ਸਿਟੀ ਹਾਲ ਬਰੈਪਟਨ 'ਤੇ ਝੁਲਿਆ ਕੇਸਰੀ ਨਿਸ਼ਾਨ ਸਾਹਿਬ

ਵਿਦੇਸ਼

ਸਿਟੀ ਹਾਲ ਬਰੈਪਟਨ ‘ਤੇ ਝੁਲਿਆ ਕੇਸਰੀ ਨਿਸ਼ਾਨ ਸਾਹਿਬ

By ਸਿੱਖ ਸਿਆਸਤ ਬਿਊਰੋ

April 14, 2016

ਬਰੈਪਟਨ, ਕੈਨੇਡਾ: ਕੈਨੇਡਾ ਦੇ ਬਰੈਪਟਨ ਸ਼ਹਿਰ ਦੇ ਸਿਟੀ ਸੈਂਟਰ ਵਿੱਚ ਖਾਲਸਾ ਸਾਜ਼ਨਾ ਦਿਵਸ ਮੌਕੇ ਸ਼ਹਿਰ ਦੀ ਮੇਅਰ ਬੀਬੀ ਵੱਲੋਂ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਗਿਆ।

ਖਾਲਸਾ ਪੰਥ ਨੂੰ ਸਮਰਪਿਤ ਕੇਸਰੀ ਨਿਸ਼ਾਨ ਝੁਲਾਉਂਦਿਆਂ ਮੈਡਮ ਮੇਅਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਥੇ ਕੇਸਰੀ ਨਿਸ਼ਾਨ ਝੁਲਾਇਆ ਜਾ ਰਿਹਾ ਹੈ, ਪਰ ਇਹ ਆਖਰੀ ਵਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੁਡੋ ਨੇ ਪਾਰਲੀਮੈਂਟ ਵਿੱਚ ਵੈਸਾਖੀ ਦੇ ਜਸ਼ਨ ਮਨਾ ਕੇ ਅਤੇ ਕਾਮਾਗਾਟਾ ਮਾਰੂ ਦੀ ਮੁਆਫੀ ਮੰਗਣ ਦਾ ਐਲਾਨ ਕਰਕੇ ਇਹ ਮੁੱਢ ਬੰਨ ਦਿੱਤਾ ਹੈ। ਮੇਅਰ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਿੱਖ ਕਮਿਊਨਟੀ ਨੇ ਬਰੈਂਪਟਨ ਸ਼ਹਿਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਖਾਲਸਾ ਪੰਥ ਦੀ ਸਾਜਨਾ ਦੇ ਮੁੱਖ ਕਾਰਣ ਅਤੇ ਇਸਦੇ ਮੁੱਖ ਉਦੇਸ਼ਾਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਊਚ ਨੀਚ ਦੇ ਭੇਦਭਾਵ ਨੂੰ ਖਤਮ ਕਰਨ ਦੇ ਹੁਕਮਾਂ ਤਹਿਤ ਸਾਜਿਆ ਖਾਲਸਾ ਪੰਥ ਆਪਣੀ ਖੁਦਮੁਖਤਿਆਰੀ ਦਾ ਆਪ ਜਿ਼ੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਸਲੀ ਲੋਕਤੰਤਰ ਉਹੀ ਸੀ ਜਿਸਦਾ ਮੁੱਢ ਗੁਰੁ ਗੋਬਿੰਦ ਸਿੰਘ ਜੀ ਨੇ ਕੇਸਗੜ ਦੇ ਮੈਦਾਨ ਵਿੱਚ ਬੰਨਿਆ ਸੀ ਜਿਸ ਨੂੰ ਅੱਜ ਅਸੀਂ ਖਾਲਸਾ ਕਹਿੰਦੇ ਹਾਂ।

ਇਸ ਮੌਕੇ ਸ੍ਰ ਅਵਤਾਰ ਸਿੰਘ ਪੂਨੀਆ ਨੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਖਾਲਸਾ ਪੰਥ ਦੇ ਝੰਡੇ ਇੰਝ ਹੀ ਸੰਸਾਰ ਵਿੱਚ ਝੂਲਦੇ ਰਹਿਣ। ਇਸ ਮੌਕੇ ਮੈਡਮ ਮੇਅਰ, ਐਮ ਪੀ ਪੀ ਹਰਿੰਦਰ ਮੱਲੀ, ਰਣਜੀਤ ਸਿੰਘ ਮਾਨ, ਮਨਜੀਤ ਸਿੰਘ, ਪੀਲ ਪੁਲੀਸ ਸਰਵਿਸਜ਼ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ ਅਤੇ ਸੁਖਮਿੰਦਰ ਸਿੰਘ ਹੰਸਰਾ ਨੇ ਜੈਕਾਰਿਆ ਦੀ ਗੂੰਜ ਵਿੱਚ ਕੇਸਰੀ ਨਿਸ਼ਾਨ ਝੁਲਾ ਦਿੱਤਾ।

ਵਰਨਣਯੋਗ ਹੈ ਕਿ ਉਨਟਾਰੀਓੁ ਵਿੱਚ ਇਹ ਪਹਿਲੀ ਵਾਰ ਹੈ ਕਿ ਖਾਲਸਾ ਪੰਥ ਦਾ ਕੇਸਰੀ ਨਿਸ਼ਾਨ ਕਿਸੇ ਸਰਕਾਰ ਇਮਾਰਤ ਤੇ ਝੁਲਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਮੈਨੀਟੋਬਾ ਅਤੇ ਔਟਵਾ ਦੇ ਸਿਟੀ ਹਾਲਾਂ ਤੇ ਅਜਿਹਾ ਹੋ ਚੁੱਕਾ ਹੈ।

ਇਸ ਮੌਕੇ ਸਕੂਲ ਟਰੱਸਟੀ ਹਰਕੀਰਤ ਸਿੰਘ, ਐਮ ਪੀ ਪੀ ਹਰਿੰਦਰ ਕੌਰ ਮੱਲੀ, ਐਮ ਪੀ ਪੀ ਵਿੱਕ ਢਿਲੋਂ ਅਤੇ ਪਰਮਜੀਤ ਸਿੰਘ ਬਿਰਦੀ ਨੇ ਵੀ ਸੰਬੋਧਨ ਕੀਤਾ। ਕੜਕਵੀਂ ਠੰਢ ਵਿੱਚ ਬੱਚਿਆਂ ਸਮੇਤ ਇਸ ਇਤਹਾਸਕ ਪਲਾਂ ਵਿੱਚ ਸ਼ਾਮਲ ਹੋਣ ਲਈ ਇਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: