June 14, 2012 | By ਸਿੱਖ ਸਿਆਸਤ ਬਿਊਰੋ
ਫਰੀਮਾਂਟ (13/06/2012): ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਵਿਚ ਉਸਰੇ ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਜੂਨ 1984 ਵਿਚ ਭਾਰਤ ਦੀ ਮਨੁੱਖਤਾ ਵਿਰੋਧੀ ਜਾਬਰ ਜਾਂ ਜ਼ਾਲਮ ਹਕੂਮਤ ਦੀ ਦਹਿਸ਼ਤਵਾਦੀ ਫੌਜ ਦੁਆਰਾ ਸ੍ਰੀ ਹਰਿਮੰਦਿਰ ਸਾਹਿਬ ਤੇ 37 ਹੋਰ ਗੁਰਦੁਆਰਾ ਸਾਹਿਬਾਨ ਵਿਚ ਕੀਤੇ ਗਏ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨਸਲਘਾਤੀ ਕਤਲੇਆਮ ਵਿਚ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ, ਬੁਜ਼ਰਗਾਂ ਤੇ ਬੱਚਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵਿਸ਼ੇਸ਼ ਦੀਵਾਨ ਸਜਾਏ ਗਏ। ਇਲਾਹੀ ਬਾਣੀ ਦੇ ਕੀਰਤਨ ਹੋਏ। ਕੁਰਬਾਨੀ ਤੇ ਸ਼ਹਾਦਤ ਦੇ ਅਗਲੇ ਪੜਾਅ ਖਲਿਸਤਾਨ ਬਾਰੇ ਵੀਚਾਰਾਂ ਦੀ ਸਾਂਝ ਕਰਦਿਆਂ, ਖਾਲਿਸਤਾਨ ਅਫੇਅਰਜ਼ ਸੈਂਟਰ ਵਾਸ਼ਿੰਗਟਨ ਡੀ.ਸੀ. ਤੋਂ ਵਿਸ਼ੇਸ਼ ਤੌਰ ਤੇ ਆਏ ਡਾ: ਅਮਰਜੀਤ ਸਿੰਘ ਤੇ ਦਮਦਮੀ ਟਕਸਾਲ ਦੇ ਬਾਬਾ ਦਰਸ਼ਨ ਸਿੰਘ ਹੁਰਾਂ ਕਿਹਾ ਕਿ ਏਨੀ ਕੁਰਬਾਨੀ ਕਰਨ ਤੋਂ ਬਾਅਦ ਸ਼ਹੀਦਾਂ ਦੇ ਸੁਪਨੇ ਉਤੇ ਪਹਿਰਾ ਦੇਣ ਨਾਲ ਹੀ ਸ਼ਹੀਦੀ ਸਮਾਗਮ ਸਾਰਥਿਕ ਹੋ ਸਕਦੇ ਹਨ। ਆਪਣੇ ਨਿਸ਼ਾਨੇ ਵੱਲ ਵਧਣਾ ਹੀ ਪ੍ਰਾਪਤੀ ਹੁੰਦੀ ਹੈ। ਰਾਹੀ ਨਿਸ਼ਾਨੇ ਵੱਲ ਵਧਦੇ ਜਾਂਦੇ ਹਨ। ਨਵੇਂ ਪਾਂਧੀ ਕਾਰਵਾਂ ਵਿਚ ਮਿਲਦੇ ਜਾਂਦੇ ਹਨ ਤੇ ਇੰਜ ਇਹ ਪੈਂਡੇ ਕਦੇ ਨਾ ਮੁੱਕਣ ਵਾਲਾ ਪੰਧ ਬਣ ਜਾਂਦੇ ਹਨ, ਜਿਸ ਵਿਚ ਪ੍ਰਾਪਤੀ ਦੀ ਸੰਤੁਸ਼ਟੀ ਤੇ ਉਸਦੀ ਹਿਫਾਜ਼ਤ ਵਾਸਤੇ ਇਲਾਹੀ ਸਿੱਖ ਫਲਸਫੇ ਅਨੁਸਾਰ ਲਗਾਤਾਰ ਪਹਿਰਾ ਦੇਣਾ ਤੇ ਧਰਮ ਦੇ ਅਧੀਨ ਰਾਜ ਦੀ ਗੱਲ ਨੂੰ ਸਰਬਉਚ ਰੱਖਣਾ ਹੀ ਅਸਲ ਵਿਚ ਸ਼ਹੀਦਾਂ ਦਾ ਸੁਪਨਾ ਹੈ, ਜਿਸ ’ਤੇ ਸਿੱਖ ਕੌਮ ਨੇ ਪਹਿਰਾ ਦੇਣਾ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ ਤੇ ਹੋਰ ਹਜ਼ਾਰਾਂ ਮਹਾਨ ਸਿੱਖ ਸੂਰਮਿਆਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਭਰੋਸੇ ਨਾਲ ਅੱਗੇ ਵਧਣਾ ਧਰਮ ਦੇ ਅਸਲੀ ਅਰਥਾਂ ਨੂੰ ਪਛਾਨਣ ਦੀ ਨਿਸ਼ਾਨੀ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਕੀਤੀ ਤਿਆਰੀ ਅਨੁਸਾਰ, ਦੀਵਾਨ ਦੀ ਸਮਾਪਤੀ ਤੋਂ ਬਾਅਦ ਸਿੱਖ ਕੌਮ ਦੀ ਪ੍ਰਭੂਸੱਤਾ ਦੇ ਝੂਲਦੇ ਨਿਸ਼ਾਨ ਸਾਹਿਬ ਦੇ ਥੱਲੇ ਰੱਬੀ ਨੂਰ ਦੀ ਚੜ੍ਹਦੀ ਕਲਾ ਦੇ ਚਿੰਨ ਰੌਸ਼ਨੀਆਂ ਦੀ ਹਾਜ਼ਰੀ ਵਿਚ ਸਮੂੰਹ ਸੰਗਤ ਤੇ ਪ੍ਰਬੰਧਕਾਂ ਨੇ ਵਹਿਗੁਰੂ ਦੇ ਆਪਣੇ ਰੂਪ ਸਰੂਪ ਗੁਰਬਾਣੀ ਦੇ ਜਾਪ ਕਰਦਿਆਂ ਕਰਦਿਆਂ ਜੂਨ-ਚੁਰਾਸੀ ਦੇ ਖਾਲਿਸਤਾਨ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਖਾਲਿਸਤਾਨ ਦੀ ਬਖਸ਼ਿਸ਼ ਲਈ ਅਰਦਾਸ ਬੇਨਤੀ ਕੀਤੀ ਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਅਕਾਸ਼ ਗੁੰਜਾਊਂ ਨਾਹਰਿਆਂ ਨਾਲ ਸਮਾਗਮ ਦੀ ਸਪਾਪਤੀ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੌਂਸਲ ਦੇ ਯੋਜਨਾਬੱਧ ਸ਼ਹੀਦੀ ਸਮਾਗਮਾਂ ਨੂੰ ਸਿਦਕ ਨਾਲ ਸਿਰੇ ਚੜਾਉਂਦਿਆਂ ਸ਼ਹਾਦਤਾਂ ਦੇ ਅਸਲੀ ਮਨੋਰਥ ਨੂੰ ਸੰਗਤਾਂ ਸਾਹਮਣੇ ਰੱਖਿਆ।
Related Topics: Operation Blue Star, Sikh Martyrs, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)