ਕਰਨਾਲ: ਹਰਿਆਣਾ ਸਰਕਾਰ ਦੇ ਕਰਿੰਦਿਆਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਦੀ ਫੇਰੀ ਮੌਕੇ 28 ਸਤੰਬਰ ਨੂੰ ਪਿੰਡ ਡਾਚਰ ਦੇ ਗੁਰਦੁਆਰਾ ਸਾਹਿਬ ਵਿੱਚ ਲੱਗੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਾਹੁਣ ਲਈ ਕਹਿਣ ਤੋਂ ਸਿੱਖ ਸੰਗਤਾਂ ਵਿੱਚ ਡਾਹਡਾ ਰੋਸ ਅਤੇ ਰੋਹ ਹੈ। ਜਿੱਥੇ ਸਿੱਖ ਸੰਗਤਾਂ ਨੇ ਗੁਰਦੁਆਰਾ ‘ਰਾਜ ਕਰੇਗਾ ਖਾਲਸਾ’ ਸਾਹਿਬ (ਪਿੰਡ ਡਾਚਰ) ਦੇ ਲੰਗਰ ਹਾਲ ਵਿੱਚ ਲੱਗੀ ਉਹ ਤਸਵੀਰ ਹਟਾਉਣ ਤੋਂ ਸਾਫ ਮਨ੍ਹਾ ਕਰ ਦਿੱਤਾ ਸੀ ਓਥੇ ਹੁਣ ਕਰਨਾਲ ਜਿਲ੍ਹੇ ਦੇ ਹੋਰਨਾਂ ਗੁਰਦੁਆਰਾ ਸਾਹਿਬਾਨ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲਾਈਆਂ ਜਾ ਰਹੀਆਂ ਹਨ।
ਬੀਤੇ ਦਿਨੀਂ (6 ਅਕਤੂਬਰ) ਨੂੰ ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਪਿੰਡ ਡਾਚਰ ਵਿਖੇ ਇਕੱਠ ਕਰਕੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਨਿਖੇਧੀ ਕੀਤੀ ਗਈ ਅਤੇ ਭਾਰਤੀ ਜਨਤਾ ਪਾਰਟੀ ਦਾ ‘ਬਾਈਕਾਟ’ ਕਰਨ ਦਾ ਐਲਾਨ ਕੀਤਾ ਗਿਆ।
ਕਰਨਾਲ ਜਿਲ੍ਹੇ ਦੇ ਗੁਰਦੁਆਰਾ ਸਾਹਿਬਾਨ ਵਿੱਚ ਤਸਵੀਰ ਲਾਉਣ ਦੀ ਚੱਲ ਰਹੀ ਇਸ ਮੁਹਿੰਮ ਤਹਿਤ ਨਿਿਸੰਗ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਨੇੜੇ ਸੰਤ ਭਿੰਡਰਾਂਵਾਲਿਆਂ ਦੀਆਂ ਤਿੰਨ ਤਸਵੀਰਾਂ ਲਾਈਆਂ ਗਈਆਂ ਹਨ। ਕਰਨਾਲ ਸ਼ਹਿਰ ਦੇ ਡੇਰਾ ਕਾਰ ਸੇਵਾ ਗੁਰਦੁਆਰਾ ਸਾਹਿਬ, ਗੁਰਦੁਆਰਾ ਮੰਜੀ ਸਾਹਿਬ ਅਤੇ ਗੁਰਦੁਆਰਾ ਸਿੰਘ ਸਭਾ ਵਿਖੇ ਵੀ ਸੰਤਾਂ ਦੀ ਤਸਵੀਰ ਪ੍ਰਮੁੱਖਤਾ ਨਾਲ ਲਾਈ ਗਈ ਹੈ। ਇਸੇ ਤਰ੍ਹਾਂ ਸ਼ੇਖੂਪੁਰਾ ਪਿੰਡ ਵਿੱਚ ਵੀ ਨੌਜਵਾਨਾਂ ਵੱਲੋਂ ਸੰਤਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ।
ਡਾਚਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਾਬਾ ਗੁਰਮੀਤ ਸਿੰਘ ਨੇ ਕਿਹਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਪੰਥ ਦੇ ਲਾਸਾਨੀ ਸ਼ਹੀਦ ਹਨ ਅਤੇ ਇਹ ਤਸਵੀਰਾਂ ਕੌਮ ਵੱਲੋਂ ਆਪਣੇ ਸ਼ਹੀਦ ਪ੍ਰਤੀ ਪਰਗਟ ਕੀਤੇ ਜਾ ਰਹੇ ਸਤਿਕਾਰ ਦਾ ਪ੍ਰਤੀਕ ਹਨ।