ਨਵੰਬਰ 1984 ਸਿੱਖ ਨਸਲਕੁਸ਼ੀ ਦੇ ਕਾਤਲਾਂ ਨੂੰ ਵੀ ਸਜਾ ਦਿੱਤੀ ਜਾਵੇ
ਅੰਮ੍ਰਿਤਸਰ: ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਉੱਤਰ ਪ੍ਰਦੇਸ਼ ਦੇ ਜਿਲਾ ਪੀਲੀ ਭੀਤ ਅੰਦਰ ਅੱਜ ਤੋਂ 25 ਸਾਲ ਪਹਿਲਾਂ 12 ਜੁਲਾਈ 1991 ਨੂੰ 11 ਸਿੱਖ ਯਾਤਰੀਆਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲੇ 47 ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ਼ ਅਦਾਲਤ ਵੱਲੋਂ ਦੋਸ਼ੀਆ ਨੂੰ ਉਮਰ ਕੈਦ ਦੀ ਸਜਾ ਐਲਾਨੇ ਜਾਣ ਦੇ ਫ਼ੈਸਲੇ ਨੂੰ ਦੇਰ ਨਾਲ ਦਿੱਤਾ ਜਾਣ ਵਾਲਾ ਇਨਸਾਫ਼ ਦੱਸਿਆ।
ਉਹਨਾਂ ਮੰਗ ਕੀਤੀ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਕਾਤਲਾਂ ਨੂੰ ਸਜਾ ਦੇਣ ਲਈ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਐਸ.ਆਈ.ਟੀ ਸਮਾ ਬੰਦ ਜਾਂਚ ਕਰਕੇ ਦੋਸ਼ੀਆ ਖਿਲਾਫ਼ ਉੱਤਰ ਪ੍ਰਦੇਸ਼ ਦੀ ਅਦਾਲਤ ਵਾਗ ਕਾਰਵਾਈ ਦੀ ਸਿਫ਼ਾਰਸ਼ ਕਰੇ।
ਇਸੇ ਦੋਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਜਿੰਨੀ ਡੂੰਘੀ ਚਿੰਤਾ ਸੰਯੁਕਤ ਰਾਸ਼ਟਰ ਦੇ ਬੇਅਸਰ ਹੋਣ ਤੇ ਪ੍ਰਗਟ ਕੀਤੀ ਹੈ ਉਸ ਤੋ ਕਿਤੇ ਜਿਆਦਾ ਚਿੰਤਾ ਉਹਨਾਂ ਨੂੰ ਭਾਰਤ ਦੇ ਨਿਆ ਪ੍ਰਬੰਧ ਤੇ ਵੀ ਕਰਨੀ ਚਾਹੀਦੀ ਹੈ ਜੋ ਨਿਆਪਾਲਿਕਾ ਪਿਛਲੇ 32 ਸਾਲ ਬੀਤ ਜਾਣ ਤੇ ਵੀ ਸਿੱਖ ਕੌਮ ਨੂੰ ਨਵੰਬਰ 1984 ਸਿੱਖ ਨਸਲਕੁਸ਼ੀ ਸਬੰਧੀ ਨਿਆ ਨਹੀ ਦੇ ਸਕੀ।
ਇਹਨਾਂ ਵਿਚਾਰਾ ਦਾ ਪ੍ਰਗਟਾਵਾਂ ਕਰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਡੈਮੋਕਰੇਟਿਕ ਦੇਸ਼ ਕਿਹਾ ਜਾਦਾ ਹੈ ਲੇਕਿਨ ਇਸ ਦੇਸ ਅੰਦਰ ਸਭ ਤੋਂ ਵੱਧ ਕੁਰਬਾਨੀਆ ਕਰਕੇ ਭਾਰਤ ਨੂੰ ਅਜਾਦ ਕਰਵਾਉਣ ਵਾਲੀ ਸਿੱਖ ਕੌਮ ਨੂੰ 20 ਸਦੀ ਦੇ ਦੋ ਸਭ ਤੋਂ ਭਿਆਨਕ ਨਸਲਕੁਸ਼ੀ ਕਰਨ ਵਾਲੇ ਘਟਨਾਕ੍ਰਮ ਦਾ ਅਜੇ ਤੱਕ ਇਨਸਾਫ਼ ਨਹੀ ਮਿਲਿਆ।
ਫ਼ੈਡਰੇਸ਼ਨ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦਾ ਵੀ ਗੰਭੀਰ ਨੋਟਿਸ ਲਿਆ ਜਿਸ ਵਿੱਚ ਉਹਨਾ ਕਿਹਾ ਕਿ ਜੂਨ 1984 ਦਾ ਫੌਜੀ ਹਮਲਾ ਭੁੱਲ ਕੇ ਅੱਗੇ ਵੱਧਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਕੈਪਟਨ ਸਾਹਿਬ ਨੇ ਖੁਦ ਜੂਨ 1984 ਦੇ ਫੌਜੀ ਹਮਲੇ ਵਿਰੁੱਧ ਆਪਣਾ ਅਸਤੀਫਾ ਦਿੱਤਾ ਸੀ ਤੇ ਹੁਣ ਉਹ ਉਸੇ ਅਪਰੇਸ਼ਨ ਨੂੰ ਭੁੱਲ ਜਾਣ ਦੀਆ ਨਸੀਅਤਾਂ ਦੇ ਰਹੇ ਹਨ।
ਉਹਨਾਂ ਯੋਗ ਗੁਰੂ ਰਾਮਦੇਵ ਵੱਲੋਂ ਭਾਰਤ ਮਾਤਾ ਦੀ ਜੈ ਨਾ ਕਹਿਣ ਵਾਲਿਆਂ ਦੇ ਸਿਰ ਕੱਟਣ ਵਾਲੇ ਬਿਆਨ ਦੀ ਸਖ਼ਤ ਨਿੰਦਾ ਕਰਦਿਆ ਕਿਹਾ ਕਿ ਅਜਿਹੇ ਬਿਆਨ ਦੇਸ਼ ਨੂੰ ਟੁੱਕੜੇ ਟੁੱਕੜੇ ਕਰਕੇ ਰੱਖ ਦੇਣਗੇ।