ਸ੍ਰੀ ਅੰਮ੍ਰਿਤਸਰ ਸਾਹਿਬ: ਫਰਵਰੀ 1986 ਵਿੱਚ ਨਕੋਦਰ ਵਿਖੇ ਸ਼ਰਾਰਤੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸਾੜੇ ਜਾਣ ਤੇ ਫਿਰ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਨ ਵਾਲੇ 4 ਸਿੱਖ ਨੌਜਵਾਨਾਂ ਦੀ ਪੁੁਲਿਸ ਗੋਲੀ ਨਾਲ ਅੰਜਾਮ ਦਿੱਤੀ ਗਈ ਮੌਤ ਦਾ ਕੌੜਾ ਸੱਚ ਸਾਹਮਣੇ ਆ ਗਿਆ ਹੈ ।ਇਨ੍ਹਾਂ ਘਟਨਾਵਾਂ ਦੀ ਜਾਂਚ ਕਰਨ ਵਾਲੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੇ ਸਾਫ ਕਹਿ ਦਿੱਤਾ ਹੈ ਕਿ ਪੁਲਿਸ ਨੇ ਪਾਵਨ ਸਰੂਪ ਸਾੜੇ ਜਾਣ ਦੀ ਘਟਨਾ ਨੂੰ ਮਹਿਜ ਸਾਧਾਰਣ ਘਟਨਾ ਦੱਸ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਕੋਸ਼ਿਸ਼ ਨਹੀ ਕੀਤੀ। ਪਰ ਸਿੱਖ ਸੰਗਤ ਉੱਪਰ ਗੋਲੀ ਚਲਾਉਣ ਲਈ ਪੁਲਿਸ ਨੇ ਕਿਸੇ ਪ੍ਰਸ਼ਾਸ਼ਨਿਕ ਅਧਿਕਾਰੀ ਪਾਸੋਂ ਇਜਾਜਤ ਲੈਣੀ ਵੀ ਜਰੂਰੀ ਨਹੀ ਸਮਝੀ ।ਜਾਂਚ ਰਿਪੋਰਟ ਨੂੰ ਜਨਤਕ ਨਾ ਕਰਨ ਦਾ ਤਲਖ ਸੱਚ ਇਹ ਵੀ ਹੈ ਕਿ ਪੰਜਾਬ ਦੀਆਂ ਦੋ ਪੰਥਕ ਸਰਕਾਰਾਂ (ਸੁਰਜੀਤ ਸਿੰਘ ਬਰਨਾਲਾ ਤੇ ਪਰਕਾਸ਼ ਸਿੰਘ ਬਾਦਲ) ਨੇ ਦੋ ਵਾਰ ਕਮਿਸ਼ਨ ਦੀ ਰਿਪੋਰਟ ਚੁੱਪ ਚਪੀਤੇ ਸਦਨ ਮੁਹਰੇ ਪੇਸ਼ ਕੀਤੀ ਪਰ ਕਿਸੇ ਵੀ ਦੋਸ਼ੀ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਨਹੀ ਕੀਤੀ ਗਈ।
ਨਕੋਦਰ ਸਾਕੇ ਬਾਰੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦਾ ਲੇਖਾ ਪੜ੍ਹੋ……
ਨਕੋਦਰ ਵਿਖੇ 2 ਫਰਵਰੀ 1986 ਵਿੱਚ ਸ਼ਿਵ ਸੈਨਾ ਨਾਲ ਸੰਬੰਧਤ ਕੁਝ ਲੋਕਾਂ ਵਲੋਂ ਗੁ.ਗੁਰੂ ਅਰਜਨ ਦੇਵ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਉਸ ਵੇਲੇ ਸਾੜੇ ਜਾਣ ਅਤੇ ਰੋਸ ਪ੍ਰਗਟਾ ਰਹੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸਬੰਧਤ 4 ਸਿੱਖ ਨੌਜਵਾਨਾਂ ਨੂੰ ਪੁਲਿਸ ਗੋਲੀ ਨਾਲ ਮਾਰੇ ਜਾਣ ਦੀ ਘਟਨਾ ਦੀ ਜਾਂਚ ਕਰ ਰਹੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਸੱਚ ਵੀ 13 ਫਰਵਰੀ 2019 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵਲੋਂ ਉਠਾਈ ਜਾ ਰਹੀ ਅਵਾਜ ਦਾ ਇਹ ਜਵਾਬ ਦਿੰਦਿਆਂ ਨਸ਼ਰ ਕਰ ਦਿੱਤਾ ਹੈ ਕਿ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਤਾਂ 31/10/1986 ਨੂੰ ਹੀ ਸੁਰਜੀਤ ਸਿੰਘ ਬਰਨਾਲਾ ਸਰਕਾਰ ਨੂੰ ਸੌਪ ਦਿੱਤੀ ਗਈ ਸੀ ।ਬਰਨਾਲਾ ਸਰਕਾਰ ਨੇ ਇਹ ਰਿਪੋਰਟ 16 ਦਸੰਬਰ 1986 ਨੂੰ ਸਦਨ ਵਿੱਚ ਪੇਸ਼ ਕੀਤੀ ਅਤੇ ਫਿਰ ਦੂਸਰੀ ਵਾਰ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ 5 ਮਾਰਚ 2001 ਵਿੱਚ ਸਦਨ ਮੁਹਰੇ ਰੱਖ ਦਿੱਤੀ ਸੀ ।ਸਪੀਕਰ ਨੇ ਇਹ ਵੀ ਸਾਫ ਕੀਤਾ ਹੈ ਕਿ ਇਸ ਰਿਪੋਰਟ ਨੂੰ ਲੈਕੇ ਕਿਸੇ ਵੀ ਦੋਸ਼ੀ ਪੁਲਿਸ ਜਾਂ ਪ੍ਰਸ਼ਾਸ਼ਨਿਕ ਅਧਿਕਾਰੀ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਗਈ ।
ਕਮਿਸ਼ਨ ਦੀ ਰਿਪੋਰਟ ਅਨੁਸਾਰ ਪਾਵਨ ਸਰੂਪਾਂ ਨੂੰ ਸਾੜੇ ਜਾਣ ਦੀ ਘਟਨਾ ਪਿਛੇ ਨਕੋਦਰ ਦੇ ਹੀ ਇੱਕ ਪ੍ਰਮੁੱਖ ਸ਼ਿਵ ਸੈਨਾ ਆਗੂ ਦਾ ਨਾਮ ਸਾਹਮਣੇ ਜਰੂਰ ਆਇਆ ਪਰ ਤਸਦੀਕ ਨਹੀ ਹੋ ਸਕੀ ਕਿਉਂਕਿ ਪ੍ਰਸ਼ਾਸ਼ਨ ਨੇ ਇਸ ਮਾਮਲੇ ਦੀ ਜਾਂਚ ਕਰਨੀ ਹੀ ਜਰੂਰੀ ਨਹੀ ਸਮਝੀ । ਮੰਦਭਾਗੀ ਘਟਨਾ ਵਾਪਰਨ ਉਪਰੰਤ ਨੇੜਲੇ ਪਿੰਡਾਂ ਦੀਆਂ ਸਿੱਖ ਸੰਗਤਾਂ ਨੇ ਸਬੰਧਤ ਗੁਰਦੁਆਰਾ ਸਾਹਿਬ ਪਹੁੰਚ ਕੇ ਪਾਵਨ ਸਰੂਪ ਗੋਇੰਦਵਾਲ ਸਾਹਿਬ ਲੈ ਕੇ ਦਾ ਪ੍ਰੋਗਰਾਮ ਉਲੀਕ ਲਿਆ ।ਸੰਗਤ ਵੱਡੀ ਗਿਣਤੀ ਵਿੱਚ ਗੁੁਰਦੁਆਰਾ ਸਾਹਿਬ ਤੋਂ ਇੱਕ ਕਿਲੋਮੀਟਰ ਦੀ ਦੂਰੀ ਤੇ ਬਣੇ ਇੱਕ ਪੁੱਲ ਤੇ ਇਕੱਠੀ ਹੋਣੀ ਸ਼ੁਰੂ ਹੋਈ ਜਿਸ ਬਾਰੇ ਪੁਲਿਸ ਨੂੰ ਜਾਣਕਾਰੀ ਤਾਂ ਮਿਲ ਗਈ ਪਰ ਸੰਗਤ ਨੂੰ ਸਮਝਾਉਣ ਲਈ ਕੋਈ ਕਾਰਵਾਈ ਨਹੀ ਕੀਤੀ ਗਈ।
ਕਮਿਸ਼ਨ ਨੇ ਦੱਸਿਆ ਹੈ ਕਿ ਪੁਲਿਸ ਦੇ ਐਸ.ਪੀ.(ਅਪਰੇਸ਼ਨ), ਸ੍ਰੀ ਏ.ਕੇ.ਸ਼ਰਮਾ ਨੇ ਗੋਲੀ ਚਲਾਉਣ ਲਈ ਪ੍ਰਸ਼ਾਸ਼ਨਿਕ ਅਧਿਕਾਰੀ ਤੇ ਜਿਲ੍ਹਾ ਮੈਜਿਸਟਰੇਟ ਦਰਬਾਰਾ ਸਿੰਘ ਗੁਰੂ ਪਾਸੋਂ ਇਜਾਜਤ ਨਹੀ ਲਈ ਤੇ ਨਾ ਹੀ ਭੀੜ ਨੂੰ ਖਿੰਡਾਉਣ ਲਈ ਤੈਅ ਸ਼ੁਦਾ ਨਿਯਮਾਂ ਅਨੁਸਾਰ ਗੋਲੀ ਸਰੀਰ ਦੇ ਹੇਠਲੇ ਭਾਗ ਵੱਲ ਚਲਾਈ ਗਈ ਬਲਕਿ ਉਪਰਲੇ ਤੇ ਅਤਿ ਨਾਜ਼ੁਕ ਅੰਗਾਂ ਨੂੰ, ਮਾਰ ਦੇਣ ਦੀ ਨੀਅਤ ਨਾਲ ਨਿਸ਼ਾਨਾ ਬਣਾਇਆ ਗਿਆ
ਕਮਿਸ਼ਨ ਅਨੁਸਾਰ ਪਾਵਨ ਸਰੂਪ ਸਾੜੇ ਜਾਣ ਦੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜਲੰਧਰ ਜਿਲ੍ਹੇ ਦੇ ਪੁਲਿਸ ਮੁਖੀ ਇਜ਼ਹਾਰ ਆਲਮ ਅਤੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਮੌਕੇ ਤੇ ਪੁਜੇ ਅਤੇ ਪਹਿਲੀ ਨਜਰੇ ਹੀ ਪਾਵਨ ਸਰੂਪ ਸਾੜੇ ਜਾਣ ਦੀ ਘਟਨਾ ਨੂੰ ਸਾਧਾਰਣ ਘਟਨਾ ਕਰਾਰ ਦੇ ਦਿੱਤਾ। ਕਮਿਸ਼ਨ ਨੇ ਤਾਂ ਇਥੋਂ ਤੀਕ ਦਰਜ ਕੀਤਾ ਹੈ ਕਿ ਜਿਸ ਜਗਾਹ ਤੇ ਸਿੱਖ ਨੌਜੁਆਨਾਂ ਉਪਰ ਗੋਲੀ ਚਲਾਈ ਗਈ,ਪ੍ਰਸ਼ਾਸ਼ਨਿਕ ਅਧਿਕਾਰੀ ਉਸ ਜਗਾਹ ਤੋਂ ਮਹਿਜ ਇੱਕ ਕਿਲੋਮੀਟਰ ਦੀ ਦੂਰੀ ਤੇ ਮੌਜੂਦ ਸੀ ।
ਜਿਕਰਯੋਗ ਹੈ ਕਿ ਨਕੋਦਰ ਵਿਖੇ ਪੁਲਿਸ ਗੋਲੀ ਨਾਲ ਮਾਰੇ ਗਏ ਚਾਰ ਨੌਜਵਾਨਾਂ ਵਿੱਚੋਂ ਇਕ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਸ.ਬਲਦੇਵ ਸਿੰਘ ਲਿੱਤਰਾਂ ਪਿਛਲੇ ਕਈ ਸਾਲਾਂ ਤੋਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕਰ ਰਹੇ ਸਨ।ਸ.ਬਲਦੇਵ ਸਿੰਘ ਵਲੋਂ ਦੋਨੋਂ ਘਟਨਾਵਾਂ ਦੀ ਜਾਣਕਾਰੀ ਸੂਚਨਾ ਦਾ ਅਧਿਕਾਰ ਤਹਿਤ ਵੀ ਮੰਗੀ ਗਈ ਪਰ ਇਹ ਵੀ ਅਧੂਰੀ ਤੇ ਦੋਸ਼ ਪੂਰਨ ਦਿੱਤੀ ਗਈ ਸੀ ।ਪਰਿਵਾਰ ਦਾ ਸਾਥ ਦੇਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ,ਹਰਵਿੰਦਰ ਸਿੰਘ ਫੂਲਕਾ ਨੇ ਪੂਰਾ ਤੇ ਲੰਬਾ ਸਮਾਂ ਸਾਥ ਦਿੱਤਾ।ਪਾਰਟੀ ਦੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ.ਧਰਮਵੀਰ ਗਾਂਧੀ ਨੇ ਮਾਮਲਾ ਗਵਰਨਰ ਪੰਜਾਬ ਤੇ ਕੇਂਦਰੀ ਗ੍ਰਹਿ ਮੰਤਰੀ ਪਾਸ ਵੀ ਚੁੱਕਿਆ ਜਿਸਦਾ ਜਵਾਬ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ 13 ਫਰਵਰੀ 2019 ਨੂੰ ਦਿੱਤਾ ਗਿਆ।