ਇਸਲਾਮਾਬਾਦ: ਪਾਕਿਸਤਾਨ ਦੇ ਹਿੱਸੇ ਵਾਲੇ ਲਹਿੰਦੇ ਪੰਜਾਬ ਵਿਚ ਸਰਹੱਦ ਦੇ ਨਾਲ ਪੈਂਦੇ ਸਿੱਖਾਂ ਦੇ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸੌਖ ਲਈ ਸੁਰੱਖਿਅਤ ਲਾਂਘਾ ਬਣਾਉਣ ਦੇ ਆਪਣੇ ਫੈਂਸਲੇ ਨੂੰ ਜਿੱਥੇ ਪਾਕਿਸਤਾਨ ਦੀ ਸਰਕਾਰ ਨੇ ਮੁੜ ਦੁਹਰਾਇਆ ਹੈ, ਉੱਥੇ ਭਾਰਤ ਸਰਕਾਰ ਸਿੱਖਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਇਸ ਮੰਗ ਵੱਲ ਕੋਈ ਧਿਆਨ ਨਹੀਂ ਦੇ ਰਹੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਹੈ ਕਿ ਗੱਲਬਾਤ ਰਾਹੀਂ ਹੀ ਦੋਵੇਂ ਮੁਲਕਾਂ ਦਰਮਿਆਨ ਸਾਰੇ ਮਸਲੇ ਹੱਲ ਹੋ ਸਕਦੇ ਹਨ ਤੇ ਉਹ ਗੱਲਬਾਤ ਲਈ ਤਿਆਰ ਹਨ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਜਦੋਂ ਪੱਤਰਕਾਰਾਂ ਨੇ ਕਰਤਾਰਪੁਰ ਲਾਂਘੇ ਸਬੰਧੀ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜੇ ਦੋਵਾਂ ਮੁਲਕਾਂ ਦਰਮਿਆਨ ਗੱਲਬਾਤ ਨਹੀਂ ਹੁੰਦੀ ਤਾਂ ਕੁਝ ਨਹੀਂ ਕੀਤਾ ਜਾ ਸਕਦਾ।
ਜਿਕਰਯੋਗ ਹੈ ਕਿ ਲਹਿੰਦੇ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਵਿਚ ਸਥਿਤ ਕਰਤਾਰਪੁਰ ਨੂੰ ਗੁਰੂ ਨਾਨਕ ਦੇਵ ਜੀ ਨੇ 1522 ਵਿਚ ਵਸਾਇਆ ਸੀ। ਇਹ ਸਥਾਨ ਚੜ੍ਹਦੇ ਪੰਜਾਬ ਤੋਂ ਮਹਿਜ਼ 4 ਕਿਲੋਮੀਟਰ ਦੀ ਦੂਰੀ ‘ਤੇ ਸਥਾਪਿਤ ਹੈ।
ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੋਂਹ ਚੁੱਕ ਸਮਾਗਮ ‘ਤੇ ਇਸਲਾਮਾਬਾਦ ਗਏ ਚੜ੍ਹਦੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਆਗੂਆਂ ਨੇ ਯਕੀਨ ਦਿੱਤਾ ਸੀ ਕਿ ਉਹ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਤਿਆਰ ਹਨ। ਇਹ ਲਾਂਘਾ ਨਵੰਬਰ 2019 ਵਿਚ ਆ ਰਹੇ ਗੁਰੁ ਨਾਨਕ ਦੇਵ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਲਈ ਖੋਲ੍ਹੇ ਜਾਣ ਦੀ ਵਿਚਾਰ ਚੱਲ ਰਹੀ ਹੈ।
ਪਰ ਹੁਣ ਤਕ ਭਾਰਤ ਸਰਕਾਰ ਦਾ ਰਵੱਈਆ ਇਸ ਮਸਲੇ ‘ਤੇ ਨਾਂਹ ਪੱਖੀ ਹੀ ਰਿਹਾ ਹੈ।