ਜਲੰਧਰ: ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਗੁਰਦਾਸਪੁਰ ਚੋਣ ਦੌਰਾਨ ਕਿਸਾਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤ ਵਾਲੇ ਕਰਜ਼ ਮੁਆਫੀ ਵਾਲੇ ਫਾਰਮ ਦਿਖਾਉਣ ਲਈ ਕਿਹਾ ਹੈ। ਖਹਿਰਾ ਨੇ ਕਿਹਾ ਕਿ ਜਦੋਂ ਕੈਪਟਨ ਵੋਟਾਂ ਮੰਗਣ ਲਈ ਪੁੱਜੇ ਤਾਂ ਕਿਸਾਨ ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਜ਼ਰੂਰ ਯਾਦ ਕਰਵਾਉਣ। ਸੁਖਪਾਲ ਖਹਿਰਾ ਸ਼ਨੀਵਾਰ (16 ਸਤੰਬਰ) ਨੂੰ ਇੱਥੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਆਰਥਕ ਮਦਦ ਦੇਣ ਮੌਕੇ ਕੈਪਟਨ ਸਰਕਾਰ ’ਤੇ ਵਰ੍ਹੇ।
ਇੱਥੇ ਸਰਕਟ ਹਾਊਸ ’ਚ ਖਹਿਰਾ ਨੇ ‘ਪੀੜਤ ਕਿਸਾਨ ਖੇਤ ਮਜ਼ਦੂਰ ਬਚਾਓ’ ਮੁਹਿੰਮ ਤਹਿਤ ਪਰਵਾਸੀ ਪੰਜਾਬੀਆਂ ਦੀ ਮਦਦ ਨਾਲ ਸੱਤ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਆਰਥਕ ਮਦਦ ਦਿੱਤੀ। ਉੱਥੇ ਹੀ 20 ਪਰਿਵਾਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸ਼ੁਰੂ ਕੀਤੀ ਗਈ ਹੈ, ਜੋ ਅਗਲੇ ਪੰਜ ਸਾਲਾਂ ਤੱਕ ਜਾਰੀ ਰਹੇਗੀ। ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨੇ ਮਾਨਸਾ ਤੇ ਬਠਿੰਡਾ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ 75 ਪੀੜਤ ਪਰਿਵਾਰਾਂ ਨੂੰ ਪੈਨਸ਼ਨ ਸ਼ੁਰੂ ਕਰ ਦਿੱਤੀ ਗਈ ਹੈ।
ਸਬੰਧਤ ਖ਼ਬਰ: ਪੰਜਾਬ ਖੇਤੀਬਾੜੀ ਯੂਨੀ. ਕਰੇਗੀ ਕਿਸਾਨ ਖੁਦਕੁਸ਼ੀਆਂ ਦੇ ਮਨੋਵਿਗਿਆਨਕ ਕਾਰਨਾਂ ਦੀ ਘੋਖ …
ਕੈਪਟਨ ਸਰਕਾਰ ’ਤੇ ਵਰ੍ਹਦਿਆਂ ਖਹਿਰਾ ਨੇ ਕਿਹਾ ਕਿ ਛੇ ਮਹੀਨਿਆਂ ’ਚ 250 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ ਜਦਕਿ ਕਾਂਗਰਸ ਨੇ ਹਾਲੇ ਤੱਕ ਇੱਕ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਹੈ। ਉਨ੍ਹਾਂ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੇ ਕੀਤੇ ਜਾ ਰਹੇ ਘਿਰਾਓ ਦੀ ਹਮਾਇਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਚੇਤੇ ਕਰਾਉਂਦਿਆਂ ਰਹਿਣਾ ਚਾਹੀਦਾ ਹੈ ਕਿ ਉਸ ਨੇ ਕਿਸਾਨਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ।