ਵਾਸ਼ਿੰਗਟਨ (ਡੀ. ਸੀ.): ਜੂਨ ’84 ਦੇ ਘੱਲੂਘਾਰੇ ਦੀ 34ਵੀਂ ਦੁਖਦ ਯਾਦ ਦੁਨੀਆ ਭਰ ਵਿਚ ਬੈਠੀ ਸਿੱਖ ਕੌਮ ਵਲੋਂ ਮਨਾਈ ਗਈ। ਸ਼ਹੀਦੀ ਸਮਾਗਮ, ਪ੍ਰੋਟੈਸਟ, ਕੈਂਡਲ ਲਾਈਟ ਵਿਜ਼ਿਲ, ਫਰੀਡਮ ਮਾਰਚ, ਵਿਚਾਰ-ਗੌਸ਼ਟੀਆਂ ਦੁਨੀਆ ਦੇ ਕੌਨੇ-ਕੌਨੇ ਵਿਚ ਹੋਈਆਂ। ਲੰਡਨ, ਫਰੈਂਕਫਰਟ, ਵਾਸ਼ਿੰਗਟਨ ਡੀ. ਸੀ., ਸੈਨ-ਫਰਾਂਸਿਸਕੋ, ਓਟਾਵਾ, ਵੈਨਕੂਵਰ ਆਦਿ ਥਾਵਾਂ ’ਤੇ ਭਾਰੀ ਰੋਸ ਵਿਖਾਵੇ ਹੋਏ। ਸ੍ਰੀ ਅੰਮ੍ਰਿਤਸਰ ਸ਼ਹਿਰ ਵਿਚ ‘ਨਸਲਕੁਸ਼ੀ ਯਾਦਗਾਰ ਮਾਰਚ’ ਕੱਢਿਆ ਗਿਆ ਅਤੇ 6 ਜੂਨ ਨੂੰ ਅੰਮ੍ਰਿਤਸਰ ਵਿਚ ਮੁਕੰਮਲ ਬੰਦ ਹੋਇਆ। ਘੱਲੂਘਾਰਾ ਹਫ਼ਤੇ ਦਾ ਮੁੱਖ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਵਿਖੇ 6 ਜੂਨ ਨੂੰ ਲਗਭਗ ਸ਼ਾਂਤ ਮਾਹੌਲ ਵਿਚ ਹੋਇਆ। ‘ਸਰਕਾਰੀ ਟਾਸਕ ਫੋਰਸ’ ਦੇ ਜਬਰ ਭਰੇ ਹਥਕੰਡਿਆਂ ਦੇ ਬਾਵਜੂਦ, ਖਾਲਿਸਤਾਨੀ ਝੰਡਾ ਵੀ ਲਹਿਰਾਇਆ ਗਿਆ ਅਤੇ ‘ਖਾਲਿਸਤਾਨ-ਜ਼ਿੰਦਾਬਾਦ’ ਦੇ ਨਾਹਰੇ ਵੀ ਗੂੰਜਦੇ ਰਹੇ।
ਪੰਜਾਬ ਦੀ ਖੁਦਮੁਖਤਾਰੀ ਦੀ ਗੱਲ ਕਰਨਾ ਸਰਕਾਰੀ ਜਥੇਦਾਰ ਦੀ ਵੀ ਮਜ਼ਬੂਰੀ ਬਣ ਗਿਆ। ਸਰਬੱਤ ਖਾਲਸਾ ਵਲੋਂ ਥਾਪੇ, ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਭਾਈ ਧਿਆਨ ਸਿੰਘ ਮੰਡ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ 2 ਜੂਨ ਤੋਂ ਬਰਗਾੜੀ ਵਿਖੇ ਅਣਮਿੱਥੇ ਸਮੇਂ ਦਾ ਧਰਨਾ ਆਰੰਭ ਕੀਤਾ ਹੋਇਆ ਹੈ, ਜਿਸ ਨੂੰ ਸੰਗਤਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।
ਘੱਲੂਘਾਰਾ ’84 ਦੇ 34 ਵਰ੍ਹਿਆਂ ਦੌਰਾਨ ਭਾਰਤ ਸਰਕਾਰ ਦੀਆਂ ਜ਼ੁਲਮੀਂ ਨੀਤੀਆਂ ਤੇ ਲੂੰਬੜ ਚਾਲਾਂ ਦੇ ਬਾਵਜੂਦ, ਦੁਨੀਆ ਦੇ ਕੌਨੇ-ਕੌਨੇ ਵਿਚ ਖਾਲਿਸਤਾਨ ਦੀਆਂ ਗੂੰਜਾਂ ਪੈ ਰਹੀਆਂ ਹਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਮਹਾਨ ਕੌਮੀ ਸ਼ਹੀਦਾਂ ਵਜੋਂ ਸਿੱਖ ਕੌਮ ਦੇ ਨਾਇਕ ਬਣ ਕੇ ਉਭਰੇ ਹਨ।
ਜੂਨ ’84 ਦੇ ਘੱਲੂਘਾਰੇ ਲਈ ਜ਼ਿੰਮੇਵਾਰ ਭਾਰਤੀ ਨੇਤਾਵਾਂ ਖਾਸ ਤੌਰ ’ਤੇ ਇੰਦਰਾ ਗਾਂਧੀ ਦੀ ਕਿਚਨ ਕੈਬਨਿਟ ਦੇ ਰੌਲ ਬਾਰੇ ਅਕਸਰ ਗੱਲਬਾਤ ਹੁੰਦੀ ਹੈ। ਇਨ੍ਹਾਂ ਵਿਚ ਰਾਜੀਵ ਗਾਂਧੀ, ਪ੍ਰਣਬ ਮੁਖਰਜੀ, ਨਰਸਿਮ੍ਹਾ ਰਾਓ, ਅਰੁਣ ਨਹਿਰੂ, ਅਰੁਣ ਸਿੰਘ, ਪੀ. ਚਿਦੰਬਰਮ, ਪੀ. ਸੀ. ਅਲੈਗਜ਼ੈਂਡਰ, ਰਾਅ ਮੁਖੀ ਆਰ. ਐਨ. ਕਾਓ ਦੇ ਨਾਂ ਪ੍ਰਮੁੱਖਤਾ ਨਾਲ ਸਾਹਮਣੇ ਆਉਂਦੇ ਹਨ। 1973 ਵਿਚ ਗੌਲਵਲਕਰ ਦੀ ਮੌਤ ਤੋਂ ਬਾਅਦ, ਆਰ. ਐਸ. ਐਸ. ਮੁਖੀ ਬਣੇ ਬਾਲਾ ਸਾਹਿਬ ਦਿਓਰਸ ਨੇ ਇੰਦਰਾ ਗਾਂਧੀ ਨੂੰ ਘੱਲੂਘਾਰਾ ’84 ਲਈ ਮੁਕੰਮਲ ਹਮਾਇਤ ਦਿਤੀ। ਆਰ. ਐਸ. ਐਸ. ਦਾ ਸਿਆਸੀ ਵਿੰਗ – ਬੀ. ਜੇ. ਪੀ. ਫੌਜੀ ਐਕਸ਼ਨ ਦੀ ਮੰਗ ਬੜੇ ਚਿਰਾਂ ਤੋਂ ਕਰ ਰਿਹਾ ਸੀ। ਦੋਵੇਂ ਕਮਿਊਨਿਸਟ ਪਾਰਟੀਆਂ ਸਮੇਤ ਭਾਰਤ ਦੀਆਂ ਖੇਤਰੀ ਪਾਰਟੀਆਂ ਵੀ ਇੰਦਰਾ ਗਾਂਧੀ ਦੇ ਹੱਕ ਵਿਚ ਭੁਗਤੀਆਂ। ਤੇਲਗੂ ਦੇਸਮ ਪਾਰਟੀ ਦੇ ਐਮ. ਟੀ. ਰਾਮਾਰਾਓ ਨੇ ਇਸ ਦਾ ਵਿਰੋਧ ਕੀਤਾ। ਭਾਰਤ ਭਰ ਦੇ ਮੀਡੀਏ ਅਤੇ ਬਹੁਗਿਣਤੀ ਹਿੰਦੂਆਂ ਨੇ ਇੰਦਰਾ ਗਾਂਧੀ ਦਾ ਗੁਣ ਗਾਇਨ ਕੀਤਾ, ਕਿਉਂਕਿ ਉਸ ਨੇ ‘ਸਿੱਖਾਂ ਨੂੰ ਸਬਕ ਸਿਖਾ ਕੇ’ ਦੇਸ਼ ਦੀ ਏਕਤਾ-ਅਖੰਡਤਾ ਬਚਾ ਲਈ ਸੀ।
ਸਿੱਖ ਕੌਮ ਨੂੰ ਸਜ਼ਾ ਯਾਫਤਾ ਕਰਨ ਦੀ ਨੀਤੀ ਸਿਰਫ ਭਾਰਤੀ ਨਾ ਹੋ ਕੇ, ਅੰਤਰਰਾਸ਼ਟਰੀ ਸਾਜ਼ਿਸ਼ ਸੀ, ਇਸ ਦੀਆਂ ਪਰਤਾਂ ਹੌਲੀ-ਹੌਲੀ ਖੁੱਲ੍ਹ ਰਹੀਆਂ ਹਨ। ਸੌਵੀਅਤ ਯੂਨੀਅਨ ਦੀ ਉਸ ਦੌਰ ਵਿਚ ਭਾਰਤ ਵਿਚ ਸਿਧੀ ਦਖਲਅੰਦਾਜ਼ੀ ਸੀ ਅਤੇ ਘੱਲੂਘਾਰਾ ’84 ਲਈ ਸੌਵੀਅਤ ਖੁਫੀਆ ਏਜੰਸੀ ਕੇ. ਜੀ. ਬੀ, ਭਾਰਤੀ ਖੁਫੀਆ ਏਜੰਸੀ ਰਾਅ ਨਾਲ ਪੂਰਾ ਤਾਲਮੇਲ ਕਰ ਰਹੀ ਸੀ। 1979 ਵਿਚ ਸੌਵੀਅਤ ਫੌਜਾਂ ਨੇ ਅਫਗਾਨਿਸਤਾਨ ’ਤੇ ਕਬਜ਼ਾ ਕੀਤਾ ਸੀ ਅਤੇ ਪਾਕਿਸਤਾਨ ਰਾਹੀਂ ਅਮਰੀਕਾ, ਸੌਵੀਅਤ ਯੂਨੀਅਨ ਦੇ ਖਿਲਾਫ ਅਸਿੱਧੀ ਜੰਗ ਲੜ ਰਿਹਾ ਸੀ।
ਇੰਦਰਾ ਗਾਂਧੀ ਨੇ, ਸੌਵੀਅਤ ਯੂਨੀਅਨ ਵਲੋਂ ਅਫਗਾਨਿਸਤਾਨ ’ਤੇ ਕਬਜ਼ੇ ਦੀ ਹਮਾਇਤ ਕੀਤੀ ਸੀ ਅਤੇ ਉਹ ਪੂਰੀ ਤਰ੍ਹਾਂ ਸੌਵੀਅਤ ਯੂਨੀਅਨ ਦੀ ਖੇਡ, ਖੇਡ ਰਹੀ ਸੀ। ਘੱਲੂਘਾਰਾ ’84 ਦੀ, ਕਮਿਊਨਿਸਟ ਪਾਰਟੀ ਦੇ ਮਾਸਕੋ ਵਿਚ ਛਪਦੇ ਮੈਗਜ਼ੀਨ ‘ਪ੍ਰਾਵਦਾ’ ਵਲੋਂ ਮੁਕੰਮਲ ਹਮਾਇਤ ਕੀਤੀ ਗਈ ਸੀ।
ਯੂ. ਕੇ. ਵਲੋਂ ਡੀਕਲਾਸੀਫਾਈ ਕੀਤੇ ਗਏ ਸਰਕਾਰੀ ਦਸਤਾਵੇਜ਼ਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਫਰਵਰੀ ’84 ਵਿਚ ਇੰਦਰਾ ਗਾਂਧੀ ਨੇ ਯੂ. ਕੇ. ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਪੱਤਰ ਲਿਖ ਕੇ, ਸਿੱਖਾਂ ਦੇ ਖਿਲਾਫ ਕਾਰਵਾਈ ਵਿਚ ਮਦਦ ਮੰਗੀ ਸੀ। ਇਸ ਦੇ ਜਵਾਬ ਵਿਚ ਥੈਚਰ ਨੇ ਆਪਣੀ ਖੁਫੀਆ ਏਜੰਸੀ ਦੀ ਉੱਚ-ਪੱਧਰੀ ਟੀਮ ਭਾਰਤ ਭੇਜੀ ਸੀ। ਇਸ ਟੀਮ ਨੇ ਭਾਰਤੀ ਖੁਫੀਆ ਏਜੰਸੀਆਂ ਨਾਲ ਮਿਲ ਕੇ ਦਰਬਾਰ ਸਾਹਿਬ ਕੰਪਲੈਕਸ ਦੀ ਛਾਣਬੀਣ (ਰੇਕੀ) ਕਰਕੇ ਬਲਿਊ-ਪ੍ਰਿੰਟ ਤਿਆਰ ਕੀਤਾ ਸੀ। ਇੰਗਲੈਂਡ ਦੇ ਸਿੱਖਾਂ ਵਲੋਂ ਇਸ ਸਬੰਧੀ ਮੁਕੰਮਲ ਸੱਚ ਸਾਹਮਣੇ ਲਿਆਉਣ ਲਈ ਇਕ ‘ਨਿਰਪੱਖ ਪੜਤਾਲੀਆ ਕਮਿਸ਼ਨ’ ਦੀ ਮੰਗ ਕੀਤੀ ਜਾ ਰਹੀ ਹੈ। ਮੁਕੰਮਲ ਸੱਚ ਬਾਹਰ ਆਉਣ ਦੇ ਡਰੋਂ ਇੰਗਲੈਂਡ ਦੀ ਮੋਜੂਦਾ ਕਨਜ਼ਰਵੇਟਿਵ ਸਰਕਾਰ ਨੇ ਇਸ ਨਾਲ ਸਬੰਧਿਤ ਹੋਰ ਦਸਤਾਵੇਜ਼ਾਂ ਨੂੰ ਡੀਕਲਾਸੀਫਾਈ ਕਰਨ ਦੇ ਅਮਲ ਨੂੰ ਰੋਕ ਦਿੱਤਾ ਹੈ। ਜ਼ਾਹਰ ਹੈ ਕਿ ਇੰਗਲੈਂਡ ਸਰਕਾਰ, ਜੂਨ ’84 ਦੇ ਸਿੱਖ ਘੱਲੂਘਾਰੇ ਦੇ ਕੁਕਰਮ ਵਿਚ ਭਾਗੀਦਾਰ ਸੀ।
6 ਜੂਨ, 2018 ਦੇ ‘ਮਿਡਲ ਈਸਟ ਮਾਨੀਟਰ’ ਨੇ ਜੂਨ ’84 ਦੇ ਘੱਲੂਘਾਰੇ ਵਿਚ ਇਜ਼ਰਾਈਲ ਦੀ ਸ਼ਮੂਲੀਅਤ ਸਬੰਧੀ ਇਕ ਸਟੋਰੀ ਪ੍ਰਕਾਸ਼ਿਤ ਕੀਤੀ ਹੈ, ਜਿਸ ਦਾ ਸਿਰਲੇਖ ਹੈ – ‘ਇਜ਼ਰਾਈਲੀ ਏਜੈਂਟਾਂ ਨੇ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਲੇ ਕਮਾਂਡੋਆਂ ਨੂੰ ਦਿਤੀ ਸੀ ਟਰੇਨਿੰਗ’। ਇਸ ਸਟੌਰੀ ਦਾ ਆਧਾਰ ‘ਇੰਡੀਆ ਟੂਡੇ’ ਵਿਚ ਪੱਤਰਕਾਰ ਪ੍ਰਭਾਸ਼ ਕੁਮਾਰ ਦੱਤਾ ਦੀ ਪ੍ਰਕਾਸ਼ਿਤ ਸਟੌਰੀ ਨੂੰ ਬਣਾਇਆ ਗਿਆ ਹੈ। ਸਟੌਰੀ ਅਨੁਸਾਰ – ਭਾਵੇਂ 1984 ਵਿਚ ਭਾਰਤ ਵਲੋਂ ਇਜ਼ਰਾਈਲ ਨੂੰ ਸਰਕਾਰੀ ਤੌਰ ’ਤੇ ਕੋਈ ਮਾਨਤਾ ਹਾਸਲ ਨਹੀ ਸੀ ਪਰ ਇਹ ਹਕੀਕਤ ਹੈ ਕਿ ਇਜ਼ਰਾਈਲੀ ਖੁਫੀਆ ਏਜੰਸੀ ਮੌਸਾਦ ਦੇ ਏਜੰਟਾਂ ਨੇ ਭਾਰਤੀ ਫੌਜ ਦੇ ਉਨ੍ਹਾਂ ਸਪੈਸ਼ਲ ਕਮਾਂਡੋਆਂ ਨੂੰ ਟਰੇਨਿੰਗ ਦਿੱਤੀ, ਜਿਨ੍ਹਾਂ ਨੇ ਜੂਨ ’84 ਵਿਚ ਦਰਬਾਰ ਸਾਹਿਬ ’ਤੇ ਹਮਲਾ ਕੀਤਾ। ਸਟੌਰੀ ਅਨੁਸਾਰ ਇਨ੍ਹਾਂ ਸਪੈਸ਼ਲ ਕਮਾਂਡੋਆਂ ਦਾ ਸਬੰਧ ‘56 ਕਮਾਂਡੋ ਕੰਪਨੀ’ ਨਾਲ ਸੀ। ਭਾਰਤ ਦੀ ਇਹ ਇਕ-ਇਕ ਕਮਾਂਡੋ ਯੂਨਿਟ ਹੈ, ਜਿਸਨੂੰ ਮੌਸਾਦ ਨੇ ਵਿਸ਼ੇਸ਼ ਤੌਰ ’ਤੇ ਇਸ ਮਿਸ਼ਨ ਲਈ ਤਿਆਰ ਕੀਤਾ। ਇਸ ਕਮਾਂਡੋ ਯੂਨਿਟ ਨੂੰ ‘ਸਪੈਸ਼ਲ ਗਾਰਡ ਕਮਾਂਡੋ’ ਯਾਨੀਕਿ ਐਸ. ਜੀ. ਕਮਾਂਡੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਇਕ ਵੱਖਰੀ ਕਹਾਣੀ ਹੈ ਕਿ ਇਨ੍ਹਾਂ ਕਮਾਂਡੋਆਂ ਦੇ ‘ਪੜਛੇ’ ਸਿੰਘਾਂ ਨੇ ਕਿਵੇਂ ਉਡਾਏ ਪਰ ਜੂਨ ’84 ਦੇ ਘੱਲੂਘਾਰੇ ਵਿਚ ਇਜ਼ਰਾਈਲ ਦੀ ‘ਖੁਫੀਆ ਮੱਦਦ’ ਇਕ ਡੂੰਘੇ ਭੇਦ ਤੋਂ ਪਰਦਾ ਚੱਕਦੀ ਹੈ।
ਯਾਦ ਰਹੇ ਇਸ ਸਮੇਂ ਦੌਰਾਨ ਭਾਰਤ ਦੇ ਇਜ਼ਰਾਈਲ ਨਾਲ ‘ਕੂਟਨੀਤਕ ਸਬੰਧ’ ਨਹੀਂ ਸਨ। ਜਨਵਰੀ-1992 ਵਿਚ ਭਾਰਤੀ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੇ ਇਜ਼ਰਾਈਲ ਨੂੰ ਡਿਪਲੋਮੈਟਿਕ ਮਾਨਤਾ ਦਿੰਦਿਆਂ, ਤੈਲ ਅਵੀਵ (ਇਜ਼ਰਾਇਲ) ਵਿਚ ਆਪਣੀ ਅੰਬੈਸੀ ਖੋਲ੍ਹੀ ਸੀ। ਕੀ ਇਹ ਇਜ਼ਰਾਇਲ ਦੇ ਘੱਲੂਘਾਰਾ ’84 ਵਿਚ ਰੌਲ ਲਈ ਸ਼ੁਕਰੀਆ ਅਦਾ ਕਰਨਾ ਨਹੀਂ ਸੀ?