Site icon Sikh Siyasat News

ਕਸ਼ਮੀਰ: ਐਨ.ਆਈ.ਏ. ਵਲੋਂ 7 ਕਸ਼ਮੀਰੀ ਆਗੂਆਂ ਦਾ ਦਿੱਲੀ ਵਿਖੇ 10 ਦਿਨਾਂ ਪੁਲਿਸ ਰਿਮਾਂਡ

ਨਵੀਂ ਦਿੱਲੀ: ਕਸ਼ਮੀਰ ਵਿੱਚ ਸਰਗਰਮੀਆਂ ਲਈ ਪਾਕਿਸਤਾਨ ਤੋਂ ਮਾਇਕ ਇਮਦਾਦ ਲੈਣ ਦੇ ਦੋਸ਼ ਲਾ ਕੇ ਗ੍ਰਿਫ਼ਤਾਰ ਕੀਤੇ ਸੱਤ ਅਜ਼ਾਦੀ ਪਸੰਦ ਕਸ਼ਮੀਰੀ ਆਗੂਆਂ ਨੂੰ ਦਿੱਲੀ ਦੀ ਇਕ ਅਦਾਲਤ ਨੇ ਦਸ ਦਿਨਾਂ ਲਈ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੌਰਾਨ ਐਨਆਈਏ ਨੇ ਇਸੇ ਮਾਮਲੇ ’ਚ ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਤੋਂ ਦੋ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਦੀ ਪਛਾਣ ਆਤਿਫ਼ ਤੇ ਆਸਿਫ਼ ਵਜੋਂ ਹੋਈ ਹੈ।

ਕਸ਼ਮੀਰੀ ਆਗੂਆਂ ਨੂੰ ਦਿੱਲੀ ਪੁਲਿਸ ਦੀ ਬੱਸ ‘ਚ ਅਦਾਲਤ ‘ਚ ਪੇਸ਼ ਕਰਨ ਲਿਆਉਂਦੀ ਹੋਈ ਪੁਲਿਸ

ਓਧਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ 20 ਸਾਲ ਪੁਰਾਣੇ ਕੇਸ ਵਿੱਚ ਅਜ਼ਾਦੀ ਪਸੰਦ ਆਗੂ ਸ਼ਬੀਰ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਕੈਮਰੇ ਹੇਠ ਹੋਈ ਅਦਾਲਤੀ ਕਾਰਵਾਈ ਦੌਰਾਨ ਜ਼ਿਲ੍ਹਾ ਜੱਜ ਪੂਨਮ ਬਾਂਬਾ ਨੇ ਐਨਆਈਏ ਨੂੰ ਗ੍ਰਿਫਤਾਰ ਕਸ਼ਮੀਰੀ ਆਗੂਆਂ ਨਈਮ ਖ਼ਾਨ, ਅਲਤਾਫ਼ ਅਹਿਮਦ ਸ਼ਾਹ, ਆਫ਼ਤਾਬ ਹਿਲਾਲੀ ਸ਼ਾਹ ਉਰਫ਼ ਸ਼ਾਹਿਦ ਉਲ ਇਸਲਾਮ, ਅਯਾਜ਼ ਅਕਬਰ, ਪੀਰ ਸੈਫ਼ੁੱਲ੍ਹਾ, ਰਾਜਾ ਮਹਿਰਾਜੂਦੀਨ ਕਲਵਾਲ ਤੇ ਫ਼ਾਰੂਕ ਅਹਿਮਦ ਡਾਰ ਉਰਫ਼ ਬਿੱਟਾ ਕਰਾਟੇ ਤੋਂ ਪੁੱਛਗਿੱਛ ਲਈ 4 ਅਗਸਤ ਤੱਕ ਦਾ ਰਿਮਾਂਡ ਦੇ ਦਿੱਤਾ ਹੈ। ਏਜੰਸੀ ਨੇ ਅਦਾਲਤ ਤੋਂ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਸੀ ਕਿ ਇਨ੍ਹਾਂ ਕਸ਼ਮੀਰੀ ਆਗੂਆਂ ਤੋਂ ਪੁੱਛਗਿਛ ਲਈ ਉਨ੍ਹਾਂ ਨੂੰ ਜੰਮੂ ਕਸ਼ਮੀਰ ਤੇ ਹੋਰਨਾਂ ਥਾਵਾਂ ’ਤੇ ਲਿਜਾਣ ਦੀ ਲੋੜ ਹੈ। ਚੇਤੇ ਰਹੇ ਕਿ ਇਨ੍ਹਾਂ 6 ਕਸ਼ਮੀਰੀ ਆਗੂਆਂ ਨੂੰ ਬੀਤੇ ਦਿਨ ਸ੍ਰੀਨਗਰ ਤੋਂ ਗ੍ਰਿਫ਼ਤਾਰ ਕਰਨ ਮਗਰੋਂ ਦਿੱਲੀ ਲਿਆਂਦਾ ਗਿਆ ਸੀ ਜਦਕਿ ਫਾਰੂਕ ਅਹਿਮਦ ਡਾਰ ਨੂੰ ਇਥੋਂ ਹੀ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਤੇ ਭਾਰਤ ਖ਼ਿਲਾਫ਼ ਜੰਗ ਛੇੜਨ ਦੇ ਦੋਸ਼ ਆਇਦ ਕੀਤੇ ਗਏ ਹਨ। ਗ੍ਰਿਫਤਾਰ ਆਗੂਆਂ ’ਚੋਂ ਅਲਤਾਫ਼ ਅਹਿਮਦ ਸ਼ਾਹ ਹੁਰੀਅਤ ਆਗੂ ਸਈਦ ਅਲੀ ਸ਼ਾਹ ਗਿਲਾਨੀ ਦਾ ਜਵਾਈ ਹੈ।

ਸਬੰਧਤ ਖ਼ਬਰ:

ਕਸ਼ਮੀਰ: ਐਨ.ਆਈ.ਏ. ਨੇ “ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਲਈ” ਹੁਰੀਅਤ ਦੇ 7 ਆਗੂਆਂ ਨੂੰ ਕੀਤਾ ਗ੍ਰਿਫਤਾਰ …

ਐਨਆਈਏ ਦੇ ਸਰਕਾਰੀ ਵਕੀਲ ਸੁਰਿੰਦਰ ਸਿੰਘ ਨੇ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਗ੍ਰਿਫਤਾਰ ਆਗੂ ਕੇਂਦਰ ਸਰਕਾਰ ਵੱਲੋਂ ਮਿਲੀ ਸੁਰੱਖਿਆ ਛਤਰੀ ਹੇਠ ਵਾਦੀ ਨੂੰ ਅਸਥਿਰ ਕਰਨ ਲਈ ਗੈਰਕਾਨੂੰਨੀ ਸਰਗਰਮੀਆਂ ’ਚ ਸ਼ੁਮਾਰ ਸਨ। ਏਜੰਸੀ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਗੱਲ ਦੀ ਪੁਖਤਾ ਜਾਣਕਾਰੀ ਹੈ ਕਿ ਜੰਮੂ ਕਸ਼ਮੀਰ ਵਿੱਚ “ਦਹਿਸ਼ਤੀ ਸਰਗਰਮੀਆਂ” ਨੂੰ ਹਵਾ ਦੇਣ ਲਈ ਜਮਾਤ-ਉਦ-ਦਾਵਾ ਤੇ ਹੂਰੀਅਤ ਕਾਨਫਰੰਸ ਦੇ ਮੈਂਬਰਾਂ ਸਮੇਤ ਅਜ਼ਾਦੀ ਪਸੰਦ ਆਗੂ ਵਿੱਤੀ ਇਮਦਾਦ ਲਈ ਹਿਜ਼ਬੁਲ ਮੁਜਾਹਿਦੀਨ, ਦੁਖਤਾਰਨ-ਏ-ਮਿਲਾਤ ਤੇ ਲਸ਼ਕਰੇ ਤਇਬਾ ਤੇ ਹੋਰਨਾਂ ਜਥੇਬੰਦੀਆਂ ਦੇ ਸੰਪਰਕ ’ਚ ਸਨ। ਏਜੰਸੀ ਨੇ ਕਿਹਾ ਕਿ ਵੱਖਵਾਦੀਆਂ ਨੂੰ ਹੋਰਨਾਂ ਮੁਲਜ਼ਮਾਂ ਤੇ ਗਵਾਹਾਂ ਦੇ ਰੂਬਰੂ ਅਤੇ ਬਰਾਮਦ ਦਸਤਾਵੇਜ਼ਾਂ ਸਬੰਧੀ ਪੁੱਛਗਿੱਛ ਲਈ ਹਿਰਾਸਤ ’ਚ ਲੈਣਾ ਜ਼ਰੂਰੀ ਹੈ। ਉਧਰ ਦੂਜੀ ਧਿਰ ਦੇ ਵਕੀਲ ਰਵੀ ਕਾਜ਼ੀ, ਸ਼ਿਖਾ ਪਾਂਡੇ, ਰਜਤ ਕੁਮਾਰ ਤੇ ਹਰਸ਼ ਬੋਰਾ ਨੇ ਐਨਆਈਏ ਵੱਲੋਂ ਮੰਗੇ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਵੱਕਿਲਾਂ ਨੂੰ ਝੂਠੇ ਕੇਸ ’ਚ ਫ਼ਸਾਇਆ ਜਾ ਰਿਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version