July 1, 2017 | By ਸਿੱਖ ਸਿਆਸਤ ਬਿਊਰੋ
ਸ੍ਰੀਨਗਰ: ਮੀਡੀਆ ਦੀਆਂ ਖ਼ਬਰਾਂ ਮੁਤਾਬਕ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅਨੰਤਨਾਗ ‘ਚ ਅੱਜ ਸ਼ਨੀਵਾਰ ਨੂੰ ਭਾਰਤੀ ਫੌਜੀ ਦਸਤਿਆਂ ਅਤੇ ਕਸ਼ਮੀਰੀ ਮੁਜਾਹਦੀਨਾਂ ਦਰਮਿਆਨ ਹੋਈ ਗੋਲੀਬਾਰੀ ‘ਚ ਦੋ ਮੁਜਾਹਦੀਨਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਗੋਲੀਬਾਰੀ ‘ਚ ਦੋ ਆਮ ਨਾਗਰਿਕਾਂ ਦੀ ਵੀ ਮੌਤ ਦੀ ਖ਼ਬਰ ਹੈ। ਇਹ ਘਟਨਾ ਸ੍ਰੀਨਗਰ ਤੋਂ 60 ਕਿਲੋਮੀਟਰ ਦੂਰ ਅਨੰਤਨਾਗ ਜ਼ਿਲ੍ਹੇ ਦੇ ਬਰੇਂਟੀ ਬਟਪੋਰਾ ਦੀ ਹੈ।
ਵੱਖ-ਵੱਖ ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਕ ਭਾਰਤੀ ਫੌਜ ਅਤੇ ਪੁਲਿਸ ਨੂੰ ਇਲਾਕੇ ‘ਚ ਮੁਜਾਹਦੀਨਾਂ ਦੇ ਹੋਣ ਦੀ ਮੁਖਬਰੀ ਮਿਲੀ ਸੀ। ਇਸਤੋਂ ਬਾਅਦ ਭਾਰਤੀ ਫੌਜੀ ਦਸਤਿਆਂ ਨੇ ਪੂਰਾੇ ਇਲਾਕੇ ਨੂੰ ਘੇਰਾ ਪਾ ਲਿਆ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ‘ਚ ਲਸ਼ਕਰ-ਏ-ਤੱਈਬਾ ਦਾ ਇਕ ਕਮਾਂਡਰ ਬਸ਼ੀਰ ਲਸ਼ਕਰੀ ਅਤੇ ਉਸਦਾ ਇਕ ਸਾਥੀ ਮਰ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਮਾਰੇ ਗਏ ਬਸ਼ੀਰ ਲਸ਼ਕਰੀ ਦਾ ਜੰਮੂ-ਕਸ਼ਮੀਰ ਦੇ 6 ਪੁਲਿਸ ਵਾਲਿਆਂ ਦੇ ਕਤਲ ‘ਚ ਅਹਿਮ ਰੋਲ ਸੀ।
ਪੁਲਿਸ ਮੁਖੀ ਸ਼ੇਸ਼ਪਾਲ ਵੈਦ ਨੇ ਮੀਡੀਆ ਨੂੰ ਦੱਸਿਆ, “ਇਸ ਮੁਕਾਬਲੇ ‘ਚ ਬਸ਼ੀਰ ਲਸ਼ਕਰੀ ਸਣੇ ਦੋ ਮੁਜਾਹਿਦ ਮਾਰੇ ਗਏ। ਬਸ਼ੀਰ ਲਸ਼ਕਰੀ ਮਾਰੇ ਗਏ ਪੁਲਿਸ ਅਧਿਕਾਰੀ ਫਿਰੋਜ਼ ਅਹਿਮਦ ਦੇ ਕਤਲ ‘ਚ ਸ਼ਾਮਲ ਸੀ। ਬਸ਼ੀਰ ਲਸ਼ਕਰੀ ਦੀ ਮੌਤ ਸਾਡੇ ਲਈ ਵੱਡੀ ਕਾਮਯਾਬੀ ਹੈ।”
ਇਸ ਮੁਕਾਬਲੇ ਦੌਰਾਨ ਇਕ 42 ਸਾਲਾ ਔਰਤ ਤਾਹਿਰਾ ਦੀ ਭਾਰਤੀ ਫੌਜ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਨਾਲ ਹੀ, ਸ਼ਾਦਾਬ ਅਹਿਮਦ ਨਾਂ ਦਾ ਨੌਜਵਾਨ ਪ੍ਰਦਰਸ਼ਨਾਂ ਦੌਰਾਨ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਅਤੇ ਸ੍ਰੀਨਗਰ ਦੇ ਸਕਿਮਸ ਹਸਪਤਾਲ ‘ਚ ਉਸਦੀ ਮੌਤ ਹੋ ਗਈ। ਭਾਰਤੀ ਨੀਮ ਫੌਜੀ ਅਤੇ ਪੁਲਿਸ ਨਾਲ ਹੋਈਆਂ ਝੜਪਾਂ ‘ਚ ਕਈ ਸਥਾਨਕ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਾਇਆ ਗਿਆ।
ਇਸ ਇਲਾਕੇ ‘ਚ ਸਵੇਰੇ ਪੁਲਿਸ, ਅਤੇ ਭਾਰਤੀ ਫੌਜੀਆਂ ਨੂੰ ਦੇਖਦੇ ਹੀ ਸਥਾਨਕ ਲੋਕ ਘਰਾਂ ਤੋਂ ਬਾਹਰ ਆ ਕੇ ਪ੍ਰਦਰਸ਼ਨ ਕਰਨ ਲੱਗੇ ਅਤੇ “ਮੁਕਾਬਲੇ” ਵਾਲੀ ਥਾਂ ‘ਤੇ ਜਾਣ ਦੀ ਕੋਸ਼ਿਸ਼ ਕਰਨ ਲੱਗੇ। ਖਬਰਾਂ ਦੇ ਮੁਤਾਬਕ, ਬਸ਼ੀਰ ਲਸ਼ਕਰੀ ਦੇ ਮਾਰੇ ਜਾਣ ਦੀ ਖ਼ਬਰ ਮਿਲਦੇ ਹੀ ਹਜ਼ਾਰਾਂ ਲੋਕ ਉਸਦੇ ਘਰ ਵੱਲ ਨੂੰ ਮਾਰਚ ਕਰਨੇ ਸ਼ੁਰੂ ਹੋ ਗਏ।
ਬਸ਼ੀਰ ਦਾ ਘਰ “ਮੁਕਾਬਲੇ” ਵਾਲੀ ਥਾਂ ਤੋਂ 20 ਕਿਲੋਮੀਟਰ ਦੂਰ ਹੈ। ਦੱਖਣੀ ਕਸ਼ਮੀਰ ਜੋ ਕਿ ਮੁਜਾਹਦੀਨਾਂ ਦੇ ਸਮਰਥਕਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਬੀਤੇ ਇਕ ਮਹੀਨੇ ‘ਚ ਇੱਥੇ ਕਰੀਬ 25 ਮੁਜਾਹਦੀਨ “ਮੁਕਾਬਲਿਆਂ” ‘ਚ ਮਾਰੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਵਰ੍ਹੇ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਕਾਫੀ ਸਥਾਨਕ ਨੌਜਵਾਨ ਹਥਿਆਰਬੰਦ ਸੰਘਰਸ਼ ‘ਚ ਸ਼ਾਮਲ ਹੋ ਗਏ, ਜਿਨ੍ਹਾਂ ਵਿਚੋਂ ਕਈ ਤਾਂ ਮਾਰ ਦਿੱਤੇ ਗਏ।
Related Topics: All News Related to Kashmir, Indian Army, LeT