ ਮੁੱਕਰ ਗਿਆ ਸੀ। ਹੁਣ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿੱਚ ਸਜ਼ਾ ਹੋਣ ਤੋਂ ਬਾਅਦ ਉਨ੍ਹਾਂ ਨੇ ਖੱਟਾ ਸਿੰਘ ਵੱਲੋਂ ਦੁਬਾਰਾ ਗਵਾਹੀ ਕਰਵਾਏ ਜਾਣ ਦੀ ਅਰਜ਼ੀ ਲਗਾਈ ਹੈ, ਜਿਸਦੇ ਸਬੰਧ ਵਿੱਚ 22 ਸਤੰਬਰ ਨੂੰ ਸੁਣਵਾਈ ਹੋਵੇਗੀ। 22 ਸਤੰਬਰ ਨੂੰ ਹੋਣ ਵਾਲੀ ਸੁਣਵਾਈ ਵਿੱਚ ਦੋਨਾਂ ਪੱਖਾਂ ਵਿਚਕਾਰ ਇਸ ਬਾਰੇ ਬਹਿਸ ਹੋਵੇਗੀ ਕਿ ਖੱਟਾ ਸਿੰਘ ਦੀ ਦੁਬਾਰਾ ਗਵਾਹੀ ਕਰਵਾਈ ਜਾਵੇ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਅਦਾਲਤ ਕੋਲ ਅਧਿਕਾਰ ਹੁੰਦਾ ਹੈ ਕਿ ਉਹ ਕਿਸੇ ਵੀ ਗਵਾਹ ਜਾਂ ਮੁਜਰਮ ਨੂੰ ਦੁਬਾਰਾ ਗਵਾਹੀ ਲਈ ਅਦਾਲਤ ਬੁਲਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਡੇਰਾ ਪ੍ਰਬੰਧਕ ਰਣਜੀਤ ਕਤਲ ਮਾਮਲੇ ਵਿੱਚ ਅੰਤਿਮ ਬਹਿਸ ਸ਼ੁਰੂ ਹੋ ਗਈ ਹੈ। ਇਸ ਮਾਮਲੇ ਵਿੱਚ ਖੱਟਾ ਸਿੰਘ ਨੇ ਦੱਸਿਆ ਕਿ ਉਸਨੇ ਅਦਾਲਤ ਵਿੱਚ ਆਪਣੀ ਗਵਾਹੀ ਦੁਬਾਰਾ ਦੇਣ ਲਈ ਅਰਜ਼ੀ ਲਾਈ ਹੈ। ਖੱਟਾ ਸਿੰਘ ਨੇ ਦੱਸਿਆ ਕਿ ਜਦੋਂ ਡੇਰਾ ਮੁਖੀ ਰਾਮ ਰਹੀਮ ਆਜ਼ਾਦ ਸੀ ਤਾਂ ਉਸਨੂੰ ਅਤੇ ਉਸਦੇ ਪੁੱਤਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਵੀ ਉੱਥੇ ਹੈ। ਇਸ ਲਈ ਆਪਣੀ ਜਾਨ ਦੇ ਡਰ ਤੋਂ ਉਹ ਬਿਆਨਾਂ ਤੋਂ ਮੁੱਕਰ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਰਾਮ ਰਹੀਮ ਜੇਲ੍ਹ ਵਿੱਚ ਹੈ ਅਤੇ ਉਹ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ।
ਸਬੰਧਤ ਖ਼ਬਰ: ਪ੍ਰਨੀਤ ਕੌਰ, ਭਰਤਇੰਦਰ ਚਾਹਲ ਅਤੇ ਹਰਮਿੰਦਰ ਜੱਸੀ ਛਤਰਪਤੀ ਕਤਲ ਕੇਸ ਨੂੰ ਖ਼ਤਮ ਕਰਵਾਉਣ ਲਈ ਹੱਥ-ਪੈਰ ਮਾਰਦੇ ਰਹੇ: ਅੰਸ਼ੁਲ ਛਤਰਪਤੀ …
ਖੱਟਾ ਸਿੰਘ ਨੇ ਅਰਜ਼ੀ ਆਪਣੇ ਵਕੀਲ ਨਵਕਿਰਨ ਸਿੰਘ ਰਾਹੀਂ ਦਾਇਰ ਕੀਤੀ। ਇਸ ਦੌਰਾਨ ਸੀਬੀਆਈ ਦੇ ਵਕੀਲ ਐਚਪੀਐੱਸ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਅਦਾਲਤ ਨੂੰ ਦੋਵਾਂ ਕੇਸਾਂ ਦੀ ਸੁਣਵਾਈ ਵੱਖਰੇ-ਵੱਖਰੇ ਤੌਰ ਉੱਤੇ ਕਰਨ ਦੀ ਅਪੀਲ ਕੀਤੀ ਹੈ। ਜੱਜ ਜਗਦੀਪ ਸਿੰਘ ਨੇ ਦੋਵਾਂ ਕੇਸਾਂ ਨੂੰ ਵੱਖਰੇ- ਵੱਖਰੇ ਤੌਰ ਉੱਤੇ ਸੁਣਨ ਲਈ ਅਪੀਲ ਨੂੰ ਸਵੀਕਾਰ ਕਰ ਲਿਆ ਹੈ। ਰਣਜੀਤ ਸਿੰਘ ਕੇਸ ਦੀ ਸੁਣਵਾਈ 18 ਸਤੰਬਰ ਤੋਂ ਰੋਜ਼ਾਨਾ ਹੋਵੇਗੀ ਅਤੇ ਰਾਮਚੰਦਰ ਛਤਰਪਤੀ ਕੇਸ ਦੀ ਸੁਣਵਾਈ 22 ਸਤੰਬਰ ਨੂੰ ਹੋਵੇਗੀ।