ਲੰਡਨ: ਬਰਤਾਨੀਆ ਦੇ ਸ਼ਹਿਰ ਬ੍ਰਮਿੰਘਮ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਕੱਢੇ ਗਏ ਨਗਰ ਕੀਰਤਨ ਅਤੇ ਬਾਅਦ ਵਿੱਚ ਖੁੱਲ੍ਹੇ ਪੰਡਾਲ ਵਿਚ ਲੱਗੇ ਵਿਸਾਖੀ ਮੇਲੇ ਮੌਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਨਾਲ ਏ. ਕੇ. 47 ਰਾਈਫਲ ਦੀ ਲੱਗੀ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।
ਕੁਝ ਧਿਰਾਂ ਵੱਲੋ ਇਸ ਪੋਸਟਰ ‘ਤੇ ਕਾਰਵਾਈ ਦੀ ਮੰਗ ਕਰਦਿਆਂ ਇਸ ਨੂੰ ਯੂ. ਕੇ. ਵਿਚ ਪਾਬੰਦੀਸ਼ੁਦਾ ਜਥੇਬੰਦੀ ਖਾਲਿਸਤਾਨ ਜਿੰਦਾਬਾਦ ਫੋਰਸ ਨਾਲ ਜੋੜਿਆ ਜਾ ਰਿਹਾ ਹੈ ।
ਇਸ ਸਬੰਧੀ ਸਪੱਸ਼ਟੀਕਾਰਨਬ ਦਿੰਦਿਆਂ ਸਿੱਖ ਫੈਡਰੇਸ਼ਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਤੇ ਬੁਲਾਰੇ ਦਬਿੰਦਰਜੀਤ ਸਿੰਘ ਨੇ ਇਸ ਤਸਵੀਰ ਦਾ ਕਿਸੇ ਖਾੜਕੂ ਗਰੁੱਪ ਨਾਲ ਕੋਈ ਸਬੰਧ ਨਹੀਂ, ਸਿਰਫ ਆਜ਼ਾਦ ਸਿੱਖ ਰਾਜ ਦੇ ਹੱਕ ਵਿਚ ਪ੍ਰਦਰਸ਼ਨ ਹੈ । ਖਾਲਿਸਤਾਨ ਜ਼ਿੰਦਾਬਾਦ ਇਕ ਸ਼ਬਦ ਹੈ, ਜਿਸ ਦਾ ਪਾਬੰਦੀਸ਼ੁਦਾ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ ।
ਸਿਟੀ ਦੇ ਸੰਸਦ ਮੈਂਬਰ ਖਾਲਿਦ ਮਹਿਮੂਦ ਨੇ ਕਿਹਾ ਹੈ ਕਿ ਵਿਸਾਖੀ ਦੇ ਪ੍ਰਬੰਧਕਾਂ ਨੂੰ ਇਸ ‘ਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ ਵਿਚ ਅਜਿਹਾ ਨਾ ਹੋਵੇ । ਮਿ: ਖਾਲਿਦ ਮਹਿਮੂਦ ਨੇ ਬੀ. ਬੀ. ਸੀ. ਰੇਡੀਓ ਨੂੰ ਇਕ ਇੰਟਰਵਿਊ ਵਿਚ ਵੀ ਕਿਹਾ ਹੈ ਕਿ ਖਾਲਿਸਤਾਨ ਜ਼ਿੰਦਾਬਾਦ ਬਾਰੇ ਬਹੁਤ ਸਾਰੇ ਲੋਕ ਜਾਣਦੇ ਹਨ ਕਿ ਇਸ ਜਥੇਬੰਦੀ ‘ਤੇ ਯੂਰਪ ਅਤੇ ਯੂ. ਕੇ. ਵਿਚ ਪਾਬੰਦੀ ਲੱਗੀ ਹੋਈ ਹੈ ਅਤੇ ਇਸ ਕਰਕੇ ਪਰਿਵਾਰਕ ਸਮਾਗਮ ਵਿਚ ਇਸ ਤਰ੍ਹਾਂ ਹਥਿਆਰਾਂ ਦਾ ਸ਼ਰੇਆਮ ਪ੍ਰਦਰਸ਼ਿਤ ਕਰਨਾ ਉਲੰਘਣਾ ਹੈ । ਜੇ ਪ੍ਰਬੰਧਕ ਇਸ ਬਾਰੇ ਜਾਣਦੇ ਨਹੀਂ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੂਚਿਤ ਕਰਨਾ ਚਾਹੀਦਾ ਹੈ, ਤਾਂ ਕਿ ਭਵਿੱਖ ਵਿਚ ਅਜਿਹਾ ਨਾ ਹੋਵੇ ।