Site icon Sikh Siyasat News

ਖਾਲੜਾ ਮਿਸ਼ਨ ਅਤੇ ਸਹਿਯੋਗੀ ਜਥੇਬੰਦੀਆਂ ਨੇ ਤਰਨਤਾਰਨ ਵਿਖੇ ਘੱਲੂਘਾਰਾ ਦਿਹਾੜਾ ਮਨਾਇਆ

ਤਰਨਤਾਰਨ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਸਹਿਯੋਗੀ ਜਥੇਬੰਦੀਆਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਘਲੁਘਾਰਾ ਦਿਵਸ ਮਨਾਉਂਦਿਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਨਰਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ ਸਮੇਤ ਹਜ਼ਾਰਾਂ ਸਿੱਖ ਸ਼ਹੀਦਾਂ ਨੂੰ ਭਰਪੂਰ ਸਰਧਾਜਲੀ ਭੇਂਟ ਕੀਤੀ ਗਈ।

ਖ਼ਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਤਰਨਤਾਰਨ ਵਿਖੇ ਕਰਵਾਏ ਗਏ ਘੱਲੂਘਾਰਾ ਦਿਹਾੜੇ ਨਾਲ ਸਬੰਧਤ ਪ੍ਰੋਗਰਾਮ ਦੀਆਂ ਤਸਵੀਰਾਂ

ਇਕੱਠ ਵਲੋ ਜਨਰਲ ਕੁਲਦੀਪ ਬਰਾੜ ਨੂੰ ਫੌਜੀ ਹਮਲੇ ਦਾ ਦੋਸ਼ੀ ਗਰਦਾਨਦਿਆਂ ਉਸ ਉਪਰ ਐਫ.ਆਈ.ਆਰ ਦਰਜ ਕਰਕੇ ਉਸਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਦੀ ਪੜਤਾਲ ਕਿਸੇ ਨਿਰਪੱਖ ਕਮਿਸ਼ਨ ਤੋਂ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਕਰਵਾਈ ਜਾਵੇ ਕਿਉਂਕਿ ਜਲ੍ਹਿਆਂ ਵਾਲਾ ਬਾਗ ਅੰਦਰ ਚੱਲੀ 10 ਮਿੰਟ ਗੋਲੀ ਦੀ ਪੜਤਾਲ ਅੰਗਰੇਜ਼ ਸਰਕਾਰ ਵਲੋਂ ਹੰਟਰ ਕਮਿਸ਼ਨ ਬਣਾ ਕੇ ਕਰਵਾਈ ਜਾ ਸਕਦੀ ਹੈ ਤਾ ਕਾਨੂੰਨ ਦੇ ਰਾਜ ਦੀ ਦੁਹਾਈ ਦੇਣ ਵਾਲੀ ਪੰਜਾਬ ਤੇ ਭਾਰਤ ਸਰਕਾਰ ਅਤੇ ਜ਼ੁਡੀਸਰੀ ਅਜਿਹਾ ਕਿਉਂ ਨਹੀਂ ਕਰ ਸਕਦੀ।

ਬਾਦਲ ਸਰਕਾਰ ਪਾਸੋਂ ਤੁਰੰਤ ਅਸਤੀਫੇ ਦੀ ਮੰਗ ਕੀਤੀ ਗਈ ਕਿਉਕੀ ਉਹ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਅਗਨ ਭੇਂਟ ਕਰਨ ਅਤੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਸਾਕਾ ਨੀਲਾ ਤਾਰਾ ਦੇ ਦੋਸ਼ੀਆਂ ਅਤੇ ਝੂਠੇ ਮੁਕਾਬਲਿਆਂ ਦੇ ਗੁਨਾਹਗਾਰਾਂ ਖਿਲਾਫ ਕਾਰਵਾਈ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ ਖਾਲੜਾ ਮਿਸ਼ਨ ਦੀ ਸਰਪਰਸਤ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਵਰਣ-ਆਸ਼ਰਮ ਦੀ ਵਿਚਾਰਧਾਰਾ ਵਾਲੇ ਅਤੇ ਬਾਦਲਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਹਰਾਉਣਾ ਚਾਹੁੰਦੇ ਹਨ, ਪਰ ਉਹ ਮੂੰਹ ਦੀ ਖਾਣਗੇ।

ਕੇ.ਐਮ.ਉ ਦੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਬੁਲਾਰੇ ਸਤਵਿੰਦਰ ਸਿੰਘ ਪਲਾਸੌਰ ਨੇ ਕਿਹਾ ਕਿ ਜੂਨ 84 ਦਾ ਫੌਜੀ ਹਮਲਾ ਜੰਗਲ ਰਾਜ ਦੀਆਂ ਹਾਮੀ ਧਿਰਾਂ ਦਾ ਗੁਰਬਾਣੀ ਅੰਦਰ ਦਰਜ ਹਲੇਮੀ ਰਾਜ ਉਪਰ ਸੀ। ਇਸ ਮੌਕੇ ’ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਜਲਿਆਂ ਵਾਲਾ ਬਾਗ ਵਾਂਗੂੰ ਜੂਨ 84 ਦੇ ਫੌਜੀ ਹਮਲੇ ਦੀ ਪੜਤਾਲ ਕਰਾ ਕੇ ਕਾਨੂੰਨ ਦਾ ਰਾਜ ਬਹਾਲ ਕਰਨਾ ਚਾਹੀਦਾ ਹੈ।

ਕੇ.ਐਮ.ਉ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ ਅਤੇ ਸਤਵੰਤ ਸਿੰਘ ਮਾਣਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਕਾਨੂੰਨ ਦੇ ਰਾਜ ਦੀ ਦੁਹਾਈ ਤਾ ਦਿੰਦੀਆਂ ਹਨ ਪਰ ਦੇਸ਼ ਵਿੱਚ ਜੰਗਲ ਦਾ ਰਾਜ ਹੈ। ਅਖੀਰ ਵਿੱਚ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਅਤੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਫੌਜੀ ਨੇ ਕਿਹਾ ਕਿ ਫੌਜੀ ਹਮਲੇ ਦੀ ਸਾਜ਼ਿਸ਼ ਇੰਦਰਾਕਿਆਂ, ਬਾਦਲਕਿਆਂ ਅਤੇ ਅਡਵਾਨੀਕਿਆਂ ਨੇ ਰਲ ਕੇ ਰਚੀ ਸੀ ਅਤੇ ਇਹ ਸਾਰੇ ਗੁਪਤ ਚਿੱਠੀਆਂ ਅਤੇ ਗੁਪਤ ਮੀਟਿੰਗਾਂ ਰਾਹੀ ਬੇਨਕਾਬ ਹੋ ਚੁੱਕੇ ਹਨ।

ਸਮਾਗਮ ਵਿੱਚ ਹਾਜ਼ਰੀ ਭਰਨ ਵਾਲਿਆਂ ਵਿੱਚ ਕਾਬਲ ਸਿੰਘ ਜੋਧਪੁਰ, ਚਮਨ ਲਾਲ, ਡਾ: ਕਾਬਲ ਸਿੰਘ, ਗੁਰਜੀਤ ਸਿੰਘ ਤਰਸਿੱਕਾ, ਗੋਪਾਲ ਸਿੰਘ ਖਾਲੜਾ, ਮੈਨੇਜਰ ਦਰਸ਼ਨ ਸਿੰਘ, ਤਰਸੇਮ ਸਿੰਘ ਤਾਰਪੁਰਾ, ਬਲਦੇਵ ਸਿੰਘ ਸਾਘਣਾ, ਜਗਰੂਪ ਸਿੰਘ ਤੂਤ, ਕਾਬਲ ਸਿੰਘ ਸਖੀਰਾ, ਮਾਸਟਰ ਕਸ਼ਮੀਰ ਸਿੰਘ ਆਦਿ ਸ਼ਾਮਿਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version