Site icon Sikh Siyasat News

ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਹਾਈਵੇ ਆਈ – 75 ’ਤੇ ਮਿਸ਼ੀਗਨ ਦੀਆਂ ਸਿੱਖ ਸੰਗਤਾਂ ਵਲੋਂ ਇੱਕ ਵਿਸ਼ਾਲ ਬਿਲ-ਬੋਰਡ ਸਥਾਪਤ

ਕੈਨਟਨ (ਮਿਸ਼ੀਗਨ) – ਘੱਲੂਘਾਰਾ ’84 ਦੀ 28ਵੀਂ ਦੁਖਦ ਯਾਦ ਭਾਵੇਂ ਦੁਨੀਆਂ ਭਰ ਵਿੱਚ ਬੈਠੀਆਂ ਸਿੱਖ ਸੰਗਤਾਂ ਸ਼ਹੀਦੀ ਦੀਵਾਨਾਂ, ਰੋਸ ਵਿਖਾਵਿਆਂ, ਕੈਂਡਲ ਲਾਈਟ ਵਿਜਲਾਂ, ਸੈਮੀਨਾਰਾਂ ਆਦਿ ਵੱਖ -ਵੱਖ ਤਰੀਕਿਆਂ ਨਲਾ ਮਨਾ ਰਹੀਆਂ ਹਨ, ਪਰ ਅਮਰੀਕਾ ਦੀ ਮਿਸ਼ੀਗਨ ਸਟੇਟ ਦੀਆਂ ਸਿੱਖ ਸੰਗਤਾਂ ਨੇ ਇਸ ਕੌਮੀ ਦੁਖਾਂਤ ਨੂੰ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਨਿੱਗਰ ਰੂਪ ਵਿੱਚ ਪੇਸ਼ ਕਰਨ ਦਾ 6 ਵਰ੍ਹੇ ਪਹਿਲਾਂ ਅਰੰਭਿਆ ਯਤਨ ਲਗਾਤਾਰਤਾ ਨਾਲ ਜਾਰੀ ਰੱਖਿਆ ਹੈ। ਇਸ ਵਰ੍ਹੇ ਇਹ ਬਿਲ-ਬੋਰਡ ਇੰਟਰਸਟੇਟ ਹਾਈਵੇ ਆਈ -75 ’ਤੇ ਸਥਾਪਤ ਕੀਤਾ ਗਿਆ ਹੈ, ਜਿਹੜਾ ਕਿ ਮਨੋਰੋਅ ਕਾਊਂਟੀ ਵਿੱਚ ਪੈਂਦਾ ਹੈ। ਇਹ ਬਿਲ ਬੋਰਡ 40 ਫੁੱਟ ਲੰਬਾ ਅਤੇ 24 ਫੁੱਟ ਚੌੜਾ ਹੈ, ਜਿਸਨੂੰ ਦੂਰੋਂ ਹੀ ਸੜਕ ਤੋਂ ਪੜ੍ਹਿਆ ਜਾ ਸਕਦਾ ਹੈ। ਯਾਦ ਰਹੇ ਇਹ ਹਾਈਵੇ ਡਿਟਰਾਇਟ-ਸ਼ਿਕਾਗੋ-ਟੋਲੀਡੋ (ਉਹਾਇਓ) ਆਦਿ ਮੁੱਖ ਸ਼ਹਿਰਾਂ ਨੂੰ ਜੋੜਦਾ ਹੈ। ਇਸ ਬਿਲ ਬੋਰਡ ਦੇ ਖੱਬੇ ਪਾਸੇ ਜੂਨ ’84 ਵਿੱਚ ਭਾਰਤੀ ਫੌਜ ਵਲੋਂ ਟੈਂਕਾਂ-ਤੋਪਾਂ ਨਾਲ ਤਬਾਹ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਹੈ, ਜਦੋਂ ਕਿ ਸੱਜੇ ਪਾਸੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਜਰਨਲ ਸੁਬੇਗ ਸਿੰਘ ਦੀਆਂ ਫੋਟੋਆਂ ਹਨ। ਬੋਰਡ ਦੇ ਵਿਚਕਾਰ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਹੈ, ‘ਜੂਨ 1984 ਵਿੱਚ ਭਾਰਤੀ ਫੌਜ ਵਲੋਂ ਸਿੱਖਾਂ ਦੀ ਕੀਤੀ ਨਸਲਕੁਸ਼ੀ ਨੂੰ ਸਿੱਖ ਕੌਮ ਯਾਦ ਕਰਦੀ ਹੈ।’

ਇਸ ਬੋਰਡ ਦੇ ਹੇਠਲੇ ਹਿੱਸੇ ਵਿੱਚ ਖਾਲਿਸਤਾਨ ਅਫੇਅਰਜ਼ ਸੈਂਟਰ ਦਾ ਫੋਨ ਨੰਬਰ ਦਿੱਤਾ ਹੋਇਆ ਹੈ, ਜਿਸ ਦਾ ਸੰਚਾਲਨ ਪਿਛਲੇ ਲਗਭਗ 22 ਵਰ੍ਹਿਆਂ ਤੋਂ ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਡੀ. ਸੀ. ਕਰ ਰਹੇ ਹਨ। ਇਹ ਬਿਲ-ਬੋਰਡ ਆਉਣ ਵਾਲੇ ਮਹੀਨਿਆਂ ਵਿੱਚ ਵੀ ਇੱਥੇ ਹੀ ਸਥਾਪਤ ਰਹੇਗਾ।

ਡਾਕਟਰ ਅਮਰਜੀਤ ਸਿੰਘ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਇਸ ਉ¤ਦਮ ਲਈ ਜਿੱਥੇ ਮਿਸ਼ੀਗਨ ਦੀਆਂ ਸਿੱਖ ਸੰਗਤਾਂ ਦੀ ਸ਼ਲਾਘਾ ਕੀਤੀ ਗਈ ਹੈ, ਉਥੇ ਉਨ੍ਹਾਂ ਨੇ ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਸਟੇਟਾਂ ਵਿੱਚ ਹਾਈਵੇਅ ’ਤੇ ਇਹੋ ਜਿਹੇ ਬਿਲ-ਬੋਰਡ ਸਥਾਪਤ ਕਰਨ ਤਾਂ ਕਿ ਸਿੱਖ ਨਸਲਕੁਸ਼ੀ ਦੀ ਦਾਸਤਾਨ ਦਾ ਗੈਰ-ਸਿੱਖਾਂ ਨੂੰ ਪਤਾ ਲੱਗ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version