ਤਲਵੰਡੀ ਸਾਬੋ: ਖਾਲਸਾ ਸਿਰਜਣਾ ਦਿਹਾੜੇ ਦੇ ਜੋੜ-ਮੇਲੇ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦੇਸ਼-ਵਿਦੇਸ਼ ਤੋਂ ਸੰਗਤ ਦਾ ਆਗਮਨ ਸ਼ੁਰੂ ਹੋ ਗਿਆ ਹੈ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਤਰਾਂ ਅਨੁਸਾਰ ਅੱਜ ਦੁਪਹਿਰ ਤੱਕ 2 ਲੱਖ ਤੋਂ ਵੱਧ ਸ਼ਰਧਾਲੂ ਤਲਵੰਡੀ ਸਾਬੋ ਪਹੁੰਚ ਚੁੱਕੇ ਹਨ । ਅੱਜ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਪਵਿੱਤਰ ਸਰੋਵਰਾਂ ‘ਚ ਇਸ਼ਨਾਨ ਕੀਤਾ ਤੇ ਤਖਤ ਸਾਹਿਬ ਵਿਖੇ ਨਤਮਸਤਕ ਹੋਏ ।
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਕ ਸਾਲ ਤੋਂ ਘੱਟ ਸਮਾਂ ਰਹਿਣ ਕਰਕੇ ਰਾਜਸੀ ਪਾਰਟੀਆਂ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਉਤਸਵ ਮੌਕੇ ਰਾਜਸੀ ਰੰਗਤ ਦੇਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ ।ਸੱਤਾਧਾਰੀ ਅਕਾਲੀ ਦਲ ਨੂੰ ਮੌੜ ਮੰਡੀ ਬਾਈਪਾਸ ਨੇੜੇ ਅਨਾਜ ਮੰਡੀ ਵਿਖੇ ਤਕਰੀਬਨ 10 ਏਕੜ ਜ਼ਮੀਨ ਪੰਡਾਲ ਲਾਇਆ ਗਿਆ ਹੈ ।ਇਸ ਦੇ ਨਾਲ ਹੀ 20-25 ਏਕੜ ਵਿਚ ਮੋਟਰ ਵਾਹਨ ਖੜੇ੍ਹ ਕਰਨ ਲਈ ਪਾਰਕਿੰਗ ਦਾ ਪ੍ਰਬੰਧ ਕੀਤਾ ਹੈ ।ਅਕਾਲੀ ਦਲ ਦੇ ਸੂਤਰਾਂ ਅਨੁਸਾਰ ਇਸ ਰਾਜਸੀ ਰੈਲੀ ‘ਚ ਤਿੰਨ ਲੱਖ ਦੇ ਕਰੀਬ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ ।
ਦੂਜੇ ਪਾਸੇ ਕਾਂਗਰਸੀ ਆਗੂ ਵੀ ਆਪਣੀ ਰੈਲੀ ਨੰੂ ਸਫਲ ਕਰਨ ਲਈ ਪੱਬਾਂਭਾਰ ਹਨ ।ਉਨ੍ਹਾਂ ਵੱਲੋਂ ਕਾਂਗਰਸ ਦੀ ਰੈਲੀ ਵਿਚ ਲੱਖਾਂ ਲੋਕਾਂ ਦੇ ਪਹੰੁਚਣ ਦੇ ਦਾਅਵੇ ਕੀਤੇ ਜਾ ਰਹੇ ਹਨ ।ਕਾਂਗਰਸ ਦੀ ਰੈਲੀ ਦੇ ਪ੍ਰਬੰਧਾਂ ਦੇ ਇੰਚਾਰਜ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਸਰਬਹਿੰਦ ਕਾਂਗਰਸ ਦੇ ਜਰਨਲ ਸਕੱਤਰ ਸ੍ਰੀ ਸ਼ਕੀਲ ਅਹਿਮਦ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਰੈਲੀ ਦੇ ਮੁੱਖ ਬੁਲਾਰੇ ਹੋਣਗੇ ।ਉਨ੍ਹਾਂ ਵੱਲੋਂ ਇਸ ਮੌਕੇ ਕੋਈ ਅਹਿਮ ਖੁਲਾਸੇ ਕੀਤੇ ਜਾਣਗੇ ।
ਪੰਜਾਬ ਵਿਚ ਤੀਜੀ ਰਾਜਸੀ ਧਿਰ ਵਜੋਂ ਉਭਰ ਰਹੀ ਆਮ ਆਦਮੀ ਪਾਰਟੀ ਵੀ ਤਲਵੰਡੀ ਸਾਬੋ ਵਿਸਾਖੀ ਮੇਲੇ ਵਿਚ ਆਪਣੀ ਰਾਜਸੀ ਕਾਨਫਰੰਸ ਵਿਚ ਭੀੜ ਜੁਟਾਉਣ ਲਈ ਪੂਰੀ ਤਿਆਰੀ ਵਿਚ ਹੈ ।ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਪਾਰਟੀ ਮੁਖੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਰੈਲੀ ਨੰੂ ਸੰਬੋਧਨ ਕਰਨਗੇ ਪਰ ਸੂਚਨਾ ਅਨੁਸਾਰ ਉਨ੍ਹਾਂ ਦੇ ਪਹੁੰਚਣ ਦੀ ਸੰਭਾਵਨਾ ਨਹੀਂ ਹੈ ।ਇਸ ਰੈਲੀ ਨੰੂ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਮੈਂਬਰ ਪਾਰਲੀਮੈਂਟ ਭਗਵੰਤ ਮਾਨ ਆਦਿ ਸੰਬੋਧਨ ਕਰਨਗੇ ।
ਚੌਥੀ ਮਹੱਤਵਪੂਰਨ ਕਾਨਫਰੰਸ ਸ੍ਰੋਮਣੀ ਅਕਾਲੀ ਦਲ ਅੰਮਿ੍ਤਸਰ ਸਮੇਤ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਨਾਲ ਜੁੜੀਆਂ ਪੰਥਕ ਧਿਰਾਂ ਵੱਲੋਂ ਕੀਤੀ ਜਾ ਰਹੀ ਹੈ, ਜਿਸ ਵਿਚ ਸਿੱਖ ਸੰਤ ਸਮਾਜ ਨਾਲ ਸਬੰਧਿਤ ਧਾਰਮਿਕ ਸਖਸ਼ੀਅਤਾਂ ਦੇ ਪਹੰੁਚਣ ਦੀ ਉਮੀਦ ਹੈ ।