ਦਿੱਲੀ (21 ਅਪ੍ਰੈਲ, 2011): ਪੰਥਕ ਹਲਕਿਆਂ ‘ਚ ਇਹ ਖਬਰ ਦੁੱਖ ਨਾਲ ਪੜੀ ਜਾਵੇਗੀ ਕਿ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ ਅੱਜ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ ਹਨ। ਬਾਬਾ ਹਰਬੰਸ ਸਿੰਘ ਜਿਹੜੇ ਕਿ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅੱਜ ਸ਼ਾਮ ਨੂੰ ਉਹ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। 1980 ਤੋਂ ਬਾਅਦ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਨੂੰ ਇੱਕ ਨਵਾਂ ਰੂਪ ਦੇਣ ਵਾਲੇ ਬਾਬਾ ਹਰਬੰਸ ਸਿੰਘ ਨੇ 100 ਤੋਂ ਵਧੇਰੇ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਨੂੰ ਸ਼ਾਨਦਾਰ ਢੰਗ ਨਾਲ ਮੁਕੰਮਲ ਕਰਵਾਇਆ।
ਦਿੱਲੀ ਦੇ ਗੁਰਦੁਆਰਾ ਮੰਗਲਾ ਸਾਹਿਬ, ਰਕਾਬ ਗੰਜ ਤੋਂ ਇਲਾਵਾ ਅੰਗੀਠਾ ਸਾਹਿਬ, ਨਾਡਾ ਸਾਹਿਬ, ਫਤਿਹਗੜ ਸਾਹਿਬ, ਚਮਕੌਰ ਸਾਹਿਬ, ਮਾਛੀਵਾੜਾ, ਆਲਮਗੀਰ, ਦਮਦਮਾ ਸਾਹਿਬ, ਦੀਨਾ ਕਾਂਗੜ, ਭੱਠ ਸਾਹਿਬ, ਨਾਨਕ ਮਤਾ, ਰਾਏਕੋਟ ਆਦਿ ਇਤਿਹਾਸਕ ਗੁਰਦੁਆਰਿਆਂ ਦੀ ਬਾਬਾ ਜੀ ਵਲੋਂ ਕਰਵਾਈ ਗਈ ਕਾਰ ਸੇਵਾ ਹਮੇਸ਼ਾ ਯਾਦ ਰੱਖੀ ਜਾਵੇਗੀ। ਬਾਬਾ ਹਰਬੰਸ ਸਿੰਘ ਜੀ ਦੇ ਅਕਾਲ ਚਲਾਣੇ ਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂਦੀ ਮੌਤ ਨੂੰ ਕਾਰ ਸੇਵਾ ਦੇ ਇੱਕ ਯੁੱਗ ਦੀ ਸਮਾਪਤੀ ਦੱਸਿਆ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਬਾਬਾ ਜੀ ਵਲੋਂ ਨਿਭਾਈ ਅਹਿਮ ਸੇਵਾ ਦੀ ਸ਼ਲਾਘਾ ਕਰਦਿਆਂ ਉਨ੍ਹਾਂਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੰਤਾਂ ਮਹਾਂਪੁਰਸ਼ਾਂ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਬਾਬਾ ਹਰਬੰਸ ਸਿੰਘ ਦੀ ਮੌਤ ਤੇ ਦੁੱਖ ਦੇ ਪ੍ਰਗਟਾਵੇ ਦੇ ਸੰਦੇਸ਼ ਲਗਾਤਾਰ ਆ ਰਹੇ ਹਨ। ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਦਾ 23 ਅਪ੍ਰੈਲ ਨੂੰ ਸ਼ਾਰਦਾ ਯਮਨਾ ਪਾਰ ਦਿੱਲੀ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।