ਕੜੀ ਤੀਜੀ – ਸਾਡੀਆ ਅੱਖਾਂ ਚੋਂ ਲਹੂ ਨਿਕਲਦਾ ਸੀ ਵੀ ਇਹ ਹੋ ਕੀ ਗਿਆ…..?
ਗੁਰਦੁਆਰਾ ਚਰਨ ਕੰਵਲ ਸਾਹਿਬ ਪਾ: ਛੇਵੀਂ, ਜੀਂਦੋਵਾਲ – ਬੰਗਾ
ਗੁਰਦੁਆਰਾ ਸਾਹਿਬ – ਇਹ ਅਸਥਾਨ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਦੀ ਪਾਵਨ-ਪਵਿੱਤਰ ਯਾਦ ਵਿਚ ਸੁਭਾਇਮਾਨ ਹੈ। ਗੁਰੂ ਹਰਿਗੋਬਿੰਦ ਸਾਹਿਬ ਕਰਤਾਰਪੁਰ ਦੀ ਇਤਿਹਾਸਕ ਲੜਾਈ ਤੋਂ ਉਪਰੰਤ ਫਗਵਾੜੇ ਤੋਂ ਕੀਰਤਪੁਰ ਸਾਹਿਬ ਜਾਣ ਸਮੇਂ ਇਥੇ ਕੁਝ ਸਮੇਂ ਲਈ ਰੁਕੇ ਸਨ। ਗੁਰੂ ਜੀ ਦਾ ਸੁਹੇਲਾ ਘੋੜਾ ਬਿਮਾਰ ਹੋ ਗਿਆ ਸੀ, ਜਿਸ ਦਾ ਇਲਾਜ ਵੀ ਇਥੇ ਰਹਿ ਕੇ ਕਰਵਾਇਆ। ਨਗਰ ਨਿਵਾਸੀਆਂ ਨੇ ਗੁਰੂ ਜੀ ਤੇ ਗੁਰਸਿੱਖਾਂ ਦੀ ਖੂਬ ਟਹਿਲ ਸੇਵਾ ਕੀਤੀ।
ਭੂਗੌਲਿਕ ਸਥਿਤੀ – ਗੁਰਦੁਆਰਾ ਚਰਨ ਕੰਵਲ ਸਾਹਿਬ ਚੜ੍ਹਦੇ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜਿਲ੍ਹੇ ਦੇ ਬੰਗਾ ਕਸਬੇ ਵਿੱਚ ਸਥਿੱਤ ਹੈ। ਇਸ ਅਸਥਾਨ ਦਰਬਾਰ ਸਾਹਿਬ ਅੰਮਿ੍ਰਤਸਰ ਤੋਂ ਪੂਰਬ-ਦੱਖਣ ਵਾਲੇ ਪਾਸੇ ਤਕਰੀਬਨ 126 ਕਿ.ਮੀ. ਦੀ ਦੂਰੀ ਉੱਤੇ ਹੈ।
ਜੂਨ 1984 – ਗੁਰਦੁਆਰਾ ਚਰਨ ਕੰਵਲ ਸਾਹਿਬ, ਬੰਗਾ ਵਿਖੇ ਬਿਪਰਵਾਦੀ ਦਿੱਲੀ ਸਾਮਰਾਜ ਦੀ ਫੌਜ ਵੱਲੋਂ ਕੀਤੇ ਹਮਲੇ ਦੇ ਚਸ਼ਮਦੀਦ ਗਵਾਹ ਸ. ਪਰਗਨ ਸਿੰਘ ਨੇ ਦੱਸਿਆ ਕਿ:- ਜਦੋਂ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਉਦੋਂ ਮੈਂ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਚ ‘ਐਮ ਏ’ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਸੀ। ਕਾਲਜ ਦੇ ਬਿਲਕੁਲ ਨਾਲ ਗੁਰਦੁਆਰਾ ਚਰਨ ਕੰਵਲ ਸਾਹਿਬ ਹੈ ਜਿੱਥੇ ਅਸੀਂ ਸੇਵਾ ਦੇ ਤੌਰ ਤੇ ਕਦੀ ਕਦੀ ਰਾਤ ਨੂੰ ਰਹਿ ਜਾਇਆ ਕਰਦੇ ਸੀ। ਉਹਨਾਂ ਦਿਨਾਂ ਵਿੱਚ ਅਸੀਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੋਣ ਕਰਕੇ ਗੁਰਦੁਆਰਾ ਸਾਹਿਬ ਸੇਵਾ ਦੇ ਤੌਰ ਤੇ ਠਹਿਰੇ ਹੋਏ ਸੀ। 2 ਜੂਨ ਦੀ ਰਾਤ ਨੂੰ ਮਿਲਟਰੀ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੀ ਘੇਰਾਬੰਦੀ ਕਰ ਲਈ, ਲਗਭਗ 1 ਵਜੇ ਦਾ ਸਮਾਂ ਹੋਵੇਗਾ ਤੇ ਫੌਜ ਦੇ ਅਫਸਰਾਂ ਵੱਲੋਂ ਸਪੀਕਰਾਂ ਨਾਲ਼ ਇਹ ਅਨਾਊਂਸਮੈਂਟ ਕੀਤੀ ਜਾਣ ਲੱਗੀ ਕਿ ਜੋ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਸੇਵਾਦਾਰ ਜਾ ਮੁਲਾਜਮ ਜਾ ਕੋਈ ਹੋਰ ਜੋ ਇਥੇ ਠਹਿਰੇ ਹੋਏ ਹਨ ਉਹ ਬਾਹਰ ਆ ਜਾਣ। ਜੇ ਬਾਹਰ ਨਹੀਂ ਆਂਉਦੇ ਤਾਂ ਅਸੀਂ ਗੋਲੀ ਚਲਾਵਾਗੇ ਤੇ ਇਸ ਲਈ ਤੁਸੀਂ ਖੁਦ ਜਿੰਮੇਵਾਰ ਹੋਵੋਂਗੇ। ਲਗਭਗ ਇਕ ਡੇਢ ਘੰਟੇ ਦੀ ਅਨਾਊਂਸਮੈਂਟ ਤੋ ਬਾਅਦ ਸਾਰੇ ਬਾਹਰ ਆ ਗਏ। ਮਿਲਟਰੀ, ਕਾਲਜ ਦੇ ਗਰਾਉਂਡ ਵਿੱਚ ਉਤਰੀ ਹੋਈ ਸੀ ਤੇ ਕਾਲਜ ਦੇ ਕਮਰਿਆਂ ਵਿਚ ਉਹਨਾਂ ਨੇ ਆਪਣਾ ਠਹਿਰਾਅ ਕੀਤਾ ਹੋਇਆ ਸੀ। ਸਾਨੂੰ ਉਹ ਰਾਤ ਦੇ ਸਮੇਂ ਕਾਲਜ ਦੇ ਵਿੱਚ ਲੈ ਆਏ ਅਤੇ ਬਾਅਦ ਵਿੱਚ ਸਾਨੂੰ ਵੱਖ ਵੱਖ ਕਮਰਿਆ ਵਿੱਚ ਰੱਖਿਆ ਗਿਆ।
ਸ. ਪਰਗਨ ਸਿੰਘ ਨੇ ਅੱਗੇ ਦੱਸਿਆ ਕਿ ਜਿੱਥੇ ਅਸੀਂ ਪੜਦੇ ਹੁੰਦੇ ਸੀ ਉੱਥੇ ਸਾਨੂੰ ਦੋ ਤਿੰਨ ਦਿਨ ਤੱਕ ਬੰਦ ਰੱਖਿਆ ਗਿਆ। ਉਹ ਮਿਲਟਰੀ ਵਾਲੇ ਸਾਨੂੰ ਕਾਫੀ ਚਿਰ ਬੜਾ ਡਰਾ ਧਮਕਾ ਕੇ ਪੁੱਛ ਗਿੱਛ ਕਰਦੇ ਰਹੇ ਕਿ ਤੁਹਾਡੇ ਕੋਲ ਅਸਲਾ ਹੈ, ਤੁਸੀ ਗਲਤ ਗਤੀਵਿਧੀਆਂ ਵਿੱਚ ਸ਼ਾਮਿਲ ਹੋ। ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਪੜ੍ਹਨ ਲਿਖਣ ਵਾਲੇ ਬੱਚੇ ਹਾਂ, ਅਸੀਂ ਐਮ ਏ ਕਾਲਜ ਵਿੱਚ ਪੜ੍ਹ ਰਹੇ ਆ ਅਤੇ ਅਸੀਂ ਸੇਵਾ ਦੇ ਤੌਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਰੁਕੇ ਹੋਏ ਹਾਂ ਪਰ ਉਹਨਾਂ ਵੱਲੋਂ ਸਾਡੇ ਉੱਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਅਤੇ ਨੀਵਾਂ ਦਿਖਾਉਣ ਵਰਗੇ ਤਰੀਕੇ ਵਰਤਣ ਦੀ ਕੋਸਿਸ਼ ਕੀਤੀ ਗਈ। ਉਹਨਾਂ ਵਲੋਂ ਵਾਰ ਵਾਰ ਇਹੀ ਕਿਹਾ ਜਾਂਦਾ ਸੀ ਕਿ ਜੋ ਤੁਹਾਡੇ ਕੋਲ ਅਸਲਾ ਹੈ ਉਹ ਦੱਸ ਦਿਉ ਨਹੀਂ ਤਾਂ ਅਸੀਂ ਤੁਹਾਡਾ ਮੁਕਾਬਲਾ ਬਣਾ ਦਵਾਂਗੇ, ਤੁਹਾਨੂੰ ਮਾਰ ਦੇਵਾਂਗੇ। ਇਕ ਸਥਿਤੀ ਇਹੋ ਜਿਹੀ ਆਈ ਜਦੋਂ ਸਾਨੂੰ ਲੱਗਿਆ ਕਿ ਜਿੰਦਗੀ ਤੇ ਮੌਤ ਵਿੱਚ ਕੋਈ ਫਰਕ ਨਹੀਂ ਹੈ ਸਾਨੂੰ ਲਗਦਾ ਸੀ ਕਿ ਮੌਤ ਸਾਡੇ ਨੇੜੇ ਹੀ ਹੈ । ਹੁਣ ਇਹ ਕਿਸੇ ਤਰ੍ਹਾਂ ਦਾ ਮੁਕਾਬਲਾ ਕਰਵਾ ਕੇ ਸਾਨੂੰ ਛੱਡਣਗੇ ਨਹੀਂ ।ਮਿਲਟਰੀ ਦੇ ਹਰੇਕ ਅਫਸਰ ਦੀਆਂ ਗੱਲਾਂ ਬਾਤਾਂ ਤੇ ਰਵੱਈਏ ਤੋਂ ਏਦਾਂ ਦਾ ਹੀ ਲਗਦਾ ਸੀ।
ਦੋ ਤਿੰਨ ਦਿਨਾਂ ਦੀ ਪੁੱਛ ਗਿੱਛ ਤੋਂ ਬਾਅਦ ਸਾਨੂੰ ਪੁਲਿਸ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ। ਸਾਡੇ ਨਾਲ ਕੀਰਤਨੀ ਜਥਾ ਜਿਸ ਵਿਚ ਭਾਈ ਜੋਗਾ ਸਿੰਘ, ਸਰਦਾਰ ਪ੍ਰਕਾਸ਼ਾ ਸਿੰਘ ਅਤੇ ਸਰਦਾਰ ਮਨਜੀਤ ਸਿੰਘ (ਤਬਲਾਬਾਦਕ) ਸਨ, ਸਰਦਾਰ ਅਵਤਾਰ ਸਿੰਘ ਅਤੇ ਰਾਜਾ ਰਵਿੰਦਰ ਸਿੰਘ ਜਿਹੜੇ ਇਸੇ ਹੀ ਕਾਲਜ ਦੇ ਵਿਦਿਆਰਥੀ ਸਨ, ਕਥਾਵਾਚਕ ਸਰਦਾਰ ਪਰੇਮ ਸਿੰਘ ਖੜਗ ਅਤੇ ਗੁਰਦੁਆਰਾ ਸਾਹਿਬ ਦੇ ਸਟੋਰ ਕੀਪਰ ਸਰਦਾਰ ਦਾਰਾ ਸਿੰਘ ਹੁਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਸਾਡੇ ਕਾਲਜ ਦੇ ਮੁਲਾਜਮ ਸ਼ਾਮ ਲਾਲ, ਰਾਮ ਭਰੋਸੇ ਉਹਨਾਂ ਨੂੰ ਵੀ ਗਿਰਫਤਾਰ ਕੀਤਾ ਸੀ ਪਰ ਇਹਨਾਂ ਨੂੰ ਦੋ ਤਿੰਨ ਦਿਨਾਂ ਦੇ ਬਾਅਦ ਇਥੇ ਹੀ ਛੱਡ ਦਿੱਤਾ ਗਿਆ। ਸਾਨੂੰ ਬਾਕੀ ਸੱਤ ਅੱਠ ਬੰਦਿਆ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਬੰਗਾ ਪੁਲਿਸ ਵਾਲਿਆਂ ਨੇ ਸਾਨੂੰ ਤਿੰਨ ਚਾਰ ਦਿਨ ਆਪਣੀ ਹਿਰਾਸਤ ਦੇ ਵਿਚ ਰੱਖਿਆ ਅਤੇ ਉਸ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ। ਉਥੇ ਕੁਝ ਦਿਨ ਬਾਅਦ ਸਾਡੇ ਉੱਤੇ ‘ਐਨ ਐਸ ਏ’ ਦੀ ਧਾਰਾ ਲੱਗਾ ਦਿੱਤੀ ਕਿਉਂਕਿ ਏਦਾਂ ਦਾ ਕੋਈ ਜੁਲਮ ਹੈ ਨਹੀਂ ਸੀ ਜਿਸ ਕਰਕੇ ਸਾਨੂੰ ਅੰਦਰ ਰਖਿਆ ਜਾਦਾ। ਇਸ ‘ਐਨ ਐਸ ਏ’ ਐਕਟ ਦੇ ਤਹਿਤ ਸਾਨੂੰ ਲਗਭਗ ਡੇਢ ਸਾਲ ਅੰਦਰ ਰਖਿਆ ਗਿਆ। ਮੈਂ ਜੇਲ੍ਹ ਦੇ ਅੰਦਰ ਰਹਿ ਕੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਅਕਤੂਬਰ 1985 ਦੇ ਵਿਚ ਅਸੀਂ ਰਿਹਾਅ ਹੋਏ।
ਇਸ ਗੱਲ ਦਾ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਸਰੋਵਰ ਦੀ ਤਲਾਸ਼ੀ ਵੀ ਗੋਤਾਂ ਖੋਰ ਤੋਂ ਕਰਵਾਉਣ ਦੀ ਕੋਸਿਸ਼ ਕੀਤੀ ਸੀ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿ ਸ਼ਾਇਦ ਇਹਨਾਂ ਕੋਲ ਕਿਸੇ ਤਰ੍ਹਾਂ ਦਾ ਅਸਲਾ ਹੋਵੇਗਾ ਪਰ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਸਰੋਵਰ ਵਿਚੋਂ ਅਤੇ ਨਾ ਹੀ ਗੁਰਦੁਆਰਾ ਸਾਹਿਬ ਵਿੱਚੋ ਮਿਲੀ।
ਭਾਈ ਹਰਬੰਸ ਸਿੰਘ ਤੇਗ ਜੋ ਉਸ ਵਕਤ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਮੈਨੇਜਰ ਸਨ ਉਹਨਾਂ ਨੇ ਦੱਸਿਆ ਕਿ ਧਰਮ ਯੁੱਧ ਮੋਰਚੇ ਦੇ ਚਲਦਿਆਂ ਇਕ ਦਫਾ ਸੰਤ ਜਰਨੈਲ ਸਿੰਘ ਨੇ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਵੱਡੀ ਕਾਨਫਰੰਸ ਕੀਤੀ ਸੀ। ਜਿਸ ਵਿਚ ਹਰਬੰਸ ਸਿੰਘ ਤੇਗ ਨੂੰ ਬਤੌਰ ਮਨੇਜ਼ਰ ਜਾਂ ਸੇਵਾਦਾਰ ਹੋਣ ਦੇ ਨਾਤੇ ਮੁੱਖ ਕਰਤਾ ਧਰਤਾ ਸਮਝ ਲਿਆ ਗਿਆ। ਉਸ ਤੋਂ ਬਾਅਦ ਉਹਨਾਂ ਦੀ ਨੇੜਤਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਰਹੀ ਅਤੇ ਉਹ ਅਕਾਲੀ ਦਲ ਦੇ ਵਰਕਰ ਹੋਣ ਦੇ ਨਾਤੇ ਅਤੇ ਪ੍ਰਚਾਰਕ ਹੋਣ ਦੇ ਨਾਤੇ ਵਿੱਚਰਦੇ ਰਹੇ। ਅੱਗੇ ਉਹਨਾਂ ਨੇ ਦੱਸਿਆ ਕਿ ਮੈਂ 1984 ਦੇ ਵਿੱਚ ਦੋ ਮਹੀਨੇ ਦੀ ਛੁੱਟੀ ਲੈ ਕੇ ਆਪਣੇ ਛੋਟੇ ਭਰਾ ਦੀ ਇੱਛਾ ਦੇ ਮੁਤਾਬਿਕ ਇੰਗਲੈਂਡ ਚਲਾ ਗਿਆ। ਮੈਂ ਜਾਣ ਤੋਂ ਪਹਿਲਾਂ ਸੰਤਾ ਨੂੰ ਮਿਲ ਕੇ ਵੀ ਗਿਆ ਸੀ। ਮੇਰੇ ਜਾਣ ਤੋਂ ਬਾਅਦ ਬੜੀ ਤੇਜ਼ੀ ਨਾਲ ਹਾਲਾਤ ਬਦਲੇ ਅਤੇ ਬਾਅਦ ਵਿੱਚ ਜੋ ਜਾਣਕਾਰੀ ਮੈਨੂੰ ਪਤਾ ਲੱਗੀ ਕਿ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਹੈਲੀਕਾਪਟਰ ਦੁਆਰਾ ਫੌਜ ਉਤਾਰੀ ਗਈ। ਜਿਨ੍ਹਾਂ ਦੀ ਗਿਣਤੀ ਮੈਨੂੰ ਲਗਭਗ ਤਿੰਨ ਹਜ਼ਾਰ ਦੱਸੀ ਗਈ। ਪਤਾ ਨਹੀਂ ਉਹਨਾਂ ਨੂੰ ਮੇਰੇ ਬਾਰੇ ਜਾ ਗੁਰਦੁਆਰਾ ਸਾਹਿਬ ਦੇ ਬਾਰੇ ਕੀ ਰਿਪੋਰਟਾਂ ਮਿਲੀਆਂ ਸੀ ਕਿ ਫੌਜ ਨੇ ਉਤਰ ਕੇ ਸਭ ਤੋਂ ਪਹਿਲਾਂ ਸਟਾਫ਼ ਨੂੰ ਕਾਬੂ ਕੀਤਾ ਜਿੰਨਾ ਨੂੰ ਮੈਂ ਚਾਰਜ ਦੇ ਕੇ ਗਿਆ ਸੀ, ਜਿਹੜੇ ਕਥਾ ਕਰਦੇ ਸੀ, ਜਾ ਜਿਹੜੇ ਮੇਰੇ ਸਹਾਈ ਸੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ। ਸੰਗਤਾ ਨੂੰ ਵੀ ਆਉਣ ਤੋਂ ਰੋਕਿਆ ਗਿਆ। ਤਲਾਸ਼ੀ ਲੈਣੀ ਸ਼ੁਰੂ ਕੀਤੀ, ਸਟਾਫ਼ ਨੂੰ ਕੁੱਟਿਆ ਧਮਕਾਇਆ ਵੀ। ਮੇਰੇ ਬਾਰੇ ਉਹਨਾਂ ਨੂੰ ਮੇਰਾ ਨਾਮ ਭੁੱਲ ਗਿਆ ਅਤੇ ਤੇਗ ਦੀ ਥਾਂ ਉਹ ਤਲਵਾਰ ਕਹਿਣ ਲੱਗ ਪਏ। ਇਕ ਗ੍ਰੰਥੀ ਸਿੰਘ ਨੇ ਦੱਸਿਆ ਕਿ ਉਹ ਮੈਨੂੰ ਬਾਰ ਬਾਰ ਪੁੱਛ ਰਹੇ ਸੀ “ਕਿ ਵੋਹ ਆਪਕੀ ਤਲਵਾਰ ਕਹਾਂ ਹੈ” ਉਹ ਕਹਿੰਦੇ ਅਸੀਂ ਕਿਹਾ ਕਿਹੜੀ ਤਲਵਾਰ? ਗਾਤਰੇ ਤੁਸੀ ਸਾਡੇ ਲਹਾ ਲਏ ਹੁਣ ਤਾਂ ਸਾਡੇ ਕੋਲ ਕੋਈ ਤਲਵਾਰ ਨਹੀਂ ਹੈ। ਫਿਰ ਉਹ ਕਹਿੰਦੇ “ਨਹੀਂ ਵੋਹ ਚਲਤੀ ਫਿਰਤੀ ਤਲਵਾਰ ਜੋ ਆਪਕਾ ਮੈਨੇਜਰ ਹੈ”। ਜਦੋਂ ਉਹਨਾਂ ਕਿਹਾ ਕਿ ਉਹ ਤਾਂ ਇਥੇ ਹੈ ਨਹੀਂ ਉਹ ਇੰਗਲੈਂਡ ਗਏ ਆ ਤਾਂ ਉਹ ਯਕੀਨ ਨਾ ਕਰਨ। ਉਹਨਾਂ ਨੇ ਫਿਰ ਲੰਗਰ, ਕਮਰਿਆਂ ਦੀ ਤਲਾਸ਼ੀ ਲਈ ਉਥੋਂ ਉਹਨਾਂ ਨੂੰ ਕੋਈ ਨਜਾਈਜ਼ ਅਸਲਾ ਨਹੀਂ ਮਿਲਿਆ ਪਰ ਉਸਦੇ ਬਾਵਜੂਦ ਵੀ ਉਹਨਾਂ ਨੇ ਸਰੋਵਰ ਦੀ ਤਲਾਸ਼ੀ ਲਈ ਜੋ ਸਾਡੇ ਗੁਰਦੁਆਰਾ ਸਾਹਿਬ ਦੇ ਨਾਲ ਬਣਿਆ ਹੋਇਆ ਸੀ। ਸਾਡੇ ਇਕ ਪੁਰਾਣੇ ਖੂਹ ਦੀ ਵੀ ਉਹਨਾਂ ਨੇ ਛਾਣਬੀਣ ਕੀਤੀ । ਗੁਰਦੁਆਰਾ ਸਾਹਿਬ ਦੇ ਸੇਵਾਦਾਰਾ ਨੂੰ ਹੱਥ ਬੰਨ੍ਹ ਕੇ ਰੱਖਿਆ। ਤਲਾਸ਼ੀ ਦੌਰਾਨ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਪਰ ਉਹਦੇ ਬਾਵਜੂਦ ਵੀ ਗੁਰਦੁਆਰਾ ਸਾਹਿਬ ਦੀ ਜੋ ਮਰਿਆਦਾ ਸੀ ਉਹ ਤਹਿਸ ਨਹਿਸ ਹੋ ਗਈ। ਡਰਾਵੇ ਇੰਨੇ ਦਿੱਤੇ ਗਏ ਕਿ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਦਾ ਆਉਣਾ ਜਾਣਾ ਬੰਦ ਹੋ ਗਿਆ। ਕਨੇਡਾ ਦੇ ਇਕ ‘ਇੰਡੋ ਕਨੇਡੀਅਨ’ ਪਰਚੇ ਵਿੱਚ ਮੇਰੇ ਮਰ ਜਾਣ ਦੀ ਖਬਰ ਵੀ ਲੱਗੀ। ਸਾਡੇ ਇਥੇ ਹਕੀਮਪੁਰ ਗੁਰਦਵਾਰਾ ਸਾਹਿਬ ਦੇ ਜਥੇਦਾਰ ਨੂੰ ਇਹਨਾਂ ਨੇ ਫੜ ਕੇ ਨੰਗਾ ਕਰ ਕੇ ਸਿਰਫ ਕਛਹਿਰਾ ਸੀ, ਗਲ ਚ ਗਲਤ ਢੰਗ ਦੀ ਫੱਟੀ ਭੱਦੇ ਸ਼ਬਦਾਂ ਵਾਲੀ ਪਾ ਕੇ ਸੜਕਾਂ ਤੇ ਘੁਮਾਇਆ ਸੀ। ਸੋ ਜੋ ਇਹ ਕਰ ਸਕਦੇ ਸੀ ਇਹਨਾਂ ਨੇ ਕੀਤਾ। ਗੁਰਦੁਆਰਾ ਸਾਹਿਬ ਬੰਦ ਰਿਹਾ ਜੋ ਬਾਅਦ ਵਿੱਚ ਸੇਵਾਦਾਰਾਂ ਨੇ ਅਤੇ ਇਲਾਕੇ ਦੀਆਂ ਸੰਗਤਾਂ ਨੇ ਮਿਨਤਾਂ ਤਰਲੇ ਕਰਕੇ ਖੁਲਵਾਇਆ।
ਸਾਡੀ ਫੌਜ ਸਾਡੀ ਰਖਵਾਲੀ ਕਰਨ ਵਾਲੀ, ਸਾਡੀ ਸਰਕਾਰ ਅਜ਼ਾਦ ਮੁਲਕ ਦੀ ਸਰਕਾਰ, ਉਹ ਸਿੱਖਾਂ ਦੇ ਨਾਲ ਏਡਾ ਵੱਡਾ ਕਹਿਰ ਕਰੇ, ਅਸੀਂ ਜਿਉਂਦੇ ਮਰ ਗਏ, ਸਾਡੀਆ ਅੱਖਾਂ ਚੋਂ ਲਹੂ ਨਿਕਲਦਾ ਸੀ ਵੀ ਇਹ ਹੋ ਕੀ ਗਿਆ? ਸਿੱਖਾ ਨੂੰ ਸਬਕ ਸਿਖਾਉਣ ਲਈ ਤੇ ਸਿੱਖਾਂ ਦੀ ਨਸਲਕੁਸੀ ਕਰਨ ਲਈ ਸਿੱਖਾਂ ਨਾਲ ਏਡਾ ਵੱਡਾ ਕਹਿਰ ਕੀਤਾ ਗਿਆ। ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਗੋਲੀਆਂ, ਸਾਡੇ ਹਰਮਿੰਦਰ ਸਾਹਿਬ ਨੂੰ ਗੋਲੀਆਂ, ਪਰਿਕਰਮਾ ਵਿੱਚ ਬੇਦੋਸ਼ੇ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਤਿਹਾਏ ਮਾਰ ਦਿੱਤਾ, ਕੀ ਅਸੀਂ ਬੰਦੇ ਨਹੀਂ ਸੀ? ਇਹ ਸਾਡੀਆਂ ਨਸਲਾਂ, ਸਾਡੇ ਬੱਚੇ, ਸਾਡੀ ਕੌਮ ਦੀ ਜਿਹਨੇ ਅਗਵਾਈ ਕਰਨੀ ਆ ਉਹਨਾਂ ਨੂੰ ਸੋਚਣਾ ਪੈਣਾ ਵੀ ਸਾਡੇ ਨਾਲ ਐਸਾ ਵਤੀਰਾ ਕਿਓਂ ਹੋਇਆ?
ਜਰੂਰੀ ਬੇਨਤੀਆਂ:
• ਗੁਰਦੁਆਰਾ ਚਰਨ ਕੰਵਲ ਸਾਹਿਬ, ਬੰਗਾ ਉੱਤੇ ਭਾਰਤੀ ਫੌਜ ਦੇ ਹਮਲੇ ਦੇ ਉਕਤ ਚਸ਼ਮਦੀਦ ਗਵਾਹਾਂ ਨਾਲ ਗੱਲਬਾਤ ਮਲਕੀਤ ਸਿੰਘ ਭਵਾਨੀਗੜ੍ਹ ਅਤੇ ਗੁਰਜੋਤ ਸਿੰਘ ਵੱਲੋਂ ਕੀਤੀ ਗਈ ਸੀ। ਇਸ ਗੱਲਬਾਤ ਉੱਤੇ ਅਧਾਰਤ ਉਕਤ ਲਿਖਤ ਮਲਕੀਤ ਸਿੰਘ ਭਵਾਨੀਗੜ੍ਹ ਵੱਲੋਂ ਲਿਖੀ ਗਈ ਹੈ – ਸੰਪਾਦਕ।
• “ਤੀਜਾ ਘੱਲੂਘਾਰਾ: ਜੂਨ 1984 ਦੇ ਹਮਲੇ” ਲੜੀ ਤਹਿਤ ਗੁ: ਨਾਨਕਸਰ ਸਾਹਿਬ (ਹਕੀਮਪੁਰ), ਗੁ:ਸੋਢਲ ਛਾਉਣੀ ਨਿਹੰਗ ਸਿੰਘਾਂ ਅਤੇ ਗੁ:ਹਰੀਆਂ ਵੇਲਾਂ ‘ਤੇ ਫੌਜੀ ਹਮਲੇ ਬਾਰੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ‘ਤੇ ਅਧਾਰਿਤ ਲਿਖਤ 6 ਜੂਨ 2020 ਨੂੰ ਸਵੇਰੇ 7 ਵਜੇ (ਅੰਮਿ੍ਰਤਸਰ ਸਾਹਿਬ ਦੇ ਸਮੇ ਮੁਤਾਬਿਕ) ਸਾਂਝੀ ਕੀਤੀ ਜਾਵੇਗੀ ਜੀ।
⊕ ਇਸ ਲੜੀ ਦੀ ਪਿਛਲੀ ਲਿਖਤ ਲਿਖਤਾਂ ਪੜ੍ਹੋ –
• ਜੂਨ 1984 ਦੇ ਹਮਲੇ-2: ਗੁ. ਧਮਤਾਨ ਸਾਹਿਬ (ਜੀਂਦ) ਤੇ ਬਿਪਰਵਾਦੀ ਫੌਜ ਦਾ ਹਮਲਾ ਚਸ਼ਮਦੀਦ ਗਵਾਹਾਂ ਦੀ ਜੁਬਾਨੀ