ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਜੀ ਦੀ ਪਿੰਡ ਬਰਗਾੜੀ ਵਿਖੇ ਹੋਈ ਬੇਅਦਬੀ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨਾ ਦੇ ਰਹੀਆਂ ਸਿੱਖ ਸੰਗਤਾਂ ਤੇ ਪਿੰਡ ਬਹਿਬਲ ਕਲਾਂ ਅਤੇ ਕੋਟਕਪੁਰਾ ਚੌਂਕ ਵਿੱਚ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਸੰਬੰਧੀ ਅੱਜ ਜਸਟਿਸ ਕਾਟਜੂ ਕਮਿਸ਼ਨ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੁਰਾ ਘਟਨਾ ਨਾਲ ਸਬੰਧਿਤ ਵਿਅਕਤੀਆਂ ਦੀਆਂ ਗਵਾਹੀਆਂ ਸੁਣੀਆਂ ਗਈਆਂ।
ਪਿੰਡ ਬਹਿਬਲ ਕਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਅੱਜ ਸਵੇਰ ਤੋਂ ਹੀ ਗਵਾਹੀਆਂ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚਣੇ ਸ਼ੁਰੂ ਹੋ ਗਏ ਸਨ। ਗਵਾਹਾਂ ਦੀਆਂ ਗਵਾਹੀਆਂ ਸੁਣਨ ਲਈ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਜਸਟਿਸ ਮਾਰਕੰਡੇ ਕਾਟਜੂ ਪਹੁੰਚੇ ਹੋਏ ਸਨ। ਉਨ੍ਹਾਂ ਦੇ ਨਾਲ ਸਹਿਯੋਗ ਕਰਨ ਲਈ ਕਾਟਜੂ ਕਮਿਸ਼ਨ ਦੇ ਸਕੱਤਰ ਸਾਬਕਾ ਡੀ.ਜੀ.ਪੀ ਜੇਲਾਂ ਸ਼ਸ਼ੀ ਕਾਂਤ, ਐਡਵੋਕੇਟ ਅਮਰ ਸਿੰਘ ਚਹਿਲ, ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਵੀ ਹਾਜਿਰ ਸਨ।
ਅੱਜ ਹੋਈਆਂ ਗਵਾਹੀਆਂ ਦੌਰਾਨ ਪਿੰਡ ਬਹਿਬਲ ਕਲਾਂ ਵਿਖੇ 14 ਅਕਤੂਬਰ ਨੂੰ ਪੰਜਾਬ ਪੁਲਿਸ ਵੱਲੋਂ ਕੀਤੀ ਕਾਰਵਾਈ ਸੰਬੰਧੀ 36 ਗਵਾਹਾਂ ਵੱਲੋਂ ਗਵਾਹੀਆਂ ਦਰਜ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਪੁਲਿਸ ਕਾਰਵਾਈ ਦੌਰਾਨ ਸ਼ਹੀਦ ਹੋਏ ਭਾਈ ਗੁਰਜੀਤ ਸਿੰਘ ਸਰਾਵਾਂ ਅਤੇ ਭਾਈ ਕ੍ਰਿਸਨਭਗਵਾਨ ਸਿੰਘ ਨਿਆਮੀਵਾਲਾ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਵੀ ਗਵਾਹੀਆਂ ਦਰਜ ਕਰਵਾਈਆਂ ਗਈਆਂ।
ਇਸੇ ਤਰ੍ਹਾਂ 14 ਅਕਤੂਬਰ ਦੀ ਸਵੇਰ ਨੂੰ ਹੀ ਕੋਟਕਪੁਰਾ ਚੌਂਕ ਵਿੱਚ ਸ਼ਾਂਤਮਈ ਧਰਨੇ ਤੇ ਬੈਠੀ ਸੰਗਤ ਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਸੰਬੰਧੀ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਬਾਬਾ ਅਵਤਾਰ ਸਿੰਘ ਸਾਧਾਂਵਾਲਾ ਅਤੇ ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਵੀ ਗਵਾਹੀਆਂ ਦਰਜ ਕਰਵਾਈਆਂ ਗਈਆਂ।
ਜਿਕਰਯੋਗ ਹੈ ਕਿ ਕੋਟਕਪੁਰਾ ਚੌਂਕ ਵਿੱਚ ਵੀ ਪੁਲਿਸ ਵੱਲੋਂ ਧਰਨੇ ਤੇ ਬੈਠੀ ਸਿੱਖ ਸੰਗਤ ਤੇ ਗੋਲੀ ਚਲਾਈ ਗਈ ਸੀ ਜਿਸ ਨਾਲ ਕਾਫੀ ਸੰਗਤ ਜਖਮੀ ਹੋ ਗਈ ਸੀ।
ਪੂਰਾ ਦਿਨ ਗਵਾਹੀਆਂ ਸੁਣਨ ਤੋਂ ਬਾਅਦ ਜਸਟਿਸ ਮਾਰਕੰਡੇ ਕਾਟਜੂ ਵੱਲੋਂ ਕੋਟਕਪੁਰਾ ਚੌਂਕ ਵਿੱਚ ਘਟਨਾ ਵਾਲੀ ਜਗ੍ਹਾ ਦਾ ਵੀ ਮੁਆਇਨਾ ਕੀਤਾ ਗਿਆ। ਜਸਟਿਸ ਮਾਰਕੰਡੇ ਕਾਟਜੂ ਨੇ ਕਿਹਾ ਕਿ ਉਹ ਹਰ ਇੱਕ ਗੱਲ ਨੂੰ ਚੰਗੀ ਤਰ੍ਹਾਂ ਜਾਂਚ ਕੇ ਗਵਾਹਾਂ ਦੇ ਬਿਆਨਾਂ ਨੂੰ ਘੋਖ ਕੇ ਤੱਥਾਂ ਤੇ ਅਧਾਰਿਤ ਇੱਕ ਸਹੀ ਜਾਂਚ ਦੀ ਰਿਪੋਰਟ ਲੋਕਾਂ ਸਾਹਮਣੇ ਰੱਖਣਗੇ।
ਇਸ ਦੌਰਾਨ ਸਿੱਖਸ ਫਾਰ ਹਿਊਮਨ ਰਾਈਟਜ਼ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਘਟਨਾ ਨਾਲ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਵੀ ਉਨ੍ਹਾਂ ਵੱਲੋਂ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਸੀ ਪਰ ਅਜੇ ਤੱਕ ਉਹ ਆਪਣਾ ਪੱਖ ਰੱਖਣ ਲਈ ਨਹੀਂ ਆਏ।
ਇਸ ਦੌਰਾਨ ਦਲ ਖਾਲਸਾ ਦੇ ਭਾਈ ਕੰਵਰਪਾਲ ਸਿੰਘ, ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਅਮਰੀਕ ਸਿੰਘ ਈਸੜੂ, ਭਾਈ ਜਸਬੀਰ ਸਿੰਘ ਖਡੂਰ, ਭਾਈ ਕਮਿੱਕਰ ਸਿੰਘ ਤੇ ਸਿੱਖ ਯੂਥ ਆਫ ਪੰਜਾਬ ਦੇ ਜਨਰਲ ਸਕੱਤਰ ਭਾਈ ਗੁਰਮੀਤ ਸਿੰਘ ਕਰਤਾਰਪੁਰ ਵੀ ਮੋਜੂਦ ਸਨ।