ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਪਾਟਿਲ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਸੰਬੰਧੀ ਪਾਈ ਪੁਨਰਵਿਚਾਰ ਅਰਜ਼ੀ ਰੱਦ ਕੀਤੇ ਜਾਣ ਉੱਤੇ ਸਿੱਖ ਜਥੇਬੰਦੀਆਂ ਨੇ ਕਰੜਾ ਪ੍ਰਤੀਕਰਮ ਜ਼ਾਹਰ ਕੀਤਾ ਹੈ। ਜਥੇਬੰਦੀਆਂ ਨੇ ਇਸ ਫੈਸਲੇ ਨੂੰ ਕੇਂਦਰ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਤੀਕ ਮੰਨਦਿਆਂ ਇਸ ਤੋਂ ਉਪਜੇ ਹਾਲਾਤਾਂ ਦੇ ਮੱਦੇਨਜ਼ਰ ਇੱਕ ਤਾਲਮੇਲ ਕਮੇਟੀ ਕਾਇਮ ਕਰਕੇ 30 ਮਈ ਨੂੰ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਲੁਧਿਆਣਾ ਸਥਿਤ ਦਫਤਰ ਵਿਖੇ ਸਮੂਹ ਸਿੱਖ ਜਥੇਬੰਦੀਆਂ, ਸਿਆਸੀ ਦਲਾਂ ਤੇ ਸਮਾਜਕ/ਧਾਰਮਕ ਜਥੇਬੰਦੀਆਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਹੈ। ਆਗੂਆਂ ਨੇ ਜਾਣਕਾਰੀ ਦਿੱਤੀ ਹੈ ਇਸ ਦਿਨ ਅਗਲੀ ਠੋਸ ਰਣਨੀਤੀ ਉਲੀਕੀ ਜਾਵੇਗੀ।
ਅੱਜ ਦੀ ਇਸ ਇਕੱਤਰਤਾ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ, ਸ਼੍ਰੋਮਣੀ ਪੰਥਕ ਕੌਂਸਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਦੇ ਸ੍ਰ. ਮਨਿੰਦਰ ਸਿੰਘ ਧੁੰਨਾ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਭਾਈ ਰਾਜਿੰਦਰ ਸਿੰਘ, ਦਲ ਖਾਲਸਾ ਦੇ ਸ੍ਰ. ਸਤਨਾਮ ਸਿੰਘ ਪਾਉਂਟਾ ਸਾਹਿਬ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸ੍ਰ. ਕਰਨੈਲ ਸਿੰਘ ਪੀਰਮੁਹੰਮਦ, ਸ੍ਰ. ਮਨਧੀਰ ਸਿੰਘ (ਯੂਥ ਦਲ, ਪੰਚ ਪ੍ਰਧਾਨੀ), ਪ੍ਰਿ. ਪਰਮਿੰਦਰ ਸਿੰਘ ਲੁਧਿਆਣਾ, ਬਾਬਾ ਅਜੀਤ ਸਿੰਘ ਲੋਹਗੜ੍ਹ, ਬੀਬੀ ਪ੍ਰੀਤਮ ਕੌਰ ਸੁਪਤਨੀ ਸ਼ਹੀਦ ਭਾਈ ਰਸ਼ਪਾਲ ਸਿੰਘ ਪੀ. ਏ., ਸਿੱਖ ਯੂਥ ਫੈਡਰੇਸ਼ਨ ਡਿੰਡਰਾਂਵਾਲੇ ਦੇ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਖਾਲਸਾ ਹਿਊਮਨ ਰਾਈਟਸ ਫਰੰਟ ਦੇ ਐਡਵੋਕੇਟ ਸ੍ਰ. ਬਲਬੀਰ ਸਿੰਘ ਚੀਮਾ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਭਾਈ ਕੁਲਬੀਰ ਸਿੰਘ ਬੜਾਪਿੰਡ, ਭਾਈ ਜਸਪਾਲ ਸਿੰਘ ਮੰਝਪੁਰ, ਚਰਨਜੀਤ ਸਿੰਘ ਸੁੱਜੋਂ, ਮਨਧੀਰ ਸਿੰਘ, ਸੇਵਕ ਸਿੰਘ, ਸਰਬਜੀਤ ਸਿੰਘ ਸੋਹਲ, ਡਾ. ਮਨਜਿੰਦਰ ਸਿੰਘ ਜੰਡੀ, ਰਘਬੀਰ ਸਿੰਘ ਗੀਗਨੋਵਾਨ, ਨੋਬਲਜੀਤ ਸਿੰਘ ਬੁੱਲੋਵਾਲ, ਸਰਬਜੀਤ ਸਿੰਘ ਘੁਮਾਣ ਆਦਿ ਹਾਜ਼ਰ ਸਨ।