ਸਿਆਸੀ ਖਬਰਾਂ

ਕਸ਼ਮੀਰ: ਹੁਰੀਅਤ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੂੰ ਪਹਿਲੀ ਵਾਰ ਗ੍ਰਿਫਤਾਰ ਕੀਤਾ ਗਿਆ

By ਸਿੱਖ ਸਿਆਸਤ ਬਿਊਰੋ

August 28, 2016

ਸ੍ਰੀਨਗਰ: ਹੁਰੀਅਤ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੂੰ ਸ਼ੁੱਕਰਵਾਰ ਨੂੰ ਉਦੋਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਈਦਗਾਹ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਮੀਰਵਾਇਜ਼ ਨੂੰ ਸੈਲਾਨੀਆ ਲਈ ਬਣੀ ਥਾਂ ਚਸ਼ਮਾ ਸ਼ਾਹੀ ਵਿਖੇ ਭੇਜ ਦਿੱਤਾ ਗਿਆ, ਜੋ ਕਿ ਹੁਣ ਛੋਟੀ ਜੇਲ੍ਹ ਬਣ ਚੁਕੀ ਹੈ।

ਹਾਲਾਂਕਿ ਅਜ਼ਾਦੀ ਪਸੰਦ ਆਗੂ ਮੀਰਵਾਇਜ਼ ਨੂੰ ਕਈ ਵਾਰ ਘਰ ਵਿਚ ਹੀ ਨਜ਼ਰਬੰਦ ਕੀਤਾ ਗਿਆ ਪਰ ਹਾਲ ਦੇ ਦਿਨਾਂ ‘ਚ ਇਹ ਉਨ੍ਹਾਂ ਦੀ ਪਹਿਲੀ ਗ੍ਰਿਫਤਾਰੀ ਹੈ।

ਕਸ਼ਮੀਰ ਸਰਕਾਰ ਦੇ ਬੁਲਾਰੇ ਅਤੇ ਸਿੱਖਿਆ ਮੰਤਰੀ ਨਈਮ ਅਖਤਰ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ, “ਹਾਲਾਤ ਠੀਕ ਕਰਨ ਲਈ ਇਹ ਜ਼ਰੂਰੀ ਸੀ।” ਹਾਲਾਂਕਿ ਪੁਲਿਸ ਨੇ ਇਸ ਮਾਮਲੇ ‘ਚ ਚੁੱਪ ਧਾਰੀ ਹੋਈ ਹੈ।

8 ਜੁਲਾਈ ਨੂੰ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਹੁਣ ਤਕ 70 ਤੋਂ ਵੱਧ ਕਸ਼ਮੀਰੀ ਭਾਰਤੀ ਫੌਜੀ ਦਸਤਿਆਂ ਹੱਥੋਂ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਹਨ। ਹੁਰੀਅਤ ਦੇ ਗਰਮ ਧੜੇ ਦੇ ਚੇਅਰਮੈਨ ਸਅੀਅਦ ਅਲੀ ਸ਼ਾਹ ਗਿਲਾਨੀ ਨੇ ਗ੍ਰਿਫਤਾਰੀ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਸਰਕਾਰ ਖਿਝ ਕੇ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ।

ਸ਼ਨੀਵਾਰ ਨੂੰ ਫੌਜ ਦੇ ਮੁੱਖ ਦਫਤਰ ਵੱਲ ਜਾਂਦੀਆਂ ਸਾਰੀਆਂ ਸੜਕਾਂ ਨੂੰ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਨੇ ਬੰਦ ਕਰ ਦਿੱਤਾ ਸੀ। ਹੁਰੀਅਤ ਨੇ ਇਕ ਚਿੱਠੀ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਚਿੱਠੀ ਭਾਰਤੀ ਫੌਜੀ ਅਫਸਰਾਂ ਨੂੰ ਈ-ਮੇਲ ਕਰਨ। ਭਾਰਤ ਦੇ ਫੌਜ ਮੁਖੀ ਦਲਬੀਰ ਸਿੰਘ ਵਲੋਂ ਮੰਗਲਵਾਰ ਨੂੰ ਕਸ਼ਮੀਰ ਫੇਰੀ ਤੋਂ ਬਾਅਦ ਹੁਰੀਅਤ ਨੇ ਫੌਜ ਦੇ ਮੁੱਖ ਦਫਤਰ ਵਲ ਮਾਰਚ ਕਰਨ ਦਾ ਪ੍ਰੋਗਰਾਮ ਬਣਾਇਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: