ਲੰਡਨ: ਜੂਨ 1984 ਵਿੱਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ‘ਤੇ ਹਮਲੇ ਅਤੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਦੇ ਵਿਰੋਧ ਵਿੱਚ 4 ਜੂਨ (ਐਤਵਾਰ) ਲੰਦਨ ਵਿੱਚ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਲਈ ਬਰਤਾਨੀਆ ਵਿੱਚ ਆਜ਼ਾਦ ਸਿੱਖ ਰਾਜ ਦੇ ਨਿਸ਼ਾਨੇ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਦੇ ਸਾਂਝੇ ਫਰੰਟ ‘ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ.’ ਵੱਲੋਂ ਦੁਨੀਆਂ ਭਰ ਦੇ ਸਿੱਖਾਂ ਨੂੰ ਸੱਦਾ ਦਿੱਤਾ ਸੀ। ਲੰਦਨ ਵਿੱਚ ਹੁਣ ਤੱਕ 150 ਦੇ ਕਰੀਬ ਕੋਚਾਂ ਵੱਖ-ਵੱਖ ਸ਼ਹਿਰਾਂ ਤੋਂ ਲੰਡਨ ਪਹੁੰਚ ਚੁੱਕੀਆਂ ਹਨ। ਫੈਡਰੇਸ਼ਨ ਪ੍ਰਬੰਧਕਾਂ ਨੇ ਇੰਗਲੈਂਡ ਭਰ ਦੀ ਸੰਗਤ ਨੂੰ ਵੱਡੀ ਪੱਧਰ ‘ਤੇ ਰੋਸ ਮੁਜ਼ਾਹਰੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਸੀ।
ਇਸ ਦੇ ਨਾਲ ਹੀ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀ ਭਾਰਤੀ ਪੁਲਿਸ ਵੱਲੋਂ ਵੱਡੀ ਪੱਧਰ ‘ਤੇ ਹੋ ਰਹੀ ਫੜੋ-ਫੜਾਈ ਦੀ ਸਖਤ ਨਿਖੇਧੀ ਵੀ ਕੀਤੀ। ਲੰਦਨ ਦੇ ਸਮੇਂ ਮੁਤਾਬਕ ਰੋਸ ਮੁਜ਼ਾਹਰੇ ‘ਚ ਸਵੇਰੇ 11 ਵਜੇ ਸਿੱਖ ਸੰਗਤ ਵੱਖ-ਵੱਖ ਸ਼ਹਿਰਾਂ ਤੋਂ ਹਾਈਡ ਪਾਰਕ ਲੰਡਨ ਵਿਖੇ ਕਾਰਾਂ ਤੇ ਕੋਚਾਂ ਦੇ ਕਾਫਲਿਆਂ ਰਾਹੀਂ ਪੁੱਜਿਆ। ਉਪਰੰਤ ਮਾਰਚ ਲੰਡਨ ਦੀਆਂ ਸੜਕਾਂ ‘ਤੇ ਚੱਲਦਾ ਹੋਇਆ ਟਰੈਫਲਗਰ ਸੁਕੇਅਰ ਪੁੱਜਿਆ ਜਿੱਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ। 1984 ਘੱਲੂਘਾਰੇ ਦੀ ਯਾਦ ਵਿੱਚ ਸਿੱਖ ਸੰਗਤ ਦੇ ਸਹਿਯੋਗ ਨਾਲ ਸਿੱਖ ਜਥੇਬੰਦੀਆਂ ਵੱਲੋਂ ਹਰ ਸਾਲ ਰੋਸ ਮੁਜ਼ਾਹਰਾ ਕੀਤਾ ਜਾਂਦਾ ਹੈ। ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਸ਼ਮੂਲੀਅਤ ਕਰਦੀ ਹੈ।
ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Over 25,000 Expected to Gather in London to Remember Victims of 1984 Sikh Genocide …