ਚੰਡੀਗੜ੍ਹ: ਪਾਕਿਸਤਾਨ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸੰਬੰਧੀ ਭੇਜੀ ਗਈ ਤਜ਼ਵੀਜ ਵਿੱਚ ਸਿਰਫ ਸਿੱਖਾਂ ਨੂੰ ਹੀ ਪਾਕਿਸਤਾਨ ਦੀ ਹਦੂਦ ਅੰਦਰ ਪੈਂਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਨਾਰੋਵਾਲ ਦੇ ਦਰਸ਼ਨਾਂ ਦੀ ਖੁਲ੍ਹ ਦੇਣ ‘ਤੇ ਪੂਰਬੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਰਾਜ ਜ਼ਾਹਰ ਕੀਤੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ” ਗੁਰੂ ਨਾਨਕ ਸਾਹਬ ਦੀ ਵਿਚਾਰਧਾਰਾ ਸਰਬ ਸਾਂਝੀ ਹੈ ਹਰੇਕ ਧਰਮ ਦੇ ਲੋਕ ਗੁਰੂ ਨਾਨਕ ਪਾਤਸ਼ਾਹ ਪ੍ਰਤੀ ਸ਼ਰਧਾ ਰੱਖਦੇ ਹਨ।
ਪੰਜਾਬ ਦੇ ਮੁੱਖ ਮੰਤਰੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ” ਜਦੋਂ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਰਾਹੀਂ ਆਪਣੇ ਅਧਿਕਾਰ ਖੇਤਰ ਵਿਚ ਦਾਖਲੇ ਨੂੰ ਨਿਯਮਤ ਕਰਨ ਲਈ ਸਮਝੌਤੇ ਦਾ ਖਰੜਾ ਭੇਜਿਆ ਜਾਵੇਗਾ ਤਾਂ ਉਸ ਵੇਲੇ ਇਸ ਮਸਲਾ ਪਾਕਿਸਤਾਨ ਸਰਕਾਰ ਸਾਹਮਣੇ ਚੁੱਕਿਆ ਜਾਵੇ।”
ਉਹਨਾਂ ਕਿਹਾ ਕਿ ” ਇਹ ਠੀਕ ਹੈ ਕਿ ਪਾਕਿਸਤਾਨ ਨੂੰ ਆਪਣੇ ਖੇਤਰ ਦੀ ਸੁਰੱਖਿਆ ਨਾਲ ਸੰਬੰਧਤ ਸ਼ਰਤਾਂ ਤੈਅ ਕਰਨ ਦਾ ਪੂਰਾ ਹੱਕ ਹੈ, ਪਰ ਇਸ ਪੱਖ ਨੂੰ ਵੀ ਵਿਚਾਰਨਾ ਚਾਹੀਦਾ ਹੈ ਕਿ ਪਹਿਲੇ ਪਾਤਸ਼ਾਹ ਦੀ ਵਿਚਾਰਧਾਰਾ ਸਿਰਫ ਸਿੱਖਾਂ ਤੱਕ ਮਹਿਦੂਦ ਨਹੀਂ ਸਗੋਂ ਸਾਰੇ ਧਰਮਾਂ ਦੇ ਲੋਕ ਗੁਰੂ ਪਾਤਸ਼ਾਹ ਵਲੋਂ ਦਰਸਾਏ ਰਾਹ ‘ਤੇ ਤੁਰਦੇ ਹਨ, ਸਿੱਖ ਸਿਧਾਂਤਾਂ ਵਿਚ ਵਿਤਕਰੇ ਦਾ ਕੋਈ ਥਾਂ ਨਹੀਂ ਹੈ ਅਤੇ ਲੰਗਰ ਦੀ ਸੇਵਾ ਦਾ ਸੰਕਲਪ ਵੀ ਜਾਤ-ਪਾਤ ਤੋਂ ਰਹਿਤ ਹੈ, ਸਿੱਖ ਗੁਰਦੁਆਰਿਆਂ ਦੇ ਦਰਵਾਜੇ ਬਿਨਾਂ ਪੱਖਪਾਤ ਤੋਂ ਹਰੇਕ ਮਨੁੱਖ ਲਈ ਹਮੇਸ਼ਾ ਖੁੱਲ੍ਹੇ ਹਨ।
ਉਹਨਾਂ ਪਾਕਿਸਤਾਨ ਵਲੋਂ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਸਿਰਫ 500 ਰੱਖੇ ਜਾਣ ਤੇ ਰੋਸ ਜਾਹਰ ਕੀਤਾ ਅਤੇ ਕਿਹਾ ਕਿ ਇਹ ਗਿਣਤੀ ਵਧਾਈ ਜਾਣੀ ਚਾਹੀਦੀ ਹੈ ਤੇ ਸ਼ਰਧਾਲੂਆਂ ਨੂੰ 15-15 ਦੇ ਗੁੱਟਾਂ ਦੀ ਥਾਵੇਂ ਇਕੱਲੇ ਤੌਰ ‘ਤੇ ਜਾਣ ਦੀ ਵੀ ਖੁੱਲ੍ਹ ਹੋਣੀ ਚਾਹੀਦੀ ਹੈ।