ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵੱਲੋਂ ਜਾਰੀ ਇਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਡੀ.ਐਸ.ਪੀ. ਦੀ ਨੌਕਰੀ ਗੈਰ-ਕਾਨੂੰਨੀ ਤੇ ਗੈਰ-ਇਖਲਾਕੀ ਤੌਰ ਤੇ ਦੇਣ ਦਾ ਪਿਛਲੇ ਦਿਨੀ ਫੈਂਸਲਾ ਕੀਤਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਬੇਅੰਤ ਸਿੰਘ ਉਹ ਮੁੱਖ ਮੰਤਰੀ ਸੀ ਜੋ ਕਿ ਨਾਮਾਤਰ ਨਾਲ ਮੁੱਖ ਮੰਤਰੀ ਬਣਿਆ ਸੀ ਤੇ ਜਿਸ ਦੇ ਰਾਜ ਵੇਲੇ ਸਾਬਕਾ ਡੀ.ਜੀ.ਪੀ. ਗਿੱਲ ਨੇ ਹਜਾਰਾਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ ਅਤੇ ਉਨ੍ਹਾਂ ਦੀਆਂ ਲਾਸ਼ਾਂ ਲਵਾਰਿਸ ਕਰਾਰ ਦੇ ਕੇ ਸ਼ਮਸ਼ਾਨ ਘਾਟਾਂ ਵਿੱਚ ਸਾੜ ਦਿੱਤੀਆਂ ਗਈਆਂ ਜਾਂ ਦਰਿਆਵਾ ਨਹਿਰਾਂ ਵਿੱਚ ਰੋੜ ਦਿੱਤੀਆ ਗਈਆਂ।
ਖਾਲੜਾ ਮਿਸ਼ਨ ਆਗਗੇਨਾਈਜ਼ੇਸ਼ਨ ਨੇ ਅੱਗੇ ਕਿਹਾ ਹੈ ਕਿ ਸੀ.ਬੀ.ਆਈ. ਨੇ ਅੰਮ੍ਰਿਤਸਰ ਜਿਲ੍ਹੇ ਦੀਆਂ 3 ਸ਼ਮਸ਼ਾਨਘਾਟਾਂ ਵਿੱਚ 2097 ਲਾਸ਼ਾਂ ਲਵਾਰਿਸ ਕਰਾਰ ਦੇ ਕੇ ਸਾੜ ਜਾਣ ਦੀ ਪੁਸ਼ਟੀ ਕੀਤੀ ਸੀ ਭਾਂਵੇ ਕਿ ਬਾਦਲ-ਭਾਜਪਾ ਸਰਕਾਰ ਅਤੇ ਕਾਂਗਰਸ ਸਰਕਾਰ ਨੇ ਝੂਠੇ ਮੁਕਾਬਲਿਆਂ ਰਾਂਹੀ ਹੋਈ ਨਸਲਕੁਸ਼ੀ ਦੀ ਪੜਤਾਲ ਪੰਜਾਬ ਪੱਧਰ ਤੇ ਪਰ ਸਮੇਂ-ਸਮੇਂ ਤੇ ਕੁਫਰ ਦਾ ਭਾਂਡਾ ਚੋਰਾਹੇ ਵਿੱਚ ਭੱਜਦਾ ਰਹਿੰਦਾ ਹੈ ਹੁਣੇ-ਹੁਣੇ ਮੁੱਖ ਮੰਤਰੀ ਵੱਲੋਂ ਲਿਖੀ ਕਿਤਾਬ “ਦੀ ਪੀਪਲਜ ਮਹਾਰਾਜਾ” ਵਿੱਚ ਉਨ੍ਹਾਂ ਖੁਦ 21 ਸਿੱਖ ਨੋਜਵਾਨਾਂ ਨੂੰ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ ਪੇਸ਼ ਕਰਾਉਣ ਦੀ ਗੱਲ ਮੰਨੀ ਹੈ ਜਿੰਨ੍ਹਾਂ ਨੂੰ ਦਸੰਬਰ 1992 ਵਿੱਚ ਬੇਅੰਤ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਸਮੇਂ ਹੀ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। 27 ਦਸੰਬਰ 1992 ਨੂੰ ਇੰਨ੍ਹਾਂ ਵਿੱਚੋਂ ਅਨੋਖ ਸਿੰਘ ਉੱਬੋਕੇ ਦਾ ਝੂਠਾ ਮੁਕਾਬਲਾ ਬਣਾਇਆ ਗਿਆ ਸੀ।
ਖਾਲੜਾ ਮਿਸ਼ਨ ਆਗਗੇਨਾਈਜ਼ੇਸ਼ਨ ਦੇ ਆਗੂਆਂ ਬੀਬੀ ਪਰਮਜੀਤ ਕੌਰ ਖਾਲੜਾ, ਕ੍ਰਿਪਾਲ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਸਤਵਿੰਦਰ ਸਿੰਘ ਪਲਾਸੌਰ ਅਤੇ ਪ੍ਰਵੀਨ ਕੁਮਾਰ ਨੇ ਕਿਹਾ ਕਿ ਬੇਅੰਤ ਸਿੰਘ ਅਤੇ ਸਾਬਕਾ ਡੀ.ਜੀ.ਪੀ. ਗਿੱਲ ਦੀ ਜੋੜੀ ਸਮੇਂ ਇੱਕ ਐਸ.ਐਸ.ਪੀ. ਮੁਤਾਬਿਕ ਹਰ ਹਫਤੇ 300-400 ਸਿੱਖ ਗਿੱਲ ਦੀਆਂ ਮੀਟਿੰਗਾਂ ਤੋਂ ਪਹਿਲਾ ਮਾਰੇ ਜਾਂਦੇ ਸਨ। ਖਬਰਾਂ ਮੁਤਾਬਿਕ ਇੱਕ ਸਮੇਂ ਬੇਅੰਤ ਸਿੰਘ ਨੇ ਰਾਜੇਸ਼ ਪਾਈਲਟ ਨੂੰ ਗਿੱਲ ਨੂੰ ਵਾਪਸ ਬੁਲਾਉਣ ਬਾਰੇ ਚਿੱਠੀ ਲਿਖੀ ਸੀ। ਭਾਈ ਜਸਵੰਤ ਸਿੰਘ ਖਾਲੜਾ ਨੂੰ ਬੇਅੰਤ-ਗਿੱਲ ਦੇ ਜਾਬਰ ਰਾਜ ਨੂੰ ਨੰਗਿਆ ਕਰਨ ਬਦਲੇ ਸ਼ਹੀਦੀ ਪਾਉਣੀ ਪਈ।
ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਨੂੰ ਆਪਣੇ ਕੀਤੇ ਦਾ ਫੱਲ ਭੁਗਤਣਾ ਪਿਆ। ਜਦੋਂ ਭਾਈ ਦਿਲਾਵਰ ਸਿੰਘ ਅਤੇ ਉਨ੍ਹਾਂ ਦੇ ਸਾਥੀਆ ਨੇ ਇਸ ਦੁਨੀਆ ਤੋਂ ਚੱਲਦਾ ਕਰ ਦਿੱਤਾ। ਭਾਈ ਦਿਲਾਵਰ ਸਿੰਘ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਕੋਮੀ ਸ਼ਹੀਦ ਦਾ ਦਰਜਾ ਮਿਲਿਆ ਹੈ। ਕੈਪਟਨ ਸਰਕਾਰ ਨੇ ਬੇਅੰਤ ਸਿੰਘ ਦੇ ਪੋਤਰੇ ਨੂੰ ਨੋਕਰੀ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਂਸਲੇ ਦਾ ਨਿਰਾਦਰ ਹੀ ਨਹੀ ਕੀਤਾ ਸਗੋਂ ਬੇਅੰਤ ਸਿੰਘ ਦੇ ਗੈਰ-ਕਾਨੂੰਨੀ ਅਤੇ ਜੰਗਲ ਰਾਜ ਨੂੰ ਜਾਇਜ ਠਹਿਰਾਇਆ ਹੈ। ਬੇਅੰਤ ਸਿੰਘ ਦਾ ਪਰਿਵਾਰ ਐਮ.ਪੀ., ਐਮ.ਐਲ.ਏ., ਮੰਤਰੀਆਂ ਤੇ ਹੋਰ ਅਹੁਦਿਆ ਦਾ ਆਨੰਦ ਮਾਣ ਚੁੱਕਾ ਹੈ ਅਤੇ ਮਾਣ ਰਿਹਾ ਹੈ।
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਨੁਸਾਰ ਮੰਤਰੀ ਮੰਡਲ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਹੈ। 8 ਜੂਨ 1992 ਨੂੰ ਬਹਿਲਾਂ ਵਿਖੇ ਮਨੁੱਖੀ ਸ਼ੀਲਡ ਬਣਾ ਕੇ 6 ਨਿਰਦੋਸ਼ਾਂ ਦਾ ਕਤਲ ਬੇਅੰਤ ਸਿੰਘ ਸਰਕਾਰ ਦੀ ਦੇਣ ਸੀ। ਸਮੁੱਚੀ ਪੰਜਾਬ ਪੁਲਿਸ ਭਾੜੇ ਦਾ ਟੱਟੂ ਬਣ ਚੁੱਕੀ ਸੀ। ਇਨਾਮ ਪਾਉਣ ਲਈ ਨਿਰਦੋਸ਼ਾਂ ਦੇ ਕਤਲ ਹੋ ਰਹੇ ਸਨ। ਕਠਪੁਤਲੀ ਮੁੱਖ ਮੰਤਰੀ ਦੇ ਸਮੇਂ 25 ਦਸੰਬਰ 1992 ਨੂੰ ਗ੍ਰਿਫਤਾਰ ਕੀਤੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਥਾਣੇ ਅੰਦਰ ਕਤਲ ਕੀਤਾ ਗਿਆ।ਅੱਧ 1992 ਤੋਂ 20 ਮਹੀਨਿਆ ਦੇ ਅੰਦਰ ਬੇਅੰਤ ਸਿੰਘ ਅਨੁਸਾਰ ਪੁਲਿਸ ਨੇ 41,684 ਨਕਦ ਇਨਾਮ ਪ੍ਰਾਪਤ ਕੀਤੇ ਅਤੇ 68 ਮੈਡਲ ਦਿੱਤੇ ਗਏ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਗੁਰਇਕਬਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਡੀ.ਐਸ.ਪੀ. ਨੌਕਰੀ ਰੱਦ ਕਰਾਉਣ ਲਈ ਦਖਲ ਅੰਦਾਜੀ ਕਰੋ ਅਤੇ ਲੱਖਾਂ ਬੇਰੋਜਗਾਰ ਨੋਜਵਾਨਾਂ ਨੂੰ ਰੁਜਗਾਰ ਦਿੱਤਾ ਜਾਵੇ।