ਚੰਡੀਗੜ੍ਹ: ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਬੇਅਦਬੀ ਮਾਮਲਿਆਂ ਦੀ ਕੀਤੀ ਗਈ ਜਾਂਚ ਦਾ ਲੇਖਾ 27 ਅਗਸਤ (ਸੋਮਵਾਰ) ਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਲੇਖੇ ’ਤੇ ਬਹਿਸ 28 ਅਗਸਤ (ਮੰਗਲਵਾਰ) ਨੂੰ ਹੋਵੇਗੀ।
ਇਸ ਫੈਸਲਾ ਪੰਜਾਬ ਵਿਧਾਨ ਸਭਾ ਦੀ ‘ਕੰਮਕਾਜ ਸਲਾਹਕਾਰ ਟੋਲੇ’ (ਬਿਜਨਸ ਅਡਵਾਈਜ਼ਰੀ ਕਮੇਟੀ) ਵੱਲੋਂ ਲਿਆ ਗਿਆ ਹੈ। ਸਲਾਹਕਾਰ ਟੋਲੇ ਦੀ ਬੀਤੇ ਦਿਨ ਹੋਈ ਇਕੱਤਰਤਾ ਵਿੱਚ ਵਿਧਾਨ ਸਭਾ ਦਾ ਬੁਲਾਰੇ (ਸਪੀਕਰ) ਰਾਣਾ ਕੇ. ਪੀ. ਸਿੰਘ, ਵਿਧਾਨਕਾਰੀ ਮਾਮਲਿਆਂ ਦੇ ਵਜ਼ੀਰ ਬ੍ਰਹਮ ਮਹਿੰਦਰਾ, ਜੰਗਲਾਤ ਮਹਿਕਮੇਂ ਦੇ ਵਜ਼ੀਰ ਸਾਧੂ ਸਿੰਘ ਧਰਮਸੋਤ, ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸ਼ਮੂਲੀਅਤ ਕੀਤੀ।