ਲੰਡਨ (7 ਦਸੰਬਰ 2009): ਯੂਨਾਈਟਿਡ ਖਾਲਸਾ ਦਲ (ਯੂ. ਕੇ) ਵਲੋਂ ਲੁਧਿਆਣਾ ਵਿੱਚ ਵਾਪਰੇ ਦੁੱਖਦਾਇਕ ਕਾਂਡ ਵਿੱਚ ਸ਼ਹੀਦ ਹੋਏ ਸਿੰਘ ਨੂੰ ਸ਼ਰਧਾਜਲੀ ਭੇਂਟ ਕਰਦਿਆਂ ਜਖਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਗਈ ਅਤੇ ਇਸ ਦੀ ਤੁਲਨਾ 1978 ਵਿੱਚ ਵਾਪਰੇ ਨਿਰੰਕਾਰੀ ਕਾਂਡ ਨਾਲ ਕੀਤੀ ਗਈ। ਦਲ ਦੇ ਪ੍ਰਧਾਨ ਸ੍ਰ. ਨਿਰਮਲ ਸਿੰਘ ਸੰਧੂ, ਜਰਨਲ ਸਕੱਤਰ ਸ੍ਰ. ਲਵਸਿ਼ੰਦਰ ਸਿੰਘ ਡੱਲੇਵਾਲ, ਸ੍ਰ. ਵਰਿੰਦਰ ਸਿੰਘ ਬਿੱਟੂ, ਸ੍ਰ. ਜਤਿੰਦਰ ਸਿੰਘ ਅਠਵਾਲ, ਸ੍ਰ. ਬਲਵਿੰਦਰ ਸਿੰਘ ਢਿੱਲੋਂ ਅਤੇ ਸ੍ਰ. ਮਹਿੰਦਰ ਸਿੰਘ ਸਾਊਥਾਲ ਨੇ ਪੀੜ੍ਹਤ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਦੀ ਕਾਂਡ ਦੀ ਸਖਤ ਨਿਖੇਧੀ ਕੀਤੀ ਹੈ। ਇੱਕ ਦਿਨ ਪਹਿਲਾਂ ਦੋ ਦਰਜਨ ਵਾਹਨਾਂ ਨੂੰ ਅੱਗਾਂ ਲਗਾਉਣ ਵਾਲੇ ਪ੍ਰਵਾਸੀ ਮਜਦੂਰਾਂ ਤੇ ਬਾਦਲ ਸਰਕਾਰ ਦੀ ਪੁਲੀਸ ਨੇ ਗੋਲੀ ਨਹੀਂ ਚਲਾਈ ਪਰ ਸਿੱਖਾਂ ਤੇ ਬਿਨਾਂ ਚਿਤਾਵਨੀ ਗੋਲੀਆਂ ਚਲਾ ਕੇ ਆਸ਼ੂਤੋਸ਼ ਅਤੇ ਹਿੰਦੂਤਵੀ ਸੋਚ ਨਾਲ ਯਾਰੀ ਪਾਲੀ ਹੈ। ਦਲ ਵਲੋਂ ਮੰਗ ਕੀਤੀ ਗਈ ਕਿ ਸਿੱਖਾਂ ਤੇ ਗੋਲੀ ਚਲਾਉਣ ਵਾਲੇ ਪੁਲੀਸ ਅਧਿਕਾਰੀਆਂ ਅਤੇ ਸਥਾਨਕ ਵਿਧਾਇਕ ਹਰੀਸ਼ ਬੇਦੀ ਨੂੰ ਉਸ ਦੇ ਲੜਕੇ ਸਣੇ ਧਾਰਾ 302 ਅਧੀਨ ਗ੍ਰਿਫਤਾਰ ਕੀਤਾ ਜਾਵੇ।