Site icon Sikh Siyasat News

ਜੂਨ 1984 – ਕੁਝ ਹੱਢੀ ਹੰਢਾਏ ਪਲ …

– ਜਸਪਾਲ ਸਿੰਘ ਸਿੱਧੂ*

ਫ਼ੌਜੀ ਜਵਾਨ ਨੇ ਸਟੇਨਗੰਨ ਮੇਰੀ ਛਾਤੀ ਉੱਤੇ ਲਾਈ ਹੋਈ ਸੀ; ਦੋ ਹੋਰ ਫ਼ੌਜੀ ਮੇਰੇ ਸੱਜੇ-ਖੱਬੇ ਆਪਣੀਆਂ ਗੰਨਾਂ ਮੇਰੇ ਵੱਲ ਸਿੱਧੀਆਂ ਕਰੀ ਖੜ੍ਹੇ ਸਨ, ਜਦੋਂ ਸਾਹਮਣੇ ਖੜ੍ਹੇ ਫ਼ੌਜੀ ਅਫਸਰ ਨੇ ਹੁਕਮਰਾਨਾ ਲਹਿਜੇ ਵਿਚ ਕਿਹਾ, ‘ਤੁਹਾਡੇ ਕੋਲ ਹਥਿਆਰ ਹਨ, ਨਾਲੇ ਪਾਕਿਸਤਾਨ ਨਾਲ ਜੁੜਿਆ ਵਾਇਰਲੈਸ ਸੈੱਟ, ਦੋਵੇਂ ਤੁਰੰਤ ਸਾਡੇ ਹਵਾਲੇ ਕਰ ਦਿਓ…. ਜੇ ‘ਸਰਚ’ (ਪੜਤਾਲ) ਤੋਂ ਬਾਅਦ ਕੋਈ ਵੀ ਚੀਜ਼ ਮਿਲ ਗਈ, ਅਸੀਂ ਗੋਲੀ ਮਾਰ ਦਿਆਂਗੇ।’

ਜੂਨ 1984 ਦੇ ਪਹਿਲੇ ਹਫਤੇ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ ਦੀ ਕਾਰਵਾਈ ਖ਼ਤਮ ਹੁੰਦਿਆਂ ਹੀ ਅੰਮ੍ਰਿਤਸਰ ਸ਼ਹਿਰ ਵਿਚ ਕਈ ਥਾਵਾਂ ਉੱਤੇ ਫ਼ੌਜ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸਨ। 13 ਜੂਨ ਨੂੰ ਸਵੇਰੇ ਚਾਰ-ਸਵਾ ਚਾਰ ਵਜੇ, ਫ਼ੌਜੀਆਂ ਨੇ ਮੈਨੂੰ ਵੀ ਕਮਰੇ ਵਿਚੋਂ ਕੱਢ ਕੇ ਬੰਦੂਕਾਂ ਦੇ ਘੇਰੇ ਵਿਚ ‘ਫਾਲਨ’ (ਖੜ੍ਹਾ) ਕਰ ਲਿਆ। ਹੁਣ ਮੈਨੂੰ ਉਸ ਫ਼ੌਜੀ ਅਫਸਰ ਦੀਆਂ ਲਾਲ-ਸੁਰਖ ਅੱਖਾਂ ਦਿਖਾਈ ਦੇ ਰਹੀਆਂ ਸਨ। ਪਹੁ ਫੁੱਟ ਪਈ ਸੀ ਅਤੇ ਕੁਝ ਕੁ ਸਾਫ ਦਿੱਸਣਾ ਸ਼ੁਰੂ ਹੋ ਗਿਆ ਸੀ। ਪਲ ਕੁ ਮੈਂ ਅਜੀਬ ਸੰਸ਼ੋਪੰਜ ਵਿਚ ਰਿਹਾ। ਮੈਂ ਆਪਣੇ ਵੱਲ ਸੇਧਤ ਗੰਨਾਂ ਤੋਂ ਬੇਖ਼ਬਰ ਹੀ ਹੋ ਗਿਆ ਸਾਂ, ਜਿਵੇਂ ਸਿਰ ਉੱਤੇ ਟੁੱਟੇ ‘ਵੱਡੇ ਕਹਿਰ’ ਲਈ ਮਾਨਸਿਕ ਤੌਰ ਉੱਤੇ ਤਿਆਰ ਹੋ ਰਿਹਾ ਹੋਵਾਂ। ਅਗਲੇ ਪਲ ਮੈਂ ਉਸ ਅਫਸਰ ਨੂੰ ਕਿਹਾ, ‘ਤੁਸੀਂ ਜਾਣਦੇ ਹੋ ਕਿ ਮੈਂ ਯੂ. ਐੱਨ. ਆਈ. ਦਾ ਪੱਤਰਕਾਰ ਹਾਂ।’ ਸ਼ਾਇਦ ਇਹ ਮੇਰੀ ਸਿਰ ਉੱਤੇ ਖੜ੍ਹੀ ‘ਹੋਣੀ’ ਤੋਂ ਪਾਸਾ ਵੱਟ ਕੇ ਬਚ ਨਿਕਲਣ ਦੀ ਅਚੇਤ ਕੋਸ਼ਿਸ਼ ਸੀ। ‘ਸਾਨੂੰ ਸਭ ਕੁਝ ਪਤਾ’ ਹੈ, ਉਹ ਅਫਸਰ ਕੜਕਵੀਂ ਆਵਾਜ਼ ਵਿਚ ਬੋਲਿਆ। ਉਹ ਕੋਈ ਕੈਪਟਨ-ਮੇਜਰ ਰੈਂਕ ਦਾ ‘ਕਲੀਨ ਸ਼ੇਵਨ’ ਪੰਜਾਬੀ ਅਫਸਰ ਸੀ।

ਹੁਣ ‘ਅੰਤਿਮ ਘੜੀ’ ਲਈ ਆਪਣੇ ਵਜੂਦ ਨੂੰ ਤਿਆਰ ਕਰਨ ਤੋਂ ਸਿਵਾਏ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਅਤੇ ਮੇਰਾ ‘ਅੰਤਰੀਵ’ ਜਿਵੇਂ ‘ਮੇਰੀ ਹੋਣੀ’ ਨੂੰ ਸਵੀਕਾਰ ਕਰਨ ਦੇ ਰਾਹ ਤੁਰ ਪਿਆ ਹੋਵੇ। ਮੈਂ ਹੁਣ ‘ਆਰ-ਪਾਰ’ ਦੇ ਅਖੀਰਲੇ ਪਲਾਂ ਵਿਚੋਂ ਗੁਜ਼ਰ ਰਿਹਾ ਸਾਂ। ਪਤਾ ਨਹੀਂ ਕਿਵੇਂ ਮੇਰੇ ਅੰਦਰੋਂ ਸੁਤੇ-ਸਿੱਧ ਆਵਾਜ਼ ਨਿਕਲੀ, ‘ਜੋ ਮਰਜ਼ੀ ਕਰੋ, ਮੇਰੇ ਕੋਲ ਕੁਝ ਵੀ ਨਹੀਂ।’ ਉਸ ਅਫਸਰ ਨੂੰ ਜਿਵੇਂ ਮੇਰੇ ਅਜਿਹੇ ਜੁਆਬ ਦੀ ਉਮੀਦ ਨਹੀਂ ਸੀ; ਉਹ ਮੱਥੇ ਉੱਤੇ ਤਿਉੜੀਆਂ ਪਾਉਂਦਾ ਹੋਇਆ ਕੜਕਿਆ, ‘ਅੱਛਾ ਫੇਰ’। ਉਸਨੇ ਫ਼ੌਜੀ ਜਵਾਨਾਂ ਨੂੰ ਮੇਰੇ ਘਰ-ਦਫਤਰ ਦੀ ਤਲਾਸ਼ੀ ਲੈਣ ਦੇ ਹੁਕਮ ਦੇ ਦਿੱਤੇ ਸਨ।

ਅੱਧੀ ਕੁ ਦਰਜਨ ਫ਼ੌਜੀ ਜਵਾਨ, ਗਰੀਨ ਐਵੇਨਿਊ ਕਾਲੋਨੀ ਦੇ ਪੱਛਮੀ ਕੰਢੇ ਉੱਤੇ ਉਸਰੇ ਬੇਤਰਤੀਬੇ ਜਿਹੇ ਮਕਾਨਾਂ ਵਿਚੋਂ ਇਕ ਕਿਰਾਏ ਉੱਤੇ ਲਏ ਮੇਰੇ ਘਰ-ਦਫਤਰ ਦੀ ਤਲਾਸ਼ੀ ਲੈ ਰਹੇ ਸਨ। ਮੈਨੂੰ ਇਸ ਅੱਧੇ ਅਧੂਰੇ ਮਕਾਨ ਦੇ ਬਰਾਂਡੇ ਵਿਚ ਖੜ੍ਹਾ ਕੀਤਾ ਹੋਇਆ ਸੀ। ਦੋ ਫ਼ੌਜੀ ਬਰਾਂਡੇ ਦੇ ਸਿਰੇ ਉੱਤੇ ਬਣੀ ਮੇਰੀ ਰਸੋਈ ਦੀ ਫਰੋਲਾ-ਫਰਾਲੀ ਕਰ ਰਹੇ ਸਨ, ਦੋ ਕੁ ਜਣੇ ਰਸੋਈ ਦੇ ਨਾਲ ਲੱਗਦੇ ਮੇਰੇ ਇਕੋ-ਇਕ ਬੈੱਡਰੂਮ ਵਿਚ ਵੜ ਗਏ ਸਨ। ਦੋ ਫ਼ੌਜੀ ਜਵਾਨਾਂ ਨੇ ਮੇਰੇ ਬੈੱਡਰੂਮ ਤੋਂ ਪਰ੍ਹੇ ਬਰਾਂਡੇ ਦੇ ਦੂਜੇ ਪਾਸੇ ਦੇ ਬਣੇ ਕਮਰੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਸੀ।
ਮੈਂ ਇਸ ਕਮਰੇ ਨੂੰ ਖਬਰਾਂ ਦੀ ਏਜੰਸੀ ਯੂ ਐੱਨ ਆਈ ਲਈ ਦਫਤਰ ਬਣਾ ਲਿਆ ਸੀ। ਇਸ ਵਿਚ ਦੋ ‘ਟੈਲੀਪ੍ਰਿੰਟਰ’ ਮਸ਼ੀਨਾਂ ਲੱਗੀਆਂ ਹੋਈਆਂ ਸਨ। ਇਕ ਉੱਤੇ ‘ਦਿਨ-ਰਾਤ ਲਗਾਤਾਰ ਉਹ ਸਾਰੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ, ਜਿਹੜੀਆਂ ਖ਼ਬਰਾਂ ਏਜੰਸੀ ਦੇ ਚੰਡੀਗੜ੍ਹ ਦਫਤਰ ਜਾਂ ਦਿੱਲੀ ਵਾਲੇ ਵੱਡੇ ਦਫਤਰ ਤੋਂ ਜਾਰੀ ਹੁੰਦੀਆਂ ਸਨ। ਦਿੱਲੀ ਦਫਤਰ ਤੋਂ ਦੇਸੀ ਅਤੇ ਵਿਦੇਸ਼ੀ ਖ਼ਬਰਾਂ ਜਿਹੜੀਆਂ ਅੰਤਰਰਾਸ਼ਟਰੀ ਖ਼ਬਰ ਏਜੰਸੀਆਂ-ਏ. ਪੀ. ਅਤੇ ਰਾਈਟਰ-ਆਦਿ ਤੋਂ ਆਉਂਦੀਆਂ ਸਨ, ਲਗਾਤਾਰ 24 ਘੰਟੇ ਜਾਰੀ ਹੁੰਦੀਆਂ ਰਹਿੰਦੀਆਂ ਸਨ। ਦੂਜੀ ਟੈਲੀਪ੍ਰਿੰਟਰ ਮਸ਼ੀਨ ਤੋਂ ਮੈਂ ਅੰਮ੍ਰਿਤਸਰ ਜਾਂ ਆਲੇ-ਦੁਆਲੇ ਦੀਆਂ ਖ਼ਬਰਾਂ ਦਿੱਲੀ ਜਾਂ ਚੰਡੀਗੜ੍ਹ ਦਫਤਰਾਂ ਨੂੰ ਭੇਜਦਾ ਰਹਿੰਦਾ ਸਾਂ। ਇਨ੍ਹਾਂ ਦਫਤਰਾਂ ਤੋਂ ਮੇਰੀਆਂ ਖ਼ਬਰਾਂ ‘ਸਬ’ ਕਰਕੇ ਕਈ ਵਾਰੀ ਤਾਂ ਬਹੁਤੀ ਭੰਨ-ਤੋੜ ਤੋਂ ਬਾਅਦ ਹੀ ਜਾਰੀ ਹੁੰਦੀਆਂ ਸਨ। ਖਾਸ ਕਰਕੇ, ਮੇਰੀਆਂ ਖ਼ਬਰਾਂ ਨੂੰ ਸਰਕਾਰੀ ਤੌਰ ਉੱਤੇ ਪ੍ਰਵਾਨਿਤ ਨੀਤੀ ਵਿਚ ਢਾਲ ਦਿੱਤਾ ਜਾਂਦਾ। ਹਾਂ, ਲੀਡਰਾਂ ਦੇ ਬਿਆਨ ਹੂ-ਬਹੂ ਜਾਰੀ ਹੁੰਦੇ ਰਹਿੰਦੇ ਸਨ। ਮੇਰੇ ਦਫਤਰ ਦੇ ਕਮਰੇ ਵਿਚ ਤਿੰਨ-ਚਾਰ ਕੁਰਸੀਆਂ ਅਤੇ ਇਕ ਮੇਜ਼ ਪਿਆ ਸੀ। ਮੈਂ ਖ਼ਬਰਾਂ ਨੂੰ ਟਾਈਪ ਕਰਨ ਲਈ ਇਕ ਵੱਖਰੀ ਮੇਜ਼ ਕੁਰਸੀ ਲਾਈ ਹੋਈ ਸੀ ਅਤੇ ਦਫਤਰ ਵਿਚ ‘ਪ੍ਰੈੱਸ ਨੋਟ’ ਅਤੇ ‘ਪੋਸਟਰਾਂ’, ਹੋਰਨਾਂ ਦਸਤਾਵੇਜ਼ਾਂ ਅਤੇ ਰੋਜ਼ਾਨਾ ਅਖ਼ਬਾਰਾਂ ਦਾ ਢੇਰ ਵੀ ਇਕ ਪਾਸੇ ਲੱਗਿਆ ਪਿਆ ਸੀ।

ਤਿੰਨ ਜੂਨ ਨੂੰ ਫ਼ੌਜੀ ਹਮਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ਹਿਰ ਵਿਚ ਕਰਫਿਊ ਲੱਗ ਗਿਆ ਸੀ, ਜਿਸ ਕਰਕੇ ਟੈਲੀਪ੍ਰਿੰਟਰ ਆਪ੍ਰੇਟਰ ਬਿਸ਼ਨ ਲਾਲ ਵੀ ਇਸੇ ਦਫਤਰ ਵਿਚ ਫਸ ਗਿਆ ਸੀ। ਕਈ ਦਿਨਾਂ ਤੋਂ ਉਹ ਦਫਤਰ ਵਾਲੇ ਕਮਰੇ ਵਿਚ ਹੀ ਸੌਂ ਰਿਹਾ ਸੀ। ਛਾਪਾ ਮਾਰਨ ਵਾਲੇ ਫ਼ੌਜੀਆਂ ਨੇ ਉਸ ਨੂੰ ਵੀ ਖੜ੍ਹਾ ਕਰ ਲਿਆ ਅਤੇ ਹੁਕਮ ਸੁਣਾਇਆ ‘ਦਫਤਰ ਚੈੱਕ ਕਰਵਾ।’ ਟੈਲੀਪ੍ਰਿੰਟਰ ਮਸ਼ੀਨਾਂ ਲਈ ਇਕ ਬਿਜਲੀ ਦਾ ਵੱਡਾ ‘ਸਟੇਬਲਾਈਜ਼ਰ’ ਦੀਵਾਰ ਵਿਚ ਫਿੱਟ ਕੀਤਾ ਹੋਇਆ ਸੀ। ਫ਼ੌਜੀਆਂ ਨੂੰ ਵਾਰ-ਵਾਰ ਸ਼ੱਕ ਪਵੇ ਕਿ ਇਹ ‘ਵਾਇਰਲੈਸ’ ਸੈੱਟ ਨਾਲ ਸੰਬੰਧਿਤ ਕੋਈ ਯੰਤਰ ਹੈ। ਉਨ੍ਹਾਂ ਨੇ ਬਹੁਤ ਗਹੁ ਨਾਲ ਇਸ ਨੂੰ ਚੈੱਕ ਕੀਤਾ ਅਤੇ ਆਪਣੀ ਅੰਤਿਮ ਤਸੱਲੀ ਲਈ ਉਨ੍ਹਾਂ ਨੇ ਬਿਸ਼ਨ ਲਾਲ ਕੋਲੋਂ ਵੀ ਖੂਬ ਪੁੱਛਗਿੱਛ ਕੀਤੀ। ਪਹਾੜੀ ਲਹਿਜੇ ਵਿਚ ਪੰਜਾਬੀ ਬੋਲਣ ਵਾਲਾ ਬਿਸ਼ਨ ਲਾਲ ਮੁੜ-ਮੁੜ ਫ਼ੌਜੀਆਂ ਦੀ ਤਸੱਲੀ ਕਰਵਾ ਰਿਹਾ ਸੀ, ‘ਸਰ ਜੀ, ਇਹ ਤਾਂ ਟੈਲੀਪ੍ਰਿੰਟਰ ਨਾਲ ਜੁੜਿਆ ਹੋਇਆ ਬਿਜਲੀ ਦਾ ਸਟੇਬਲਾਈਜ਼ਰ ਹੈ।’

ਫ਼ੌਜੀ ਅਫਸਰ ਬਰਾਂਡੇ ਵਿਚ ਖੜ੍ਹਾ ਹੋ ਰਹੀ ਤਲਾਸ਼ੀ ਦੀ ਨਿਗਰਾਨੀ ਕਰ ਰਿਹਾ ਸੀ। ਮੈਨੂੰ ਸਿੱਧਾ ਖੜ੍ਹਾ ਕੀਤਾ ਹੋਇਆ ਸੀ। ਉਨ੍ਹਾਂ ਦਿਨਾਂ ਵਿਚ ਅੰਤਾਂ ਦੀ ਗਰਮੀ ਸੀ, ਮੇਰੇ ਪਜਾਮਾ ਪਾਇਆ ਸੀ ਅਤੇ ਉੱਪਰ ਬੁਨੈਣ, ਸਿਰੋਂ ਨੰਗਾ, ਮੈਨੂੰ ਪਟਕਾ ਫ਼ੌਜੀਆਂ ਨੇ ਬੰਨ੍ਹਣ ਹੀ ਨਹੀਂ ਸੀ ਦਿੱਤਾ, ਜਦੋਂ ਉਹ ਮੈਨੂੰ ਬੈੱਡ ਰੂਮ ‘ਚੋਂ ਫੜ ਕੇ ਬਾਹਰ ਲੈ ਆਏ ਸਨ। ਮੈਂ ਅਜੇ ਕੁਝ ਕੁ ਮਿੰਟ ਪਹਿਲਾਂ ਹੀ ਬਾਹਰ ਖੁੱਲ੍ਹੇ ਵਿਹੜੇ ਵਿਚੋਂ ਆਪਣੇ ਮੰਜੇ ਤੋਂ ਉੱਠ ਕੇ ਅੰਦਰ ਕਮਰੇ ਵਿਚ ਆ ਕੇ ਲੇਟਿਆ ਸਾਂ। ਮੇਰੇ ਨਾਲ ਸੌਂਦੀ ਮੇਰੀ ਪੰਜ ਕੁ ਸਾਲ ਦੀ ਬੇਟੀ ਅਜੇ ਬਾਹਰ ਮੇਰੇ ਮੰਜੇ ਉੱਤੇ ਹੀ ਸੁੱਤੀ ਪਈ ਸੀ। ਦੂਸਰੇ ਨਾਲ ਦੇ ਮੰਜੇ ਉੱਤੇ ਮੇਰੀ ਪਤਨੀ ਮੇਰੇ ਦੋ ਕੁ ਸਾਲ ਦੇ ਬੇਟੇ ਨਾਲ ਲੇਟੀ ਹੋਈ ਸੀ।

ਮੇਰੇ ਬੈੱਡਰੂਮ, ਦਫਤਰ ਅਤੇ ਰਸੋਈ ਦੀ ਜਾਂਚ ਪੜਤਾਲ ਵਿਚੋਂ ਜਦੋਂ ਫ਼ੌਜੀਆਂ ਨੂੰ ਕੁਝ ਨਾ ਮਿਲਿਆ ਤਾਂ ਕੁਝ ਕੁ ਉਨ੍ਹਾਂ ਵਿਚੋਂ ਅਧੂਰੀਆਂ ਪੌੜੀਆਂ ਦੇ ਖੜ੍ਹੇ ਕੀਤੇ ਢਾਂਚੇ ਰਾਹੀਂ ਛੱਤ ਉੱਤੇ ਜਾ ਚੜ੍ਹੇ। ਦੋ ਫ਼ੌਜੀਆਂ ਨੇ ਮੇਰੇ ਬੈੱਡਰੂਮ ਦੇ ਨਾਲ ਲੱਗਦੇ ਇਕ ਕਮਰੇ ਨੂੰ ਜਾ ਖੁੱਲ੍ਹਵਾਇਆ। ਉਹ ਕਮਰਾ ਯੂ. ਪੀ. ਦੇ ਰਹਿਣ ਵਾਲੇ ਦੋ ਐੱਫ. ਸੀ. ਆਈ. ਦੇ ਛੋਟੇ ਮੁਲਾਜ਼ਮਾਂ ਨੇ ਕਿਰਾਏ ਉੱਤੇ ਲਿਆ ਹੋਇਆ ਸੀ। ਕਰਫਿਊ ਲੱਗਣ ਕਰਕੇ ਉਹ ਦੋਵੇਂ ਵੀ ਇੱਥੇ ਹੀ ਫਸੇ ਬੈਠੇ ਸਨ। ਹਿੰਦੀ ਬੋਲਣ ਕਾਰਨ ਉਨ੍ਹਾਂ ਬਾਰੇ ਫ਼ੌਜੀਆਂ ਨੂੰ ਜਲਦੀ ਹੀ ਤਸੱਲੀ ਹੋ ਗਈ ਸੀ। ਇਨ੍ਹਾਂ ਬੇਤਰਤੀਬੇ ਮਕਾਨਾਂ ਦੇ ਏਰੀਏ ਨੂੰ ‘ਟਾਂਗਾ ਕਾਲੋਨੀ’ ਕਹਿੰਦੇ ਸਨ। ਸ਼ਾਇਦ, ਇਸ ਥਾਂ ਉੱਤੇ ਅਜਨਾਲੇ ਵੱਲ ਜਾਣ ਵਾਲੇ ਟਾਂਗਿਆਂ ਦਾ ਕਿਸੇ ਵੇਲੇ ਅੱਡਾ ਹੁੰਦਾ ਸੀ। ਕੋਈ ਇਕ ਸਾਲ ਪਹਿਲਾਂ ਤੱਕ ਕਈ ਅਸਥਾਈ ਅੱਡਿਆਂ ਤੋਂ ਖ਼ਬਰਾਂ ਭੇਜਣ ਦੀ ਜ਼ਹਿਮਤ ਕੱਟਣ ਤੋਂ ਬਾਅਦ, ਮੈਨੂੰ ਇਹ ਮਕਾਨ ਨਹੀਂ ਬਲਕਿ ਮਕਾਨ ਦਾ ਢਾਂਚਾ ਬੜੀ ਮੁਸ਼ਕਿਲ ਨਾਲ ਹੀ ਕਿਰਾਏ ਉੱਤੇ ਮਿਲਿਆ ਸੀ। ਚੰਗੀਆਂ ਕਾਲੋਨੀਆਂ ਦੇ ਮਾਲਕ ਮੈਨੂੰ ਰਿਹਾਇਸ਼ ਦੇ ਨਾਲ-ਨਾਲ ਨਿਊਜ਼ ਏਜੰਸੀ ਦਾ ਦਫਤਰ ਬਣਾਉਣ ਲਈ ਮਕਾਨ ਕਿਰਾਏ ਉੱਤੇ ਦੇਣ ਲਈ ਤਿਆਰ ਨਹੀਂ ਸਨ ਹੁੰਦੇ।

ਅੰਮ੍ਰਿਤਸਰ ਵਿਚ ਹਿੰਸਕ ਘਟਨਾਵਾਂ ਅਤੇ ਹੋਰ ਉਥਲ-ਪੁਥਲ ਐਨੀ ਤੇਜ਼ੀ ਨਾਲ ਹੋ ਰਹੀ ਸੀ ਕਿ ਮੈਨੂੰ 24 ਘੰਟੇ ਟੈਲੀਪ੍ਰਿੰਟਰਾਂ ਨਾਲ ਜੁੜ ਕੇ ਬੈਠਣਾ ਪੈਂਦਾ ਸੀ। ਜਦੋਂ ਮੈਂ ਦਫਤਰ ਤੋਂ ਬਾਹਰ ਹੁੰਦਾ ਤਾਂ ਟੈਲੀਫੋਨ ਲੈਂਡਲਾਈਨ ਦੇ ਜ਼ਰੀਏ ਹਮੇਸ਼ਾ ਦਫਤਰ ਦੇ ਮੁਲਾਜ਼ਮਾਂ ਰਾਹੀਂ ਚੰਡੀਗੜ੍ਹ ਅਤੇ ਦਿੱਲੀ ਦੇ ਦਫਤਰਾਂ ਨਾਲ ਰਾਬਤਾ ਕਾਇਮ ਰੱਖਣਾ ਪੈਂਦਾ ਸੀ। ਇਸੇ ਹੀ ‘ਮਕਾਨ’ ਦਾ ਇਕ ਕਮਰਾ ਜਿਹੜਾ ਬਾਹਰ ਗਲੀ ਵਿਚ ਲੱਗਦਾ ਸੀ, ਵਿਚ ਮਕਾਨ ਮਾਲਕ ਨੇ ਆਪਣੀ ਹੱਟੀ ਪਾ ਰੱਖੀ ਸੀ। ਉਸ ਹੱਟੀ ਉੱਤੇ ਆਲੇ-ਦੁਆਲੇ ਦੇ ਬੱਚੇ ਮਿੱਠੀਆਂ ਗੋਲੀਆਂ, ਟੌਫੀਆਂ ਅਤੇ ਗੱਚਕ ਖਰੀਦਣ ਲਈ ਆਉਂਦੇ ਅਤੇ ਕਦੇ ਕੋਈ ਛੋਟਾ-ਮੋਟਾ ਗਾਹਕ ਚਾਹ ਪੱਤੀ, ਚੀਨੀ, ਗੁੜ੍ਹ, ਸ਼ੱਕਰ ਜਾਂ ਦਾਲ ਖਰੀਦਣ ਲਈ ਵੀ ਆਉਂਦਾ। ਉਹ ਹਟਵਾਣੀਆਂ ਰਾਤ ਨੂੰ ਸਦਰ ਥਾਣੇ ਦੇ ਪਿੱਛੇ ਵਾਲੀ ਕਾਲੋਨੀ ਵਾਲੇ ਆਪਣੇ ਰਿਹਾਇਸ਼ੀ ਘਰ ਚਲਾ ਜਾਂਦਾ। ਹੁਣ ਕਰਫਿਊ ਕਰਕੇ ਉਹ ਵੀ ਕਈ ਦਿਨਾਂ ਤੋਂ ਹੱਟੀ ਖੋਲ੍ਹਣ ਨਹੀਂ ਸੀ ਆਇਆ।

ਤਲਾਸ਼ੀ ਲੈ ਰਹੇ ਫ਼ੌਜੀਆਂ ਵਿਚੋਂ ਕੁਝ ਨੇ ਐੱਫ ਸੀ ਆਈ ਦੇ ਇਕ ਮੁਲਾਜ਼ਮ ਨੂੰ ਨਾਲ ਲਿਆ ਅਤੇ ਹਟਵਾਣੀਏ ਨੂੰ ਵੀ ਜੀਪ ਉੱਤੇ ਬਿਠਾ ਕੇ ਉਸੇ ਮਕਾਨ ਵਿਚ ਲੈ ਆਏ। ਮੈਨੂੰ ਬਰਾਂਡੇ ਵਿਚ ਖੜ੍ਹੇ ਨੂੰ, ਹੱਟੀ ਦੀ ਹੁੰਦੀ ਤਲਾਸ਼ੀ ਕਾਰਨ, ਖਾਲੀ ਖੜਕਦੇ ਪੀਪਿਆਂ-ਟੀਨਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਪਰ ਤਲਾਸ਼ੀ ਉਪਰੰਤ ਵਿਚੋਂ ਫ਼ੌਜੀਆਂ ਨੂੰ ਕੁਝ ਨਹੀਂ ਮਿਲਿਆ ਸੀ। ਮੇਰੇ ਦੁਆਲਿਓਂ ਵੀ ਗੰਨਾ ਵਾਲੇ ਫ਼ੌਜੀ ਏਧਰ-ਓਧਰ ਹੋ ਗਏ ਸਨ। ਮੈਂ ਵੀ ਦਫਤਰ ਵਾਲੇ ਕਮਰੇ ਵੱਲ ਚਾਰ ਕਦਮ ਪੁੱਟ ਲਏ ਸਨ। ਫ਼ੌਜੀ ਛਾਪਾਮਾਰ ਪਾਰਟੀ ਨਾਲ ਉਸ ਏਰੀਏ ਦੇ ਪੁਲਿਸ ਸਟੇਸ਼ਨ ‘ਥਾਣਾ ਸਦਰ’ ਦਾ ਇਕ ਏ ਐੱਸ ਆਈ ਸੀ। ਉਹ ਕਰੜ-ਬਰੜੀ ਸਫੈਦ ਦਾਹੜੀ ਵਾਲਾ ਸਿੱਖ ਪੁਲਿਸ ਅਫਸਰ ਮੇਰੇ ਹੀ ਸਾਹਮਣੇ ਫ਼ੌਜੀ ਅਫਸਰ ਨੂੰ ਕਹਿ ਰਿਹਾ ਸੀ, ‘ਇਹਨੂੰ ਨਾਲ ਹੀ ਲੈ ਚੱਲੋ, ਉੱਥੇ ਪੁੱਛਗਿੱਛ ਕਰ ਲਵਾਂਗੇ।’ਹੁਣ ਚਿੱਟਾ ਦਿਨ ਚੜ੍ਹ ਆਇਆ ਸੀ।

ਪਰ ਫ਼ੌਜੀ ਅਫਸਰ ਨੇ ਇਸ ਪੁਲਿਸ ਅਫਸਰ ਦੀ ਗੱਲ ਦਾ ਕੋਈ ਜੁਆਬ ਨਾ ਦਿੱਤਾ ਤੇ ਚੁੱਪ ਰਿਹਾ, ਜਿਵੇਂ ਕਿਸੇ ਡੂੰਘੀ ਸੋਚ ਵਿਚ ਖੁੱਬਿਆ ਹੋਵੇ। ਮੈਨੂੰ ਹੁਣ ਯਕੀਨ ਹੋ ਗਿਆ ਸੀ ਕਿ ਕਿਸੇ ਪਲ ਵੀ ਮੈਨੂੰ ਫ਼ੌਜੀ ਗੱਡੀ ਵਿਚ ਸੁੱਟ ਕੇ ਉੱਥੋਂ ਡੇਢ-ਦੋ ਕਿੱਲੋਮੀਟਰ ਦੂਰ ਇਕ ਆਰਜ਼ੀ ਤੌਰ ਉੱਤੇ ਤਿਆਰ ਕੀਤੀ ‘ਜੇਲ੍ਹ’ ਵਿਚ ਲੈ ਜਾਣਗੇ। ਨੇੜੇ ਹੀ ਵਾਹਗਾ-ਅਟਾਰੀ ਵਾਲੀ ਰੋਡ ‘ਤੇ ਫ਼ੌਜੀ ਛਾਉਣੀ ਸ਼ੁਰੂ ਹੋ ਜਾਂਦੀ ਸੀ ਅਤੇ ਛੁੱਟ-ਪੁਟ ਖਬਰਾਂ ਮੇਰੇ ਤੱਕ ਪਹੁੰਚ ਗਈਆਂ ਸਨ ਕਿ ਫ਼ੌਜ ਨੇ ਛਾਉਣੀ ਵਾਲੇ ਸੈਂਟਰਲ ਸਕੂਲ ਦੇ ਚਾਰੇ ਪਾਸੇ ਕੰਡਿਆਂ ਵਾਲੀ ਤਾਰ ਵਲ ਕੇ ਇਕ ਆਰਜ਼ੀ ਜੇਲ੍ਹ ਤਿਆਰ ਕਰ ਲਈ ਸੀ ਫ਼ੌਜ ਨੇ ਆਪਣੀ ਸ਼ਬਦਾਵਲੀ ਵਿਚ ਇਸ ਨੂੰ ਪੀ ਡਬਲਯੂ ਏਰੀਆ (Prisoners of War-POW) ਘੋਸ਼ਿਤ ਕਰ ਦਿੱਤਾ ਸੀ। ਫ਼ੌਜੀ ਐਕਸ਼ਨ ਦੌਰਾਨ ਜਿੰਨੇ ਵੀ ਸਿੱਖ ਦਰਬਾਰ ਸਾਹਿਬ ਅੰਦਰੋਂ ਫੜੇ ਗਏ ਸਨ ਜਾਂ ਜਿੰਨੇ ਵੀ ਅੰਮ੍ਰਿਤਸਰ ਸ਼ਹਿਰ ਦੇ ਚਾਰੇ ਪਾਸੇ ਲੱਗੇ ਨਾਕਿਆਂ ਤੋਂ ਕਾਬੂ ਆਏ ਸਨ, ਉਨ੍ਹਾਂ ਸਾਰਿਆਂ ਨੂੰ ਪੀ. ਓ. ਡਬਲਯੂ. ਕਰਾਰ ਦੇ ਕੇ ਇਸੇ ਆਰਜ਼ੀ ਜੇਲ੍ਹ ਵਿਚ ਡੱਕ ਦਿੱਤਾ ਗਿਆ ਸੀ।

ਚਾਰ ਜੂਨ ਤੋਂ ਹੀ ਮੈਂ ਸਾਰੀ-ਸਾਰੀ ਰਾਤ ਛੱਤ ਉੱਤੇ ਚੜ੍ਹ ਕੇ ਏਧਰੋਂ-ਓਧਰ ਚੀਕਾਂ, ਆਵਾਜ਼ਾਂ ਅਤੇ ਹੋਰ ਸ਼ੋਰਗੁਲ ਨੂੰ ਸੁਣਦਾ ਰਹਿੰਦਾ ਸਾਂ। ਪੰਜ ਅਤੇ ਛੇ ਜੂਨ ਨੂੰ ਟਾਂਗਾ ਕਾਲੋਨੀ ਤੋਂ ਦੋ ਕੁ ਕਿਲੋਮੀਟਰ ਦੂਰ ਦਰਬਾਰ ਸਾਹਿਬ ਦੇ ਆਲੇ-ਦੁਆਲੇ ਅਸਮਾਨ ਲਾਲ ਹੋਇਆ ਦਿੱਸਦਾ ਰਿਹਾ ਸੀ। ਪਹਿਲਾਂ ‘ਸਰਚ’ ਲਾਈਟਾਂ ਨੇ ਉਸ ਸਾਰੇ ਖੇਤਰ ਨੂੰ ਰੌਸ਼ਨ ਕਰ ਦੇਣਾ, ਫਿਰ ਮਗਰੋਂ ਤੜ-ਤੜ ਕਰਕੇ ਤੋਪਾਂ ਦੇ ਗੋਲੇ ਵਰ੍ਹਣੇ, ਕੜ-ਕੜ ਕਰਦੀਆਂ ਗੋਲੀਆਂ ਦੀਆਂ ਆਵਾਜ਼ਾਂ ਸਪੱਸ਼ਟ ਸੁਣਾਈ ਦਿੰਦੀਆਂ। ਕਦੇ ਅਟਾਰੀ-ਵਾਹਗਾ ਵਾਲੇ ਸੜਕ ਦੇ ਨਾਕੇ ਉੱਤੇ ਲਗਾਤਾਰ ਗੋਲੀ ਚੱਲਣੀ ਅਤੇ ਚੀਕਾਂ-ਕੂਕਾਂ ਸੁਣਾਈ ਦੇਣੀਆਂ। ਇਸ ਵੇਲੇ ਕਰਫਿਊ ਕਰਕੇ ਅਸੀਂ ਸਭ ਮਕਾਨਾਂ ਦੇ ਅੰਦਰੋਂ ਹੀ ਏਧਰ-ਓਧਰ ਗੁਆਂਢੀਆਂ ਨਾਲ ਸੂਚਨਾਵਾਂ ਸਾਂਝੀਆਂ ਕਰਦੇ ਅਤੇ ਜਦੋਂ ਸੀ ਆਰ ਪੀ ਐੱਫ ਦੇ ਜਵਾਨਾਂ ਦੀ ਟੁਕੜੀ ਸਾਡੀ ਗਲੀ ਵਿਚੋਂ ਲੰਘਦੀ, ਅਸੀਂ ਦਰਵਾਜ਼ੇ ਬੰਦ ਕਰ ਲੈਂਦੇ।

ਮੇਰੇ ਘਰ-ਦਫਤਰ ਦੀ ਛਾਣਬੀਣ ਅਜੇ ਹੋ ਰਹੀ ਸੀ, ਜਦੋਂ ਮੈਨੂੰ ਦਫਤਰ ਵਾਲੇ ਕਮਰੇ ਦੇ ਪਿੱਛੇ ਵਿਹੜੇ ਵਿਚ ਪਏ ਮੇਰੇ ਬੱਚਿਆਂ ਅਤੇ ਬੀਵੀ ਦੀ ਯਾਦ ਆਈ। ਮੈਂ ਇਕਦਮ ਡਰ ਗਿਆ। ਉਹ ਹੁਣ ਮੇਰੇ ਮਗਰੋਂ ‘ਕਿੱਥੇ ਜਾਣਗੇ, ਕੌਣ ਉਨ੍ਹਾਂ ਨੂੰ ਸੰਭਾਲੇਗਾ’। ਮੇਰੀ ਬੀਵੀ ‘ਡਿਪਰੈਸ਼ਨ’ ਦੀ ਮਰੀਜ਼ ਹੋਣ ਕਰਕੇ, ਮੇਰਾ ਤੌਖਲਾ ਵਧ ਰਿਹਾ ਸੀ ਕਿ ਜਿਉਂ ਹੀ ਫ਼ੌਜੀਆਂ ਨੇ ਮੈਨੂੰ ਟਰੱਕ ਵਿਚ ਸੁੱਟਿਆ ਇਹ ਤਾਂ ਆਪਣੀ ਸੁੱਧ-ਬੁੱਧ ਖੋਹ ਬੈਠੇਗੀ ਅਤੇ ਬੇਸਮਝ ਬੱਚਿਆਂ ਦਾ ਕੀ ਬਣੂੰ। ਮੈਂ ਬਰਾਂਡੇ ਵਿਚ ਖੜ੍ਹੇ ਐੱਫ ਸੀ ਆਈ ਦੇ ਮੁਲਾਜ਼ਮਾਂ ਨੂੰ ਹੌਲੇ ਜਿਹੇ ਕਿਹਾ, ‘ਐਸੇ ਕਰਨਾ, ਜਬ ਯੇ ਮੇਰੇ ਕੋ ਲੇ ਗਏ ਤੋਂ ਮੇਰੀ ਬੀਵੀ ਬੱਚੋਂ ਕੋ ਪੀ ਪੀ ਐੱਸ ਗਿੱਲ, ਟ੍ਰਿਬਿਊਨ ਕੇ ਪੱਤਰਕਾਰ ਕੇ ਘਰ ਪਰ ਛੋੜ ਆਨਾ।’ ਇਕਦਮ ਦੋ-ਤਿੰਨ ਫ਼ੌਜੀ ਜਵਾਨ ਮੇਰੇ ਦੁਆਲੇ ਹੋ ਗਏ, ‘ਇਨ ਕੋ ਕਿਆ ਕਹਾ?’ ਮੈਂ ਕਿਹਾ ‘ਇਸ ਨੂੰ ਹੀ ਪੁੱਛ ਲਵੋ।’ ‘ਕੋਈ ਬਾਤ ਨਹੀਂ ਯੇ ਤੋ ਬੱਚੋਂ ਕੀ ਸੰਭਾਲ ਕੀ ਬਾਤ ਕਰ ਰਹੇ ਥੇ’, ਉਸ ਐੱਫ ਸੀ ਆਈ ਮੁਲਾਜ਼ਮ ਨੇ ਕਿਹਾ, ਜਿਹੜਾ ਕਿ ਪਿਛਲੇ ਮਹੀਨੇ ਤੋਂ ਮੇਰੇ ਨਾਲ ਕਾਫੀ ਘੁਲਮਿਲ ਗਿਆ ਸੀ। ਏਨੇ ਨੂੰ ਪੁਲਿਸ ਅਫਸਰ ਦਫਤਰ ਵਾਲੇ ਕਮਰੇ ਵਿਚੋਂ ਲਏ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ‘ਪੋਸਟਰ’ ਫ਼ੌਜੀ ਅਫਸਰ ਨੂੰ ਦਿਖਾ ਰਿਹਾ ਸੀ, ‘ਦੇਖੋ ਸਰ, ਕਿਹੋ ਜਿਹਾ ਗੈਰ-ਕਾਨੂੰਨੀ ਮਟੀਰੀਅਲ ਇਸ ਦੇ ਕੋਲ ਪਿਆ ਹੈ।’ ਪਰ ਫ਼ੌਜੀ ਅਫਸਰ ਨੇ ਉਸ ਨੂੰ ਕੋਈ ‘ਹਾਂ-ਹੂੰ’ ਨਾ ਕੀਤੀ। ਜਿਵੇਂ ਪੁਲਿਸ ਵਾਲਾ ਮੈਨੂੰ ਫੜ ਕੇ ਲਿਜਾਣ ਦੇ ‘ਸਬੂਤ’ ਇਕੱਠੇ ਕਰ ਰਿਹਾ ਸੀ, ਉਸ ਦੇ ਰਵੱਈਏ ਉੱਤੇ ਮੈਨੂੰ ਹਿਰਖ ਆਈ ਅਤੇ ਮੈਂ ਬੋਲ ਪਿਆ, ‘ਸਾਡੇ ਦਫਤਰ ਵਿਚ ਤਾਂ ਇਹ ਸਾਰਾ ਕੁਝ ਪਿਆ ਹੀ ਰਹਿੰਦਾ ਹੈ। ਅਜਿਹੇ ਕਾਗਜ਼ ਖਬਰਾਂ ਲਈ ਇਕੱਠੇ ਕਰਨਾ ਤਾਂ ਸਾਡੀ ਡਿਊਟੀ ਹੈ।’

ਫ਼ੌਜੀ ਅਫਸਰ ਫਿਰ ਖਾਮੋਸ਼ ਰਿਹਾ ਅਤੇ ਉਸ ਨੇ ਬਰਾਂਡੇ ਵਿਚ ਚਹਿਲ-ਕਦਮੀ ਕਰਨੀ ਸ਼ੁਰੂ ਕਰ ਦਿੱਤੀ। ਇਉਂ ਲੱਗਦਾ ਸੀ ਜਿਵੇਂ ਉਹ ਕਿਸੇ ਸਿੱਟੇ ਉੱਤੇ ਪਹੁੰਚਣ ਲਈ ਅਤੇ ਕੋਈ ਅਖੀਰਲਾ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਹੋਵੇ। ਅਖੀਰ, ਇਕ ਸਫੈਦ ਕਾਗਜ਼ ਉੱਪਰ, ਉਸ ਫ਼ੌਜੀ ਅਫਸਰ ਨੇ ਕੁਝ ਲਿਖਣਾ ਸ਼ੁਰੂ ਕੀਤਾ। ਮੈਂ ਬੜੇ ਗੁਹ ਨਾਲ ਤੱਕ ਰਿਹਾ ਸੀ ਕਿ ਉਹ ਕੀ ਅੱਖਰ ਪਾ ਰਿਹਾ ਹੈ। ਉਸ ਨੇ ‘ਸਰਚ’ ਨੂੰ ‘ਕੰਡੈਕਟ’ ਕਰਨ ਦੀ ਪ੍ਰਕਿਰਿਆ, ਸਮਾਂ ਅਤੇ ਸਥਾਨ ਲਿਖਿਆ, ਫਿਰ ਅਖੀਰਲੀ ਲਾਈਨ ਸੀ “Nothing 9ncriminating 6ound” (ਕੁਝ ਵੀ ਜ਼ਰਾਇਮਾਨਾ ਨਹੀਂ ਫੜ੍ਹਿਆ ਗਿਆ)। ਉਹ ਫ਼ੌਜੀ ਅਫਸਰ ਮੈਨੂੰ ਥੋੜ੍ਹਾ ਜਿਹਾ ਪ੍ਰੇਸ਼ਾਨ ਵੀ ਲੱਗ ਰਿਹਾ ਸੀ। ਮੈਨੂੰ ਲੱਗਿਆ ਕਿ ਉਸ ਦੀ ਪਰੇਸ਼ਾਨੀ ਇਸ ਕਰਕੇ ਸੀ ਕਿ ਉਸ ਨੂੰ ਛਾਪਾ ਮਾਰਨ ਤੋਂ ਪਹਿਲਾਂ ਵੱਡੇ ਅਫਸਰਾਂ ਵੱਲੋਂ ਸ਼ਾਇਦ ਇਹ ‘ਬਰੀਫ’ (Brief) ਮਿਲਿਆ ਸੀ ਕਿ ਯੂ ਐੱਨ ਆਈ ਦਾ ਪੱਤਰਕਾਰ ਬਹੁਤ ਹੀ ਖਤਰਨਾਕ ਵਿਅਕਤੀ ਹੈ, ਉਸ ਦੇ ਦੇਸ਼ ਦੇ ਦੁਸ਼ਮਣਾਂ ਨਾਲ ਅਤੇ ਪਾਕਿਸਤਾਨ ਨਾਲ ਸੰਬੰਧ ਹਨ। ਪਰ ਛਾਪੇ ਵਿਚ ਕੁਝ ਵੀ ਪੱਲੇ ਨਾ ਪੈਣ ਕਰਕੇ, ਮੇਰੇ ਆਰਜ਼ੀ ਜਿਹੇ ਖੇਤਰ, ਮਾੜੀ ਜਿਹੀ ਰਹਿਣੀ-ਸਹਿਣੀ ਨੂੰ ਦੇਖ ਕੇ ਐੱਫ ਸੀ ਆਈ ਅਤੇ ਹਟਵਾਣੀਆਂ ਦੀ ਵੱਖਰੀ ਪੁੱਛ-ਪੜਤਾਲ ਤੋਂ ਉਸ ਫ਼ੌਜੀ ਅਫਸਰ ਨੂੰ ਜਿਵੇਂ ‘ਬਰੀਫਿੰਗ’ ਅਤੇ ਅਸਲੀਅਤ ਵਿਚ ਜ਼ਮੀਨ-ਆਸਮਾਨ ਦਾ ਫਰਕ ਲੱਗਿਆ, ਜਿਸ ਕਰਕੇ ਸ਼ਾਇਦ ਉਸ ਦੇ ਫੈਸਲੇ ਦੀ ਪ੍ਰਕਿਰਿਆ ਲੰਬੀ ਹੋ ਗਈ ਲੱਗਦੀ ਸੀ।

ਅਖੀਰ ਫ਼ੌਜੀ ਅਫਸਰ ਨੇ ਆਪਣੇ ਹੱਥ ਨਾਲ ਲਿਖਿਆ ਕਾਗਜ਼ ਮੇਰੇ ਵੱਲ ਵਧਾਇਆ ਅਤੇ ਕਿਹਾ ਇਸ ਉੱਤੇ ਦਸਤਖਤ ਕਰ ਦਿਓ। ਦਸਤਖਤ ਕਰਦਿਆਂ ਮੈਂ ਫਿਰ ਲਿਖੇ ਮਜ਼ਮੂਨ ਨੂੰ ਪੜ੍ਹਨ ਦੀ ਕੋਸ਼ਿਸ ਕਰ ਰਿਹਾ ਸੀ। ਫਿਰ ਉਹ ਚੁੱਪ-ਚਾਪ ਆਪਣੀ ਟੀਮ ਲੈ ਕੇ ਮਕਾਨ ਦੇ ਗੇਟ ਤੋਂ ਬਾਹਰ ਨਿਕਲ ਗਿਆ। ਫੇਰ, ਫ਼ੌਜੀ ਟਰੱਕਾਂ, ਜੀਪਾਂ ਦੇ ‘ਸਟਾਰਟ’ ਹੋਣ ਦੀਆਂ ਆਵਾਜ਼ਾਂ ਆਈਆਂ ਅਤੇ ਪੰਜ-ਸੱਤ ਮਿੰਟਾਂ ਵਿਚ ਮਕਾਨ ਦੇ ਸਾਹਮਣੇ ਵਾਲੀ ਸੜਕ ਖਾਲੀ ਹੋ ਗਈ ਸੀ। ਹੁਣ ਮੈਂ ਆਜ਼ਾਦ ਸਾਂ।

ਮੈਂ ਦਫਤਰ ਵਾਲੇ ਕਮਰੇ ਦੇ ਪਿਛਵਾੜੇ ਵਿਹੜੇ ਵਿਚ ਆਇਆ। ਮੇਰੀ ਬੀਵੀ, ਬੱਚੇ ਅਜੇ ਸਹਿਮੇ ਹੋਏ ਮੰਜਿਆਂ ਉੱਤੇ ਲੇਟੇ ਹੋਏ ਸਨ। ਮੈਂ ਪੰਜ ਕੁ ਮਿੰਟ ਉਨ੍ਹਾਂ ਕੋਲ ਰੁਕਿਆ। ਪਰ ਮੈਂ ਕੁਝ ਬੋਲ ਨਾ ਸਕਿਆ ਅਤੇ ਨਾ ਹੀ ਅੱਗਿਓਂ ਉਹ ਕੁਝ ਬੋਲੇ। ਬਸ, ਅਸੀਂ ਇਕ-ਦੂਜੇ ਵੱਲ ਬਿੱਟ-ਬਿੱਟ ਦੇਖਦੇ ਰਹੇ। ਹੁਣ ਮੈਂ ਸੋਚ ਰਿਹਾ ਸੀ ਕਿ ਜੇ ਪੁਲਿਸ ਦਾ ਛਾਪਾ ਹੁੰਦਾ ਤਾਂ ਮੈਂ ਜ਼ਰੂਰ ਇਕ ਵਾਰ ਸਲਾਖਾਂ ਦੇ ਪਿੱਛੇ ਬੰਦ ਹੋ ਜਾਣਾ ਸੀ। ਜੇ ਮੇਰੇ ਕੋਲੋਂ ਕੁਝ ‘ਬਰਾਮਦ’ ਨਾ ਵੀ ਹੁੰਦਾ ਤਾਂ ਵੀ ਐੱਫ ਆਈ ਆਰ ਵਿਚ ਝੂਠੇ ਹਥਿਆਰ ਅਤੇ ਵਾਇਰਲੈਸ ਸੈੱਟ ਮੇਰੇ ਸਿਰ ਮੜ੍ਹ ਦਿੱਤੇ ਜਾਂਦੇ ਅਤੇ ਜਿਸਮਾਨੀ ਤੌਰ ਉੱਤੇ ਪੁਲਿਸ ਤਸ਼ੱਦਦ ਵੱਖ ਝੱਲਣਾ ਪੈਂਦਾ। ਮੈਨੂੰ ਲੱਗਿਆ ਕਿ ਫ਼ੌਜੀ ਅਫਸਰ ਆਪਣੇ ‘ਬਰੀਫ’ ਤੋਂ ਪਰ੍ਹੇ ਨਹੀਂ ਗਿਆ ਅਤੇ ਪ੍ਰਚੱਲਿਤ ਪੁਲਿਸ ਦੇ ਕਲਚਰ ਤੋਂ ਉਹ ਅਣਭਿੱਜ ਸੀ। ਉਨ੍ਹਾਂ ਦਹਿਸ਼ਤ ਦੇ ਦਿਨਾਂ ਵਿਚ ਫ਼ੌਜੀ ਛਾਪੇ ਕਰਕੇ ਉਸ ਮਹੱਲੇ ਵਿਚ ਸਹਿਮ ਜਿਹਾ ਛਾ ਗਿਆ ਸੀ। ਤਕਰੀਬਨ ਦੋ ਘੰਟੇ ਬਾਅਦ ਸਾਹਮਣੇ ਰਹਿੰਦੇ ਬਾਵਾ ਗੋਤ ਦੇ ਸਿੱਖ ਪਰਿਵਾਰ ਦਾ ਬਜ਼ੁਰਗ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ, ‘ਸਾਡੀ ਸਾਰੀ ਸੜਕ ਫ਼ੌਜੀ ਗੱਡੀਆਂ, ਟਰੱਕਾਂ, ਜੀਪਾਂ ਨਾਲ ਭਰੀ ਪਈ ਸੀ। ਅਸੀਂ ਸਭ ਡਰਿਆਂ ਨੇ ਅੰਦਰੋਂ ਬਾਰੀਆਂ, ਬੂਹੇ ਬੰਦ ਕਰ ਲਏ ਅਤੇ ਝੀਥਾਂ ਵਿਚੋਂ ਹੀ ਤੁਹਾਡੀ ਤਲਾਸ਼ੀ ਦੇ ਡਰਾਮੇ ਨੂੰ ਦੇਖਦੇ ਰਹੇ।’

ਇਸ ਬਾਵਾ ਪਰਿਵਾਰ ਨਾਲ ਮੇਰਾ ਕਾਫੀ ਚੰਗਾ ਸਹਿਚਾਰ ਸੀ। ਤਿੰਨ ਜੂਨ (1984) ਨੂੰ ਨੀਲਾ ਤਾਰਾ ਨਾਮੀ ਫ਼ੌਜੀ ਹਮਲਾ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਅੰਮ੍ਰਿਤਸਰ ਵਿਚ ਸਭ ਬਾਹਰੋਂ ਆਏ ਦੇਸੀ-ਵਿਦੇਸ਼ੀ ਪੱਤਰਕਾਰਾਂ ਨੂੰ ਸ਼ਹਿਰ ਛੱਡ ਕੇ ਜਾਣ ਦੇ ਹੁਕਮ ਹੋ ਗਏ ਸਨ। ਇਨ੍ਹਾਂ ਸਾਰਿਆਂ ਨੂੰ ਪੁਲਿਸ ਦੇ ਐੱਸ ਪੀ ਸੀਤਲ ਦਾਸ ਨੇ ਮਾਲ ਰੋਡ ਉੱਤੇ ਸਥਿਤ ‘ਰਿਟਜ਼’ ਹੋਟਲ ਵਿਚ ਇਕੱਠਾ ਕਰ ਲਿਆ ਸੀ। ਅਮਰੀਕਾ ਦੀ ਨਿਊਜ਼ ਏੰਜਸੀ, ਐਸੋਸੀਏਟਿਡ ਪ੍ਰੈੱਸ (ਏ ਪੀ) ਦੇ ਪੱਤਰਕਾਰ ਬ੍ਰਹਮ ਚਿਲਾਨੀ ਨਾਲ ਮੈਂ ਵੀ ਉੱਥੇ ਰਿਟਜ਼ ਹੋਟਲ ਵਿਚ ਪਹੁੰਚ ਗਿਆ ਸਾਂ। ਉਨ੍ਹਾਂ ਦਿਨਾਂ ਵਿਚ ਟੈਲੀਵਿਜ਼ਨ ਤਾਂ ਨਹੀਂ ਸਨ, ਅਸੀਂ ਸਾਰੇ ਪੱਤਰਕਾਰਾਂ ਨੇ ਹੋਟਲ ਦੀ ਲੌਬੀ ਵਿਚ ਬੈਠਿਆਂ ਹੀ ਇੰਦਰਾ ਗਾਂਧੀ ਦਾ ਬਲਿਊ ਸਟਾਰ ਆਪ੍ਰੇਸ਼ਨ ਸ਼ੁਰੂ ਹੋਣ ਤੋਂ ਕੁਝ ਘੜੀਆਂ ਪਹਿਲਾਂ ਵਾਲਾ ‘ਦੇਸ਼ ਵਾਸੀਆਂ ਦੇ ਨਾਂਅ ਸੰਦੇਸ਼’ ਰੇਡੀਓ ਤੋਂ ਸੁਣਿਆ, ਜਿਸ ਵਿਚ ਖੂਨ ਦੀ ਹੋਲੀ ਖੇਡਣ ਤੋਂ ਪਹਿਲਾਂ ਉਲਟਾ ਭਾਰਤੀਆਂ ਨੂੰ ਇਹ ਕਿਹਾ ਗਿਆ ਸੀ ‘ਖੂਨ ਨਾ ਡੋਲੋ ਸ਼ਾਂਤੀ-ਅਮਨ ਬਣਾ ਕੇ ਰੱਖੋ।’

ਉਸ ਤੋਂ ਬਾਅਦ ਮੌਜੂਦਾ ਇੰਡੀਅਨ ਐਕਸਪ੍ਰੈੱਸ ਦੇ ਐਡੀਟਰ ਸ਼ੇਖਰ ਗੁਪਤਾ ਅਤੇ ਬੀ ਬੀ ਸੀ ਦੇ ਮਸ਼ਹੂਰ ਨਾਮਾਨਗਾਰ ਮਾਰਕ ਟੁਲੀ ਅਤੇ ਦਰਜਨ ਕੁ ਹੋਰ ਪੱਤਰਕਾਰਾਂ ਨੂੰ ਗੱਡੀਆਂ ਵਿਚ ਬਿਠਾ ਕੇ ਸੀਤਲ ਦਾਸ ਦੀ ਅਗਵਾਈ ਹੇਠ ਪੰਜਾਬ ਤੋਂ ਬਾਹਰ ਛੱਡ ਦਿੱਤਾ ਗਿਆ ਸੀ ਅਤੇ ਬ੍ਰਹਮ ਚੇਲਾਨੀ ਚੋਰੀ-ਚੋਰੀ ਖਿਸਕ ਕੇ ਮੇਰੇ ਨਾਲ ਸਕੂਟਰ ‘ਤੇ ਵਿੰਗੀਆਂ-ਟੇਡੀਆਂ ਗਲੀਆਂ ਵਿਚੋਂ ਲੰਘ ਕੇ ਮੇਰੇ ਦਫਤਰ ਪਹੁੰਚ ਗਿਆ ਸੀ। ਮੈਂ ਉਸ ਨੂੰ ਅੱਗੇ ਸਾਹਮਣੇ ਬਾਵਾ ਪਰਿਵਾਰ ਦੇ ਦੋ-ਮੰਜ਼ਿਲੇ ਮਕਾਨ ਦੇ ਉਪਰਲੇ ਹਿੱਸੇ ਵਿਚ ਕਿਰਾਏ ਉੱਤੇ ਰਹਿੰਦੇ ਇਕ ਡੋਗਰਾ ਏਅਰਫੋਰਸ ਦੇ ਅਫਸਰ ਦੇ ਘਰ ਪਹੁੰਚਾ ਦਿੱਤਾ ਸੀ। ਉਹ ਪੰਜ-ਛੇ ਦਿਨ ਮੇਰੇ ਦਫਤਰ ਜਾਂ ਉਸ ਅਫਸਰ ਦੇ ਘਰ ਛੁਪਿਆ ਰਿਹਾ। ਸਾਡੇ ਦਫਤਰ ਦੇ ਟੈਲੀਫੋਨ ਅਤੇ ਟੈਲਪ੍ਰਿੰਟਰਾਂ ਦੇ ਕੁਨੈਕਸ਼ਨ ਤਿੰਨ ਜੂਨ ਨੂੰ ਕੱਟ ਦਿੱਤੇ ਗਏ ਸਨ। ਅਸਲ ਵਿਚ ਕਰਫਿਊ ਲੱਗਣ ਤੋਂ ਪਹਿਲਾਂ ਹੀ ਸਾਰੇ ਸ਼ਹਿਰ ਦੇ ਟੈਲੀਫੋਨ ਕੱਟ ਦਿੱਤੇ ਗਏ ਸਨ। ਅਖੀਰ ਪੰਜ-ਛੇ ਦਿਨ ਤੱਕ ਛੁਪੇ ਇਸ ਪੱਤਰਕਾਰ ਨੂੰ ਮੈਂ 9 ਜੂਨ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਮੈਂ ਚਾਹੁੰਦਾ ਸਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਅੰਮ੍ਰਿਤਸਰ ਵਿਚ ਕੀ ਵਾਪਰ ਰਿਹਾ ਸੀ। ਬਤੌਰ ਪੱਤਰਕਾਰ ਬ੍ਰਹਮ ਚੇਲਾਨੀ ਖੁਦ ਵੀ ਛੇਤੀ ਤੋਂ ਛੇਤੀ ਖਬਰਾਂ ਨੂੰ ਬਾਹਰ ਭੇਜਣਾ ਚਾਹੁੰਦਾ ਸੀ। ਪਰ ਅਸੀਂ ਮਜਬੂਰ, ਫਸੇ ਹੋਏ ਸਾਂ।

ਅੰਤ 11 ਜੂਨ ਨੂੰ ਕਰਫਿਊ ਵਿਚ ਦਿੱਤੀ ਗਈ ਕੁਝ ਕੁ ਢਿੱਲ ਦੌਰਾਨ ਮੈਂ ਬੱਸ ਸਟੈਂਡ ਤੋਂ ਜਲੰਧਰ ਜਾ ਰਹੀ ਅਤੇ ਗਚਾਗੱਚ ਭਰੀ ਪੰਜਾਬ ਰੋਡਵੇਜ਼ ਦੀ ਇਹ ਬੱਸ ਵਿਚ ਬ੍ਰਹਮ ਚੇਲਾਨੀ ਨੂੰ ਚੜ੍ਹਾ ਹੀ ਦਿੱਤਾ। ਫਿਰ ਜਲੰਧਰ ਵਿਚ ਉਸ ਨੂੰ ਉਨ੍ਹਾਂ ਡਾਕਟਰਾਂ ਦੀ ਟੀਮ ਮਿਲ ਗਈ, ਜਿਨ੍ਹਾਂ ਨੇ ਦਰਬਾਰ ਸਾਹਿਬ ਵਿਚਲੀਆਂ ਲਾਸ਼ਾਂ ਦਾ ਪੋਸਟ ਮਾਰਟਮ ਕੀਤਾ ਸੀ। ਬ੍ਰਹਮ ਚੇਲਾਨੀ ਛੁਪਦਾ ਛੁਪਾਉਂਦਾ, ਪੰਜਾਬ ‘ਚੋਂ ਨਿਕਲ ਸ਼ਿਮਲੇ ਪਹੁੰਚ ਗਿਆ, ਜਿੱਥੇ ਉਸ ਨੇ ਪੋਸਟਮਾਰਟਮ ਰਿਪੋਰਟਾਂ ਉੱਤੇ ਆਧਾਰਿਤ ਦੁਨੀਆ ਨੂੰ ਪੰਜਾਬ ਤੋਂ ਪਹਿਲੀ ਖਬਰ ਦਿੱਤੀ ਕਿ ‘ਸੈਂਕੜੇ ਲੋਕਾਂ ਨੂੰ ਫ਼ੌਜ ਨੇ ਲਾਈਨਾਂ ਵਿਚ ਖੜ੍ਹੇ ਕਰਕੇ ਗੋਲੀਆਂ ਮਾਰ ਦਿੱਤੀਆਂ ਹਨ ਅਤੇ ਬਹੁਤੀਆਂ ਲਾਸ਼ਾਂ ਦੇ ਹੱਥ ਪਿੱਠ-ਪਿੱਛੇ ਉਨ੍ਹਾਂ ਦੀਆਂ ਪੱਗਾਂ ਨਾਲ ਬੰਨ੍ਹੇ ਹੋਏ ਸਨ।’

ਇਸ ਖਬਰ ਨੇ ਸਰਕਾਰੀ ਤੰਤਰ ਵਿਚ ਤਰਥਲੀ ਮਚਾ ਦਿੱਤੀ ਕਿ ਪ੍ਰੈੱਸ ਨੂੰ ਸੈਂਸਰ ਕਰਨ ਲਈ ਸਰਕਾਰ ਦੁਆਰਾ ਕੀਤੇ ਗਏ ਮਜ਼ਬੂਤ ਬੰਦੋਬਸਤ ਕਿਵੇਂ ਅਸਫ਼ਲ ਹੋ ਗਏ ਸਨ। ਅੰਮ੍ਰਿਤਸਰ ਦੇ ਥਾਣਾ ਸਦਰ ਵਿਚ ਬ੍ਰਹਮ ਚੇਲਾਨੀ ਵਿਰੁੱਧ ਦੇਸ਼-ਧਰੋਹੀ ਦੇ ਸੰਗੀਨ ਦੋਸ਼ਾਂ ਥੱਲੇ ਐੱਫ ਆਈ ਆਰ ਦਰਜ ਹੋ ਗਈ।

* ਜਸਪਾਲ ਸਿੰਘ ਸਿੱਧੂ ਅੰਗਰੇਜ਼ੀ ਤੇ ਪੰਜਾਬੀ ਪੱਤਰਕਾਰੀ ਦਾ ਜਾਣਿਆ ਪਛਾਣਿਆ ਨਾਂਅ ਹੈ।ਪੱਤਰਕਾਰੀ ਦੇ ਮੁੱਲਾਂ ਲਈ ਜ਼ਮੀਨੀ ਲੜਾਈ ਲੜਦੇ ਰਹੇ।ਆਪਰੇਸ਼ਨ ਬਲਿਊ ਸਟਾਰ ਮੌਕੇ ਖਬਰ ਏਜੰਸੀ ਯੂ.ਐਨ.ਆਈ ਦੇ ਪੱਤਰਕਾਰ ਵਜੋਂ ਅਮ੍ਰਿਤਸਰ ਨਿਯੁਕਤ ਸਨ।ਉਹਨਾਂ 84 ਦੇ ਦੌਰ ਨੂੰ ਬਹੁਤ ਨੇੜਿਓਂ ਵੇਖਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version