ਗੁਰਦਾਸਪੁਰ: ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਦੇ ਨਾਲ-ਨਾਲ ਕੇਜਰੀਵਾਲ ਨੂੰ ਆਪਣੀ ਫੋਰਡ ਫਾਊਂਡੇਸ਼ਨ ਨੂੰ ਹੋਣ ਵਾਲੀ ਫੰਡਿੰਗ ਦੀ ਵੀ ਜਾਂਚ ਕਰਵਾ ਲੈਣੀ ਚਾਹੀਦੀ ਹੈ।
ਕੈਪਟਨ ਨੇ ਛੋਟੇਪੁਰ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ‘ਆਪ’ ਲੀਡਰਸ਼ਿਪ ਛੋਟੇਪੁਰ ਨੂੰ ਪਾਰਟੀ ਫੰਡ ਲੈਣ ਲਈ ਬਦਨਾਮ ਕਰ ਰਹੀ ਹੈ। ਉਨ੍ਹਾਂ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਹ ਸੁਖਪਾਲ ਖਹਿਰਾ ਤੇ ਹੋਰਨਾਂ ਆਗੂਆਂ ਵੱਲੋਂ ਬੀਤੇ ਮਹੀਨਿਆਂ ਦੌਰਾਨ ਅਮਰੀਕਾ ਤੇ ਕੈਨੇਡਾ ਦੀਆਂ ਫੇਰੀਆਂ ਮੌਕੇ ਲਏ ਗਏ ਮੋਟੇ ਪੈਸਿਆਂ ’ਤੇ ਚੁੱਪ ਕਿਉਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਫੋਰਡ ਫਾਊਂਡੇਸ਼ਨ ਸੀ.ਆਈ.ਏ. ਤੋਂ ਪੈਸੇ ਹਾਸਲ ਕਰਦੀ ਹੈ ਅਤੇ ਇਸਦੀ ਵੀ ਜਾਂਚ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਵਿਦੇਸ਼ੀ ਫੰਡਿੰਗ ਰਾਹੀਂ ਭਾਰਤ ਸਰਕਾਰ ਨੂੰ ਅਸਥਿਰ ਕਰਨ ਵਾਸਤੇ ਪੈਸੇ ਮਿਲ ਰਹੇ ਹਨ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਦੇ ਦਰਵਾਜ਼ੇ ਸੁੱਚਾ ਸਿੰਘ ਛੋਟੇਪੁਰ, ਨਵਜੋਤ ਸਿੱਧੂ, ਪ੍ਰਗਟ ਸਿੰਘ ਅਤੇ ਇੰਦਰਬੀਰ ਬੁਲਾਰੀਆ ਸਮੇਤ ਸਾਰਿਆਂ ਲਈ ਖੁੱਲ੍ਹੇ ਹਨ।
ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਉਣ ਲਈ ਗੁਰਦਾਸਪੁਰ ਵਿੱਚ ਡੀ.ਸੀ. ਦਫ਼ਤਰ ਦਾ ਘਿਰਾਓ ਕਰਕੇ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਅਮਰਿੰਦਰ ਸਿੰਘ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਘਰ ਦੁਪਹਿਰ ਦਾ ਖਾਣਾ ਖਾਣ ਲਈ ਪੁੱਜੇ। ਉਨ੍ਹਾਂ ਨਾਲ ਕਾਂਗਰਸ ਆਗੂ ਆਸ਼ਾ ਕੁਮਾਰੀ, ਅੰਬਿਕਾ ਸੋਨੀ, ਜਸਬੀਰ ਡਿੰਪਾ, ਰਮਨ ਭੱਲਾ, ਸੁਧੀਰ ਵਾਲੀਆ ਵੀ ਸਨ। ਬਾਜਵਾ ਪਰਿਵਾਰ ਵੱਲੋਂ ਫ਼ਤਿਹ ਜੰਗ ਸਿੰਘ ਬਾਜਵਾ ਨੂੰ ਕਾਂਗਰਸ ਦੀ ਟਿਕਟ ’ਤੇ ਹਲਕਾ ਕਾਦੀਆਂ ਤੋਂ 2017 ਦੀਆਂ ਚੋਣਾਂ ਲੜਨ ਦੇ ਲਏ ਗਏ ਫ਼ੈਸਲੇ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਪਟਨ ਨੇ ਆਖਿਆ ਕਿ ਉਹ ਬਾਜਵਾ ਪਰਿਵਾਰ ਦੇ ਫ਼ੈਸਲੇ ਨਾਲ ਪੂਰੀ ਤਰਾਂ ਸਹਿਮਤ ਹਨ। ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਸਬੰਧੀ ਉਨ੍ਹਾਂ ਆਖਿਆ ਕਿ ਅਜੇ ਤੱਕ ਕੋਈ ਤਰੀਕ ਤੈਅ ਨਹੀਂ ਹੈ ਪਰ ਸਤੰਬਰ ਦੇ ਅਖੀਰ ਤੱਕ ਕਾਂਗਰਸ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਕਾਦੀਆਂ ਸਥਿਤ ਘਰ ਵਿੱਚ ਉਨ੍ਹਾਂ ਨੂੰ ਮਿਲਣ ਗਏ ਅਤੇ ਕਰੀਬ ਅੱਧਾ ਘੰਟਾ ਉਨ੍ਹਾਂ ਨਾਲ ਮੀਟਿੰਗ ਕੀਤੀ।