ਕਲਗ਼ੀਆਂ ਵਾਲੇ ਨੇ ਚਿੱਤ ਚਾ ਲਿਆ, ਬਾਜ਼ਾਂ ਵਾਲੇ ਨੇ ਫ਼ੈਸਲਾ ਕੀਤਾ, ਸੋਹਣੇ ਸਾਈਂ ਨੇ ਧਰਮ-ਬਰਤ ਧਾਰਨ ਕੀਤਾ । ਆਕਾਸ਼ ਕੰਬੇ, ਧਰਤੀ ਚਰਨਾਂ ਹੇਠ ਥਰਥਰਾਈ, ਚਰ ਅਚਰ ਸਹਿਮੇ । ਕੀ ਅਸੀਂ ਨਿਮਾਣੇ ਇਸ ਦੈਵੀ ਬਲ ਦੇ ਪ੍ਰਵਾਹ ਨੂੰ ਝਲ ਸਕਾਂਗੇ ? ਬਾਹਰਲੀ ਕੁਦਰਤ ਨੇ ਸਲਾਮ ਕੀਤਾ ; ਮੁਤੀਹ ਹੋਈ, ਪਰ ਜਵਾਬ ਕੋਈ ਨਾ ਦਿੱਤਾ । ਅੰਗ ਅੰਗ ਇਕ ਅਜੀਬ ਸਹਿਮ ਨਾਲ ਪਾਟ ਰਿਹਾ ਹੈ । ਇਕ ਪਵਿੱਤਰ ਤੌਖਲੇ ਨਾਲ ਕੁਦਰਤ ਦਾ ਦਿਲ ਹਿੱਲ ਰਿਹਾ ਹੈ । ਪਸਾਰ ਦੇ ਸੁਫ਼ਨਿਆਂ ਵਿਚ ਹੱਸਦੇ ਫੁੱਲ ਆਪ ਜੀ ਦੇ ਬਲਦੇ ਨੈਣਾਂ ਵੱਲੋਂ ਨਵੀਆਂ ਤਾਕਤਾਂ ਬਖ਼ਸ਼ੀਆਂ ਗਈਆਂ ।
ਹਾਂ ਜੀ, ਇਸ ਬੇਨਜ਼ੀਰ ਫ਼ਕੀਰਾਂ ਦੇ ਸੁਲਤਾਨ ਦੀ ਅੱਖ ਦਾ ਇਸ਼ਾਰਾ ਹੋਇਆ ਤੇ ਕੁਦਰਤ ਨੇ ਪੁਰਖ ਦੇ ਕੱਪੜੇ ਪਾ ਲਏ । ਕਲਗ਼ੀਆਂ ਵਾਲੇ ਦੀ ਸਿਪਾਹੀ ਹੋ ਚਰਨਾਂ ਪਰ ਡਿੱਗੀ । ਉਹ ਬਾਦਸ਼ਾਹਾਂ ਦਾ ਬਾਦਸ਼ਾਹ, ਜਿਸਦੀ ਅੱਖ ਦੇ ਇਸ਼ਾਰੇ ਨਾਲ ਕੁਲ ਕੁਦਰਤ ਫ਼ੌਜ ਹੋਈ । ਇਸ ਫ਼ੌਜਾਂ ਵਾਲੇ ਨੇ ਚਿੱਤ ਚਾ ਲਿਆ । ਇਸ ਬੇਮਿਸਾਲ ਰੱਬੀ ਜੋਤ ਨੇ ਫ਼ੈਸਲਾ ਕੀਤਾ ; ਇਸ ਧਰਮ ਦੇ ਸ਼ਹਿਨਸ਼ਾਹ ਨੇ ਧਰਮ ਬਰਤ ਧਾਰਨ ਕੀਤਾ । ਦੁਨੀਆ ਦੇ ਕੂੜ ਨੇ ਤੇ ਦੀਨ ਦੇ ਸੱਚ ਨੇ ਦੋਹਾਂ ਨੇ ਗਰੀਬ ਬੰਦਿਆਂ ਨੂੰ ਦੁਖੀ ਕੀਤਾ ਹੈ । ਬਸ, ਹੁਣ ਜੀਵਨ ਦਾ ਕੋਈ ਰਾਹ ਕੱਢੀਏ । ਜੀਵਨ ਨੂੰ ਰਾਹ ਪਾਣ ਦੀ ਕੋਈ ਲੋੜ ਨਹੀਂ । ਪਿਆਰੇ ਨੇ ਦਨੀਆ ਦੇ ਦੁੱਖਾਂ ਨੂੰ ਦੂਰ ਕਰਨ ਦਾ ਦਰਦ ਮਹਿਸੂਸ ਕੀਤਾ ।
ਨਾ ਪੰਜਾਬ, ਨਾ ਹਿੰਦੁਸਤਾਨ, ਨਾ ਦੁਨੀਆ, ਨਾ ਖਿੱਲਰੇ-ਮਿੱਲਰੇ ਬੇਅਰਥ ਮਸਲਿਆਂ ਦੇ ਢੇਰਾਂ ਦੇ ਢੇਰ, ਨਾ ਤਣੀਆਂ-ਤਣਾਂਣੀਆਂ ਉਚ ਖ਼ਿਆਲੀਆਂ, ਨਾ ਮਸਲਈ ਪਰਉਪਕਾਰ, ਨਾ ਖ਼ੁਦਗ਼ਰਜ਼ੀ, ਨਾ ਤੇਰਾ-ਦਿਲੀ, ਨਾ ਜਥੇਬੰਦੀਆਂ, ਨਾ ਮੁਲਕਗੀਰੀਆਂ, ਨਾ ਮੋਹ, ਨਾ ਕੌਮਾਂ, ਨਾ ਧੜੇਬੰਦੀਆਂ, ਨਾ ਚਿੰਨ੍ਹ, ਨਾ ਚਿੱਤਰ, ਨਾ ਮਜ਼ਹਬੀ ਮਖ਼ੌਲ ਤੇ ਵਹਿਮ । ਪਿਆਰੇ ਨੇ ਤਾਂ ਇਕ ਸੱਚਾ ਸੁੱਚਾ ਨਿਰੋਲ, ਪਿਆਰ ਘਰ ਵੱਸਦੇ, ਹੱਸਦੇ , ਰਸਦੇ, ਭਰੇ ਭਕੁੰਨੇ ਘਰ ਦੀ ਤਾਅਮੀਰ ਅਰੰਭੀ । ਕੋਈ ਇਸ ਘਰ ਨੂੰ ਹੱਥ ਨਾ ਲਾਵੇ ? ਇਹ ਘਰ ਮੇਰਾ ਹੈ, ਮੈਂ ਇਸ ਵਿਚ ਰਹਾਂਗਾ । ਬਸ ਹੋਰ, ਨਾ ਕੋਈ ਦੀਨ ਨਾ ਦੁਨੀਆ, ਇਥੇ ਨਾਮ, ਦਾਨ, ਪਿਆਰ, ਮਿੱਤਰਚਾਰਾ, ਮਿੱਠਤਾ, ਹੰਭੇ ਮੈਂਢੇ ਮੈਂ ਹੰਭ ਕਿਸੇ ਦਾ । ਇਥੇ ਰੱਬੀ ਪ੍ਰਕਾਸ਼, ਇਥੇ ਚਾਅ-ਉਮਾਹ, ਬਿਨੋਦ, ਇਥੇ ਰੱਬ ਦਾ ਨਿੱਘ, ਇਥੇ ਅਸੀਸ ਦੀ ਠੰਡ, ਬਰਕਤ । ਬਸ, ਇਸਦਾ ਖ਼ੁਸ਼ਬੂਦਾਰ ਫੁੱਲਾਂ ਦਾ ਚੁਫੇਰਾ ਹੋਵੇਗਾ । ਇਹ ਦੁਨੀਆ ਦੇ ਸ਼ਹਿਨਸ਼ਾਹਾਂ ਦੀ ਕੁਟੀਆ ਹੋਵੇਗੀ । ਦਇਆ ਵਾਲਾ, ਧਰਮ ਵਾਲਾ, ਇਕ ਮਾਂ-ਬਾਪ ਦੇ ਅਨੇਕ ਬੰਦੇ ਬੋਟੀਆਂ ਦਾ ਘਰ ।
ਉਪਰ ਛੱਤ, ਆਕਾਸ਼, ਥੱਲੇ ਧਰਤੀ, ਜਲ, ਅਗਨੀ, ਹਵਾ ਸਭ ਸਾਂਝੀਆਂ । ਇਥੇ ਅੰਨ, ਮਨ ; ਦਿਲ ਸਾਂਝਾ ; ਆਦਰਸ਼ ਸਾਂਝਾ, ਕੰਮ ਸਾਂਝਾ, ਕਿਰਤ ਸਾਂਝੀ, ਅਰਦਾਸ ਸਾਂਝੀ । ਹਾਂ ਜੀ ਤ੍ਰਿਸ਼ਨਾ ਦੇ ਭੁਲੇਖੇ ਭੀ ਸਾਂਝੇ, ਗਿਆਨ ਦੇ ਉਲਟ ਲੇਖੇ ਭੀ ਸਾਂਝੇ, ਤੇ ਮੁੜ ਦੁੱਖ ਸਾਂਝੇ, ਮੌਤ ਸਾਂਝੀ, ਸੰਸਾਰ ਚੱਕਰ ਸਾਂਝਾ, ਹੁਕਮ ਸਾਂਝਾ, ਭਾਣਾ ਸਾਂਝਾ, ਪਸ਼ੂ ਬਿਰਤੀਆਂ ਸਾਂਝੀਆਂ, ਜਨਮ, ਖੰਡ, ਜਿੱਤ, ਹਾਰ, ਇਕ ਸਾਂਝਾ ਟਬਰੀਲਾ, ਸੁਖੀ ਘਰ, ਇਹ ਕਲਗ਼ੀਆਂ ਵਾਲੇ ਦਾ ਪੰਥ ।
ਇਕ ਦੈਵੀ ਮਨੁੱਖ, ਘਰ ਦਾ ਦੀਵਾ ਜਗਾਣ ਵਾਲਾ, ਗੁਰੂ ਗੰਥ ਸਾਹਿਬ ਜੀ ਵਿਚ ਦਿੱਤੀ ਤਸਵੀਰ ਦੀ ਨੁਹਾਰ ਵਾਲਾ ਸਾਧੂ ਬੰਦਾ, ਇਕ ਰਾਤ ਦੇ ਹਨੇਰੇ ਵਿਚ ਆਪਣੇ ਮੰਦਰ ਦੇ ਚਾਨਣ ਵਾਲਾ ਵੈਰਾਗੀ, ਤਿਆਗੀ, ਗੁਣ-ਅਤੀਤ, ਰੱਬੀ ਨੂਰ ਦਾ ਆਸ਼ਕ, ਰੱਬ ਦਾ ਬੰਦਾ, ਤੇ ਉਸਦਾ ਪਰਿਵਾਰ, ਸ਼ਹਿਰ ਉਸਦਾ, ਮੁਲਕ ਉਸਦਾ, ਜਹਾਨ ਉਸਦਾ, ਆਸਮਾਨ ਉਸਦਾ, ਬਸੰਤ ਉਸਦੀ, ਬਸੰਤ ਦੀ ਬਹਾਰ ਉਸਦੀ, ਚਮਨ ਉਸਦਾ, ਫੁੱਲ ਉਸਦੇ, ਰੱਬ ਉਸਦਾ ਮਖ਼ਲੂਕ ਉਸਦੀ, ਸਭ ਨਾਲ ਮਿਿਲਆ ਜੁਲਿਆ ਤੇ ਸਭ ਬੀ ਅਲੱਗ, ਪਿਆਰ ਪਰੋਤਾ ਤੇ ਪਿਆਰ ਰੂਪ । ਇਹੋ ਵਸਨੀ, ਇਹੋ ਈਮਾਨ, ਇਹ ਕਲਗ਼ੀਆਂ ਵਾਲੇ ਦਾ ਪੰਥ ।
ਨਾ ਬੋਲ, ਨਾ ਕਬੋਲ, ਨਾ ਲੇਖ, ਨਾ ਭੇਖ, ਨਾ ਦਾਉ, ਨਾ ਪੇਚ, ਨਾ ਜ਼ੋਰ, ਨਾ ਸ਼ੋਰ, ਨਾ ਸੋਚ, ਨਾ ਤੋੜ, ਨਾ ਜੋੜ । ਧੜੇਬੰਦੀ, ਤੰਗ ਦਿਲੀ, ਉਪਦੇਸ਼, ਪ੍ਰਚਾਰ ਤੇ ਲਲਕਾਰ ; ਤੇ ਬੰਦੇ ਨੂੰ ਕਿਸੀ ਦਿਖਾਵੇ ਦੇ ਮਜ਼ਹਬ, ਬੇ-ਮਜ਼ਹਬ ਵਿਚ ਲੈ ਆਉਣੇ ਜਾਂ ਕੱਢਣੇ ਦੀਆਂ ਸਭ ਪਸ਼ੂ ਬਿਰਤੀਆਂ ਦਾ ਸੰਘਾਰ । ਬਸ, ਇਕ ਫ਼ਕੀਰੀ ਲਟਕ, ਇਕ ਰੱਬੀ ਮਟਕ, ਨਾਮ ਸਰੂਰ, ਐਸ਼, ਖ਼ੁਸ਼ੀ ਤੇ ਚਮਕ ਦਮਕ, ਬਸ, ਇਕ ਘਰ ਦੀ ਵਸਨੀ ਸਾਧਾਰਣ ਸਹਜ ਵਸਨੀ ਦੀ ਖ਼ੁਸ਼ਬੂ ।
ਸਾਡਾ ਘੱਟ ਜੀਵਨ ਹੋਣਾ, ਦਮਾ ਦਮ ਦਮ, ਕੇਵਲ ਜਗਤ ਦੇ ਹਿਵਾਰਥ ; ਸੁਖਾਰਥ ਪਰ ਆਪ ਗੁਰੂ ਘਰ ਦੇ ਸਰਸਬਜ਼ ਨਿਹਾਲ ਹੋ ਕੇ, ਬਲਦੀਆਂ, ਜਲਦੀਆਂ ਧਨ ਦੀਆਂ ਲਾਟਾਂ ਹੋ ਕੇ ਬਸ ਲੇਟ ਲੇਟ ਕਰਕੇ ਕਲਗ਼ੀਆਂ ਵਾਲੇ ਨੇ ਚਿੱਤ ਲਾ ਲਿਆ, ਬਾਜ਼ਾਂ ਵਾਲੇ ਨੇ ਫ਼ੈਸਲਾ ਕੀਤਾ, ਸੋਹਣੇ ਸਾਈਂ ਨੇ ਧਰਮ-ਬਰਤ ਧਾਰਨ ਕੀਤਾ । ਆਕਾਸ਼ ਕੰਬੇ, ਧਰਤੀ ਚਰਨਾਂ ਹੇਠ ਥਰਥਰਾਈ, ਚਰ ਅਚਰ ਸਹਿਮੇ । ਕੀ ਅਸੀਂ ਨਿਮਾਣੇ ਇਸ ਦੈਵੀ ਬਲ ਨੂੰ ਝਲ ਸਕਾਂਗੇ ।
ਰੱਬੀ ਜੋਤ ਨੇ ਆਵਾਜ਼ ਦਿੱਤੀ, ਇਸ ਦਇਆ ਦੇ ਪਰਵਾਹ, ਇਸ ਰਹਿਮ ਦੇ ਠਿੱਲੇ ਸਮੁੰਦਰ ਦੇ ਸਮੁੰਦਰਾਂ ਦੇ ਪ੍ਰਵਾਹ, ਇਸ ਪਿਆਰ ਦੇ ਬ੍ਰਹਿਮੰਡ ਦੇ ਅੰਮ੍ਰਿਤ ਖੰਡ ਦੀ ਚਾਅ ਦੇ ਪ੍ਰਵਾਹ, ਇਸ ਅਜ਼ਲ ਦੇ ਦਿਲ ਨੂੰ ਹਿਲਾ ਦੇਣ ਵਾਲੇ ਆਲੀਸ਼ਾਨ ਨੈਣੀ ਸ਼ਬਦ ਅਸ਼ਬਦ ਦੇ ਪ੍ਰਵਾਹ, ਇਸ ਮਹਾਂ ਜਵਾਲਾ ਦੇ ਪ੍ਰਵਾਹ, ਇਸ ਅੱਗ, ਬਿਜਲੀ, ਬੱਜਰ, ਸਰਬ ਲੋਹ ਤੇ ਖੰਡੇ ਦੇ ਪ੍ਰਵਾਹ ਨੂੰ ਸੰਸਾਰ ਵਿਚ ਠੀਕ ਕੋਈ ਝੱਲਣ ਵਾਲਾ ਨਹੀਂ ; ਨਾ ਇਹ ਝੱਲਿਆ ਜਾਏਗਾ । ਕਲਗ਼ੀਆਂ ਵਾਲੇ ਨੂੰ ਓੜਕ ਦਾ ਪਿਆਰ ਆਇਆ ਹੈ ; ਇਹ ਪਿਆਰ ਮਾਤਲੋਕ ਦੇ ਬੰਦਿਆਂ ਪਾਸੋਂ ਨਹੀਂ ਝੱਲਿਆ ਜਾਣਾ । ਇਹ ਨੈਣ-ਬਿਜਲੀ ਦਾ ਦੀਦਾਰ ਇਹਨਾਂ ਦੀਆਂ ਅੱਖਾਂ ਨਹੀਂ ਝੱਲ ਸਕਣਗੀਆਂ । ਸਤਿਗੁਰੂ ਨੇ ਉੱਤਰ ਦਿੱਤਾ, ਮੇਰਾ ਖ਼ਾਲਸਾ ਝੱਲੇਗਾ ; ਨਹੀਂ, ਜਰੇਗਾ, ਜਰ ਕੇ ਹਰਾ ਹੋਵੇਗਾ, ਉਠੇਗਾ, ਉਜਾੜ ਦੁਨੀਆ ਆਬਾਦ ਹੋਵੇਗੀ, ਨੰਗੀ ਦੁਨੀਆ ਸਜ ਜਾਏਗੀ । ਠਰਦੀ, ਭੁੱਖ ਮਰਦੀ ਦੁਨੀਆ ਰੱਜ ਜਾਏਗੀ । ਕੰਗਾਲ ਬਾਦਸ਼ਾਹ ਹੋਣਗੇ, ਕੁਲ ਨਾਨਕ ਸ਼ਾਹੀ ਅਟੁੱਟ, ਅਖੁੱਟ ਖ਼ਜ਼ਾਨਾ ਵਧੇਗਾ, ਦੇਗ ਤੇਗ਼ ਸਾਵਧਾਨ ਰਹੇਗੀ, ਘਰ ਘਰ ਸਾਧ ਦਾ ਅਸੰਗ ਪ੍ਰਕਾਸ਼ ਹੋਵੇਗਾ, ਪੁਰਾਣੇ ਸਿਲਸਿਲੇ ਉਲਟ ਜਾਣਗੇ, ਤੰਗ-ਦਿਲੀਆਂ, ਬਲਦੀਆਂ ਲਾਟਾਂ ਵੇਖ ਭੱਜ ਜਾਣਗੀਆਂ, ਸਿੱਧਾ-ਪੁੱਠਾ, ਨਿਰਾ ਵੱਡਾ-ਨੀਵਾਂ, ਉੱਚਾ, ਦੁਖੀ-ਸੁਖੀ, ਸਾਰੇ ਇਕ ਬੋਣ ਦੇ ਧਾਗੇ ਹੋਣਗੇ । ਖ਼ਾਲਸ ਖ਼ਾਲਸਾਈ ਜਦੋਂ ਜਾਗੇਗੀ, ਨਾਮ, ਧਿਆਨ ਤੇ ਪਿਆਰ ਦੀ ਅੱਗ ਛਾਤੀ ਛਾਤੀ ਮਘੇਗੀ ; ਪੁਰਾਣੇ ਢਹਿ ਜਾਣਗੇ, ਨਵੀਆਂ ਉਸਾਰੀਆਂ ਹੋਣਗੀਆਂ ।
ਪਰ ਠੀਕ ਬੋਲ ਕੇ ਨਹੀਂ ਚੁੱਪ ਨਾਲ।
ਪਾਰ ਉਪਦੇਸ਼ ਕੇ ਨਹੀਂ ਹੋ ਕੇ।
ਜਲਰੀ ਬਣਾ ਕੇ ਨਹੀਂ, ਆਪ ਬਣ ਕੇ।
ਪਰ ਗੱਲਾਂ ਨਾਲ ਨਹੀਂ ਸੱਚੀਂ ਅਪਣਾ ਕੇ।
ਦਿਲ ਲੈ ਕੇ ਨਹੀਂ ਦਿਲ ਦੇ ਕੇ।
ਜੀਵਨ ਕਿਸੀ ਦਾ ਖੋਹ ਕੇ ਨਹੀਂ ਖੁਹਾ ਕੇ।
ਮਾਰ ਕੇ ਨਹੀਂ ਮਰ ਕੇ।
ਜੀ ਕੇ ਨਹੀਂ ਜਿਵਾ ਕੇ।
ਰਾਜਾ ਬਣ ਕੇ ਨਹੀਂ ਰਾਜਾ ਬਣਾ ਕੇ।
ਗਿਆਨ ਅਹੰਕਾਰ ਨਾਲ ਨਹੀਂ ਪਿਆਰ ਭਾਵ ਨਾਲ।
ਕਿਸੇ ਆਚਰਨ ਦੇ ਮਾਣ ਵਿਚ ਨਹੀਂ ਦਇਆ ਰਾਮ ਵਿਚ।
ਸਭ ਦੁਨੀਆ ਖ਼ਾਲਸੇ ਨੂੰ ਦੇਖ ਕੇ ਖ਼ੁਸ਼ ਹੋਵੇਗੀ, ਦਰਸ਼ਨ ਕਰਕੇ ਕ੍ਰਿਤਾਰਥ ਹੋਵੇਗੀ । ਇਹ ਖ਼ਾਲਸ ਖ਼ਾਲਸਾ ਚਿੰਨ੍ਹ ਮੈਂ ਸਾਰੀ ਦੁਨੀਆ ਆਪਣੀ ਹੱਥੀਂ ਸਦਾ ਬਖ਼ਸ਼ਾਂਗਾ, ਤੁਸੀਂ ਕਾਹਲੇ ਨਾ ਪੈਣਾ ; ਬਸ ਸਜੇ ਰਹੋ, ਦੀਦਾਰੇ ਦਿਓ, ਐਨ ਉਵੇਂ ਜਿਵੇਂ ਮੈਂ ਤੁਹਾਨੂੰ ਬਣਾਇਆ ਹੈ । ਮੇਰੇ ਰੂਪ ਦੇ ਨਮੂਨੇ ਰਹੋ । ਸਾਖੀ ਹੋ ਕੇ ਜਗਤ ਖੇਡ ਦੇਖੀ ਜਾਓ । ਕਿਸੀ ਤੰਗ-ਦਿਲੀ ਦਾ ਸ਼ਿਕਾਰ ਨਾ ਹੋ ਜਾਣਾ । ਆਲੀਸ਼ਾਨ ਰਹਿਣਾ । ਮਨੁੱਖ ਜਾਤੀ ਥੀਂ ਵੱਖਰਾ ਕੋਈ ਫ਼ਿਰਕਾ ਫ਼ੁਰਕਾ ਨਾ ਬਣਾਣਾ, ਕੰਵਲ ਵਾਂਗ ਰਹਿਣਾ, ਜਗਮਗ ਜੋਤ ਵਿਚ ਜਾਗਦੇ ਰਹਿਣਾ । ਕੁਛ ਇਸ ਤਰ੍ਹਾਂ ਦੇ ਭਾਵਾਂ ਭਰੇ ਕਲਗ਼ੀ ਵਾਲੇ ਨੇ ਆਪਣੇ ਚਿੰਨ੍ਹਾਂ ਦੇ ਅਰਥ ਦੱਸ, ਸਾਡੀਆਂ ਅੱਖਾਂ ਅੱਗੋਂ ਅਲੋਪ ਹੈ ਗਏ ।
ਪਰ ਜਿਵੇਂ ਮਾਤਾ ਜੀ ਨੂੰ ਪੰਜ ਤੀਰ ਦਿੱਤੇ ਸਨ ਕਿ ਮੈਂ ਇਹਨਾਂ ਵਿਚ ਤੁਸਾਂ ਨੂੰ ਦਰਸ਼ਨ ਦਿਆਂ ਕਰਾਂਗਾ, ਬਸ ਉਵੇਂ ਹੀ ਸੱਚੇ ਪਾਤਿਸ਼ਾਹ ਨੇ ਆਪਣੇ ਬੱਚੇ ਖ਼ਾਲਸ ਖ਼ਾਲਸੇ ਨੂੰ ਆਪਣਾ ਸਾਰਾ ਰੂਪ ਬਖ਼ਸ਼ਿਆ । ਸਿਰੀ ਸਾਹਿਬ ਬਖ਼ਸ਼ੀ ; ਕੜਾ, ਕੱਛ, ਕਿਰਪਾਨ, ਕੰਘਾ ਬਖ਼ਸ਼ੇ ; ਕੇਸ ਬਖ਼ਸ਼ੇ ; ਦਾੜ੍ਹਾ ਬਖ਼ਸ਼ਿਆ ; ਘੋੜਾ ਚੜ੍ਹਨ ਨੂੰ ਬਖ਼ਸ਼ਿਆ, ਸਰਦਾਰ ਸ਼ਰਤ ਬਖ਼ਸ਼ੀ, ਸਭ ਕੁਛ ਬਖ਼ਸ਼ਿਆ, ਤੇ ਕਿਹਾ, ‘ਇਸ ਮੇਰੇ ਰੂਪ ਵਿਚ ਮੈਂ ਜ਼ਰੂਰ ਤੈਨੂੰ ਦਰਸ਼ਨ ਦਿਆਂ ਕਰਾਂਗਾ ; ਮੇਰੀ ਯਾਦਗਾਰ ਨੂੰ ਸਾਂਭ ਕੇ ਰੱਖਣਾ, ਇਹ ਮੇਰੀ ਪੂਜਾ ਤੇ ਪਿਆਰ ਹੈ ।’ ਮੇਰਾ ਘਰ, ਮੇਰਾ ਸਾਸ, ਮੇਰਾ ਮੰਦਰ, ਮੇਰਾ ਰੂਪ, ਇਹ ਸਭ ਹੈ ਖ਼ਾਲਸਾ।
ਕਿਤਾਬਾਂ: ਪ੍ਰੋ. ਪੂਰਨ ਸਿੰਘ ਦੀਆਂ ਸਾਰੀਆਂ ਕਿਤਾਬਾਂ(ਪੰਜਾਬੀ ਅਤੇ ਅੰਗਰੇਜ਼ੀ ਵਿੱਚ) ਇਸ ਲਿੰਕ ਤੋਂ ਖਰੀਦੋ …
ਮੇਰੇ, ਤੇਰੇ ਪਾਸ ਅਮਾਨਤ ਰੱਖੇ ਹਨ । ਇਹ ਚੀਜ਼ਾਂ ਮੇਰੀਆਂ ਹਨ, ਤੇਰੀਆਂ ਨਹੀਂ । ਮੰਨਿਆ ਤੈਨੂੰ ਇਹਨਾਂ ਦਾ ਪਤਾ ਨਹੀਂ, ਸਮਝ ਨਹੀਂ, ਪਰ ਮੇਰੀ ਅਮਾਨਤ ਆਪਣੇ ਪਾਸ ਰੱਖੀਂ ; ਰੋਜ਼ ਧੂਪ ਦੀਪ ਕਰੀਂ । ਮੈਨੂੰ ਯਾਦ ਕਰੀਂ । ਜਿਵੇਂ ਮੈਂ ਆਪਣੇ ਇਕ ਵੇਰੀ ਇਕ ਜਾਮੇ ਵਿਚ ਸ਼ਸਤਰ ਰੱਖੇ ਸਨ ਤੇ ਦੂਜੇ ਜਾਮੇ ਵਿਚ ਆ ਲਏ ਸਨ ; ਇਵੇਂ ਹੀ ਮੈਂ ਇਸੇ ਬਖ਼ਸ਼ੇ ਰੂਪ ਵਿਚ ਤੇਰੇ ਪਾਸ ਆ ਕੇ ਆਪਣੀ ਅਮਾਨਤ ਸਾਂਭਾਂਗਾ । ਖ਼ਬਰਦਾਰ ! ਜੇ ਮੇਰੀ ਅਮਾਨਤ ਕਿਸੀ ਹੋਰ ਨੂੰ ਦੇਵੇਂ ਯਾ ਬਖ਼ਸ਼ੇਂ ਯਾ ਅਜਾਈਂ ਸੁੱਟੇ, ਯਾ ਤ੍ਰਿਸਕਾਰੇਂ ਯਾ ਰੋਜ਼ ਦੀਦਾਰ ਨਾ ਕਰੇਂ । ਸਾਂਭ ਕੇ ਰੱਖੀਂ, ਹੇ ਖ਼ਾਲਸਾ ! ਤੂੰ ਦੇਖੇਂਗਾ ਕਿ ਜਦ ਮੇਰੇ ਰੂਪ ਦੇ ਤੂੰ ਆਪਣੇ ਇਸ ਮੇਰੇ ਦਿੱਤੇ ਰੂਪ ਵਿਚ ਦੀਦਾਰ ਕਰੇਂਗਾ, ਤੈਨੂੰ ਇਹੋ ਅਮਾਨਤਾਂ ਕਿੰਨੀਆਂ ਖ਼ੁਸ਼ੀ ਕਰਸਨ। ਇਹੋ ਫ਼ਕੀਰੀ, ਇਹੋ ਅਮੀਰੀ, ਇਸੇ ਵਿਚ ਤੈਨੂੰ ਸਭ ਕੁਛ ਪ੍ਰਾਪਤ ਹੋਵੇਗਾ ।
ਇਹ ਚਿੰਨ੍ਹ ਨਹੀਂ ਹਨ ; ਮਜ਼ਹਬੀ ਰੱਖਾਂ ਨਹੀਂ ਹਨ ; ਇਹ ਮਜ਼ਹਬੀ ਵਹਿਮ ਨਹੀਂ ; ਇਹ ਭੇਖ ਨਹੀਂ ; ਇਹ ਮੇਰਾ ਰੂਪ, ਮੇਰੇ ਕੇਸ ਹਨ, ਮੇਰਾ ਦਾੜ੍ਹਾ, ਮੇਰਾ ਕੜਾ, ਮੇਰੀ ਤਲਵਾਰ ਹੈ, ਮੇਰੀ ਕੱਛ, ਮੇਰੀ ਕਿਰਪਾਨ ਹੈ, ਇਹ ਕੰਘਾ ਮੇਰਾ ਹੈ । ਹੇ ਖ਼ਾਲਸਾ ! ਮੇਰੇ ਪਿਆਰ ਵਿਚ, ਮੇਰੀ ਯਾਦ ਵਿਚ, ਮੇਰੀਆਂ ਮਾਤ ਲੋਕੀ ਰੂਪ ਦੀਆਂ ਚੀਜ਼ਾਂ ਜੋ ਮੇਰੀਆਂ ਹੋਣ ਕਰਕੇ ਲਾਫ਼ਾਨੀ ਤੇ ਅਬਦਲ ਹਨ, ਤੂੰ ਧਾਰਨ ਕਰ । ਖ਼ਬਰਦਾਰ ! ਬੇ-ਅਦਬੀ ਨਾ ਕਰਨਾ ।
ਕਲਗ਼ੀਆਂ ਵਾਲੇ ਨੇ ਚਿੱਤ ਚਾ ਲਿਆ, ਬਾਜ਼ਾਂ ਵਾਲੇ ਨੇ ਫ਼ੈਸਲਾ ਕੀਤਾ, ਸੋਹਣੇ ਸਾਈਂ ਨੇ ਧਰਮ-ਬਰਤ ਧਾਰਨ ਕੀਤਾ, ਆਕਾਸ਼ ਕੰਬੇ, ਧਰਤੀ ਚਰਨਾਂ ਹੇਠ ਥਰਥਰਾਈ, ਚਰ ਅਚਰ ਸਹਿਮੇ, ਕੀ ਅਸੀਂ ਨਿਮਾਣੇ ਇਸ ਦੈਵੀ ਬਲ ਨੂੰ ਝੱਲ ਸਕਾਂਗੇ । ਸਤਿਗੁਰੂ ਨੇ ਆਪਣੀ ਹੱਥੀਂ ਖ਼ਾਲਸਾ ਸਜਾਇਆ, ਖ਼ਾਲਸੇ ਨੂੰ ਆਪਣਾ ਰੂਪ ਬਖ਼ਸ਼ਿਆ ਤੇ ਆਪਣੇ ਰੂਪ ਵਿਚ ਆਪਣੇ ਦਰਸ਼ਨ ਦੇਣ ਦਾ ਅਸੀਸੀ ਇਕਰਾਰ ਕੀਤਾ:
ਅੱਜ ਦਿਓ ਦੀਦਾਰ
ਕੇ ਕਰ ਇਕਰਾਰ ਗਏ ਹੋ।