ਸ੍ਰੀਨਗਰ (9 ਫਰਵਰੀ, 2015): ਭਾਰਤ ਸਰਕਾਰ ਵੱਲੋਂ ਭਾਰਤੀ ਸੰਸਦ ਦੇ ਹਮਲੇ ਦੇ ਦੋਸ਼ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਚਾੜਨ ਵਾਲੇ ਕਸ਼ਮੀਰੀ ਨਾਗਰਿਕ ਅਫਜ਼ਲ ਗੁਰੂ ਦੀ ਦੂਜੀ ਬਰਸੀ ਮੌਕੇ ਕਸ਼ਮੀਰ ਬੰਦ ਰਿਹਾ ਅਤੇ ਕਈ ਥਾਂਈ ਰੋਸ ਮੁਜ਼ਾਹਰੇ ਹੋਏ।
ਕਸ਼ਮੀਰ ਦੇ ਬਾਰਾਮੁੱਲਾ ਜਿਲ੍ਹੇ ਦੇ ਪਲਹਲਨ ਇਲਾਕੇ ਵਿਚ ਅਫਜ਼ਲ ਗੁਰੂ ਨੂੰ ਫਾਂਸੀ ‘ਤੇ ਲਟਕਾਉਣ ਦੀ ਦੂਸਰੀ ਬਰਸੀ ਮੌਕੇ ਮੁਜ਼ਾਹਰਾ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਸੁਰੱਖਿਆ ਬਲਾਂ ਵਲੋਂ ਗੋਲੀ ਚਲਾਉਣ ਨਾਲ ਇਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ।
ਭਾਰਤੀ ਸੁਰੱਖਿਆ ਦਸਤਿਆਂ ਵੱਲੋਂ ਚਲਾਈ ਗੋਲੀ ਨਾਲ ਫਾਰੂਕ ਅਹਿਮਦ ਭੱਟ ਨਾਂਅ ਦਾ ਨੌਜਵਾਨ ਮਾਰਿਆ ਗਿਆ ਅਤੇ ਇਕ ਹੋਰ ਰਿਆਜ਼ ਅਹਿਮਦ ਡਾਰ ਜ਼ਖ਼ਮੀ ਹੋ ਗਿਆ ਙਜਿਸਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੁਚਨਾ ਮਿਲਦੇ ਸਾਰ ਹੀ ਉੱਚ ਸਿਵਲ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ , ਜਿੱਥੇ ਰੋਸ ਮਜ਼ਾਹਰਾ ਕੀਤਾ ਜਾ ਰਿਹਾ ਸੀ।
ਇਸੇ ਦੌਰਾਨ ਹੀ ਗੋਲੀਬਾਰੀ ਦੀ ਘਟਨਾ ਨੂੰ ਅਫਸੋਸਨਾਕ ਅਤੇ ਮਾੜੀ ਕਹਿੰਦਿਆਂ ਪੁਲਿਸ ਨੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ।