ਸਿੱਖ ਖਬਰਾਂ

ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਪ੍ਰਧਾਨ ਦੇ ਸਕਦਾ ਹੈ ਅਸਤੀਫਾ; ਵਿਰੋਧੀ ਧਿਰਾਂ ਨੇ ਬਾਦਲ ਸਰਕਾਰ ਉੱਤੇ ਮਿੱਥ-ਮਿੱਥ ਕੇ ਨਿਸ਼ਾਨੇ ਲਾਏ

By ਬਲਜੀਤ ਸਿੰਘ

April 26, 2011

ਅੰਮ੍ਰਿਤਸਰ, (25 ਅਪ੍ਰੈਲ, 2011): ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਵਲੋਂ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਬਣਾਕੇ ਖਾਲਸਾ ਯੂਨੀਵਰਸਿਟੀ ਪ੍ਰਾਈਵੇਟ ਬਣਾਉਣ ਦੀ ਵਿਉਂਤ ਦਾ ਲੋਕਾਂ ਵਲੋਂ ਖੁੱਲ ਕੇ ਵਿਰੋਧ ਕਰਨ ਕਾਰਣ ਉਨ੍ਹਾਂ ਨੂੰ ਕਾਫੀ ਠੇਸ ਪੁੱਜੀ ਹੈ। ਉਨ੍ਹਾਂਤੇ ਪ੍ਰੋਫੈਸਰ ਤੇ ਆਗੂਆਂ ਨੇ ਕਈ ਤਰਾਂ ਦੇ ਦੋਸ਼ ਲਾਏ ਹਨ, ਜਿਸ ਕਰਕੇ ਮਜੀਠੀਆ ਅਸਤੀਫਾ ਦੇਣ ਲਈ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਚਾਂਸਲਰ ਰਾਜ ਮਹਿੰਦਰ ਸਿੰਘ ਮਜੀਠਾ ਨੇ ਇੱਕ ਪੱਤਰ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਲਿਖਿਆ ਹੈ। ਉਸ ਪੱਤਰ ‘ਚ ਚਾਂਸਲਰ ਨੇ ਤਿੰਨ ਸਵਾਲਾਂ ਦੇ ਜਵਾਬ ਲਿਖਤੀ ਮੰਗੇ ਹਨ। ਚਾਂਸਲਰ ਨੇ ਕਿਹਾ ਕਿ ਖਾਲਸਾ ਕਾਲਜ ਦਾ ਸਟਾਫ ਸੜਕਾਂ ਤੇ ਆ ਚੁੱਕਾ ਹੈ। ਕਾਲਜ ਦੇ 119 ਸਾਲਾ ਸਨਮਾਨ ਨੂੰ ਭਾਰੀ ਸੱਟ ਵੱਜੀ ਹੈ। ਉਨ੍ਹਾਂਨੂੰ ਪਿਆਰ, ਸਤਿਕਾਰ ਦੇਣ ਦੀ ਥਾਂ ਲਿਖਤਾਂ ਨਾਲ ਜ਼ਲੀਲ ਕੀਤਾ ਜਾ ਰਿਹਾ ਹੈ। ਚਾਂਸਲਰ ਨੇ ਪੱਤਰ ਦੇ ਅਖੀਰ ‘ਚ ਲਿਖਿਆ ਹੈ ਕਿ ਇਸ ਪੱਤਰ ਨੂੰ ਸਿਆਸੀ ਰੰਗਤ ਵਜੋਂ ਨਾ ਵਿਚਾਰਿਆ ਜਾਵੇ ਕਿਉਂਕਿ ਮੈਂ ਆਪਣੇ ਅਹੁਦੇ ਦੀ ਨੈਤਿਕ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆ ਪੁੱਛ ਰਿਹਾ ਹਾਂ।

ਰਜਿੰਦਰ ਮੋਹਨ ਸਿੰਘ ਛੀਨਾ ਨੂੰ ਆਰ.ਐਸ.ਐਸ ਦਾ ਏਜੰਟ ਕਹਿੰਦਿਆਂ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਹੈ ਕਿ ਛੀਨਾ ਅਤੇ ਉਸ ਦੀ ਪਾਰਟੀ ਹਮੇਸ਼ਾ ਹੀ ਸਿੱਖਾਂ ਦੀ ਵਿਰੋਧੀ ਰਹੀ ਹੈ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਬਣਨ ਵਾਲੀ ਯੂਨੀਵਰਸਿਟੀ ਦਾ ਵੀ ਡੱਟ ਕੇ ਵਿਰੋਧ ਕੀਤਾ ਸੀ ਜਦੋਂ ਕਿ ਪੰਜਾਬ ਦੀ ਪੰਥਕ ਅਖਵਾਉਂਦੀ ਸਰਕਾਰ ਨੇ ਉਨ੍ਹਾਂ ਲੋਕਾਂ ਨਾਲ ਹੀ ਜੋਟੀ ਪਾਈ ਹੋਈ ਹੈ। ਉਨ੍ਹਾ ਖ਼ਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ‘ਤੇ ਕਬਜ਼ਾ ਜਮਾਈ ਬੈਠੇ ਸਤਿਆਜੀਤ ਸਿੰਘ ਮਜੀਠੀਆ ‘ਤੇ ਵਰ੍ਹਦਿਆਂ ਕਿਹਾ ਕਿ ਉਸ ਦਾ ਮਜੀਠਾ ਹਾਊਸ ਵੀ ਖ਼ਾਲਸਾ ਕਾਲਜ ਦੇ ਭੱਠੇ ਦੀਆਂ ਇੱਟਾਂ ਨਾਲ ਤਿਆਰ ਹੋਇਆ ਸੀ ਪਰ ਅਜੇ ਤਕ ਵੀ ਮਜੀਠੀਆ ਪਰਵਾਰ ਖ਼ਾਲਸਾ ਕਾਲਜ ਨੂੰ ਲੁੱਟ-ਲੁੱਟ ਕੇ ਖਾ ਰਿਹਾ ਹੈ ਅਤੇ ਹੁਣ ਇਸ ਨੂੰ ਪੂਰੀ ਤਰ੍ਹਾਂ ਨਿਗਲਣ ਲਈ ਤਰਲੋਮੱਛੀ ਹੋ ਰਿਹਾ ਹੈ। ਇਹ ਵਿਚਾਰ ਉਨ੍ਹਾਂ ਖ਼ਾਲਸਾ ਕਾਲਜ ਐਕਸ਼ਨ ਕਮੇਟੀ ਵਲੋਂ ਕਰਵਾਈ ਗਈ ਕਾਲਜ ਬਚਾਉ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਖ਼ਾਲਸਾ ਕਾਲਜ ਦੇ ਪ੍ਰੇਮੀਆਂ ਨੂੰ ਜਾਗ੍ਰਿਤ ਕਰਦਿਆਂ ਕਿਹਾ ਕਿ ਖ਼ਾਲਸਾ ਕਾਲਜ ਨੂੰ ਨਿਜੀ ਯੂਨੀਵਰਸਿਟੀ ‘ਚ ਤਬਦੀਲ ਕਰਨ ਸਬੰਧੀ ਬਿੱਲ ਪੰਜਾਬ ਦੀ ਅਸੰਬਲੀ ਵਿਚ ਤਿਆਰ ਪਿਆ ਹੈ ਜਿਸ ਨੂੰ ਕਿਸੇ ਵੇਲੇ ਵੀ ਬਾਦਲ ਸਰਕਾਰ ਵਲੋਂ ਅਪਣੀ ਮਰਜ਼ੀ ਨਾਲ ਪਾਸ ਕੀਤਾ ਜਾ ਸਕਦਾ ਹੈ। ਉਨ੍ਹਾਂ ਗੁੱਝਾ ਭੇਦ ਖੋਲ੍ਹਦਿਆਂ ਕਿਹਾ ਕਿ ਪੰਜਾਬ ਦੀ ਪਹਿਲੀ ਨਿਜੀ ਯੂਨੀਵਰਸਿਟੀ ‘ਲਵਲੀ’ ਨੂੰ ਬਣਉਣ ਸਮੇਂ ਉਸ ਸਮੇਂ ਦੀ ਮੌਜੂਦਾ ਅਕਾਲੀ ਸਰਕਾਰ ਤੇ ਵਿਰੋਧੀ ਧਿਰ ਕਾਂਗਰਸ ਵਲੋਂ ਵੀ ‘ਲਵਲੀ’ ਯੂਨੀਵਰਸਿਟੀ ਨੂੰ ਦਿਤੀ ਗਈ ਹਮਾਇਤ ਦਾ ਉਨ੍ਹਾਂ ਵਿਰੋਧ ਕੀਤਾ ਸੀ। ਉਨ੍ਹਾਂ ਬਾਦਲ ਸਰਕਾਰ ‘ਤੇ ਤਿੱਖਾ ਵਿਅੰਗ ਕਸਦਿਆਂ ਕਿਹਾ ਕਿ ਜਿਹੜੀ ਸਰਕਾਰ ਨੂੰ ਇਕ ਹਲਵਾਈ ਖ਼ਰੀਦ ਸਕਦਾ ਹੈ ਉਸ ‘ਤੇ ਬਹੁਤਾ ਯਕੀਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦੇਂਦਿਆਂ ਕਿਹਾ ਕਿ ਜੇ ਉਸ ਨੇ ਅਪਣੇ ਪੁੱਤਰ ਦੇ ਸੁਹਰਿਆਂ ਨੂੰ ਖ਼ੁਸ਼ ਹੀ ਕਰਨਾ ਹੈ ਤਾਂ ਖ਼ਾਲਸਾ ਕਾਲਜ ਨੂੰ ਤੋੜਨ ਦੀ ਬਜਾਏ ਇਕ ਅਪਣੇ ਪੱਲਿਉਂ ਪੈਸੇ ਖ਼ਰਚ ਕੇ ‘ਕੁੜਮ-ਕੁੜਮਣੀ’ ਯੂਨੀਵਰਸਿਟੀ ਬਣਾਉਣ ਜਿਸ ਨਾਲ ਉਸ ਦੇ ਬਾਕੀ ‘ਕੁੜਮ’ ਵੀ ਖ਼ੁਸ਼ ਹੋ ਜਾਣਗੇ।

ਸਾਬਕਾ ਆਈ.ਏ.ਐਸ ਅਧਿਕਾਰੀ ਗੁਰਦੇਵ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਨੂੰ ਉਸ ਸਮੇਂ ਦੇ ਵਿਸ਼ਵ ਪ੍ਰਸਿਧ ਆਰਕੀਟੈਕਟ ਭਾਈ ਰਾਮ ਸਿੰਘ ਨੇ ਤਿਆਰ ਕੀਤਾ ਸੀ ਜਿਸ ‘ਚ ਸਿੱਖ ਕੌਮ ਦੇ ਜਜ਼ਬਾਤ ਅਤੇ ਆਮ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਲੱਗੀ ਹੈ। ਉਨ੍ਹਾਂ ਕਿਹਾ ਕਿ ਪੰਥਕ ਅਖਵਾਉਂਦੇ ਬਾਦਲ ਦਲੀਆਂ ਨੇ ਪਹਿਲਾਂ ਹੀ ਸਿੱਖ ਕੌਮ ਤੇ ਧਰਮ ਨਾਲ ਸਬੰਧਤ ਕਈ ਯਾਦਗਾਰਾਂ ਨੂੰ ਖ਼ਤਮ ਕਰਵਾ ਦਿਤਾ ਹੈ ਜਦੋਂ ਕਿ ਹੁਣ ਸਿੱਖਾਂ ਕੋਲ ਬਚੀ ਇਕੋ-ਇਕ ਵਿਰਾਸਤ ਖ਼ਾਲਸਾ ਕਾਲਜ ਵਲ ਮੈਲੀ ਅੱਖ ਕਰ ਲਈ ਹੈ।

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਸਰਕਾਰ ਪੰਜਾਬੀਆਂ ਨੂੰ ਮੁਢਲੀਆਂ ਸਹੂਲਤਾਂ ਦੇਣ ਤੋਂ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ ਤੇ ਹੁਣ ਪਹਿਲਾਂ ਤੋਂ ਚਲ ਰਹੇ ਸਿਖਿਆ ਕੇਂਦਰ ਵੀ ਲੋਕਾਂ ਤੋਂ ਖੋਹ ਕੇ ਉਨ੍ਹਾਂ ਨੂੰ ਸਿਖਿਆ ਤੋਂ ਵਾਂਝੇ ਕਰ ਰਹੀ ਹੈ।

ਇਸ ਦੌਰਾਨ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਆਗੂ ਸੁਖਦੇਵ ਸਿੰਘ ਚਾਹਲ ਨੇ ਕਿਹਾ ਕਿ ਖ਼ਾਲਸਾ ਕਾਲਜ ਸਿੱਖਾਂ ਦੇ ਜਜ਼ਬਾਤ ਨਾਲ ਜੁੜਿਆ ਹੋਇਆ ਹੈ ਇਸ ਕਰ ਕੇ ਇਸ ਨੂੰ ਬਚਾਉਣ ਲਈ ਸਿੱਖ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਨ।

ਇਸ ਸਮੇਂ ਖ਼ਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਮਹਿੰਦਰ ਸਿੰਘ ਨੇ ਕਿਹਾ ਕਿ ਇਹ ਉਸ ਵੇਲੇ ਹੋਂਦ ਵਿਚ ਆਇਆ ਜਦੋਂ ਦੂਜੇ ਧਰਮਾਂ ਦੇ ਮੁਕਾਬਲੇ ਸਿੱਖਾਂ ਕੋਲ ਅਪਣਾ ਕੋਈ ਵੀ ਵਿਦਿਅਕ ਅਦਾਰਾ ਨਹੀਂ ਸੀ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਬਣੀ ਯੂਨੀਵਰਸਿਟੀ ਨਾਲੋਂ ਨਾਤਾ ਤੋੜ ਕੇ ਉਸ ਬਰਾਬਰ ਨਿਜੀ ਯੂਨੀਵਰਸਿਟੀ ਬਣਾਉਣਾ ਵੀ ਮਾੜੀ ਗੱਲ ਹੈ।

ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਕਾਂਗਰਸੀ ਵਿਧਾਇਕ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਣ ਵਾਲੀ ਹੈ ਇਸ ਕਰ ਕੇ ਜੇਕਰ ਖ਼ਾਲਸਾ ਕਾਲਜ ਨੂੰ ਬਾਦਲ ਸਰਕਾਰ ਨੇ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਜਵਾਬ ਕਾਂਗਰਸ ਸਰਕਾਰ ਸਮੇਂ ਦਿਤਾ ਜਾਵੇਗਾ।

ਇਸ ਸਮੇਂ ਰਘਬੀਰ ਸਿੰਘ ਰਾਜਾਸਾਂਸੀ, ਦਲਜੀਤ ਸਿੰਘ ਸੰਧੂ, ਬਾਉ ਰਾਮ ਪਾਲ, ਬਲਦੇਵ ਸਿੰਘ ਸਿਰਸਾ (ਸ਼੍ਰੋਮਣੀ ਅਕਾਲੀ ਦਲ – ਪੰਚ ਪ੍ਰਧਾਨੀ) ਮਨਜੀਤ ਸਿੰਘ ਕੱਲਕਤਾ, ਬੀਬੀ ਪਰਮਜੀਤ ਕੌਰ ਖਾਲੜਾ, ਭਾਈ ਮੋਹਕਮ ਸਿੰਘ, ਫ਼ੈਡਰੇਸ਼ਨ ਆਗੂ ਪੀਰ ਮੁਹੰਮਦ, ਹਰਮਿੰਦਰ ਸਿੰਘ ਗਿੱਲ, ਜਸਬੀਰ ਸਿੰਘ ਘੁੰਮਣ, ਧਨਵੰਤ ਸਿੰਘ, ਭਾਈ ਰਾਮ ਸਿੰਘ, ਸਵਿੰਦਰ ਸਿੰਘ ਕੋਟ ਖ਼ਾਲਸਾ, ਧੰਨਜੀਤ ਸਿੰਘ ਰਾਜਾਜੰਗ, ਅਧਿਆਪਕ ਆਗੂ ਪ੍ਰੋ. ਐਸ.ਐਸ.ਵਾਲੀਆ, ਬਲਕਾਰ ਵਲਟੋਹਾ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: