ਚੰਡੀਗੜ੍ਹ: ਮੱਕਾ ਮਸਜਿਦ ਧਮਾਕਾ ਕੇਸ ਵਿਚ ਅੱਜ ਫੈਂਸਲਾ ਸੁਣਾਉਣ ਤੋਂ ਬਾਅਦ ਐਨ.ਆਈ.ਏ ਕੋਰਟ ਦੇ ਜੱਜ ਰਵਿੰਦਰ ਰੈਡੀ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਿਕਰਯੋਗ ਹੈ ਕਿ ਅੱਜ ਸੁਣਾਏ ਫੈਂਸਲੇ ਵਿਚ ਰਵਿੰਦਰ ਰੈਡੀ ਨੇ ਮੱਕਾ ਮਸਜਿਦ ਧਮਾਕਾ ਕੇਸ ਵਿਚ ਨਾਮਜ਼ਦ 5 ਹਿੰਦੁਤਵੀਆਂ ਨੂੰ ਬਰੀ ਕਰ ਦਿੱਤਾ ਸੀ। ਜੱਜ ਰਵਿੰਦਰ ਰੈਡੀ ਨੇ ਆਪਣੇ ਅਸਤੀਫੇ ਦਾ ਕਾਰਨ ਨਿਜੀ ਦੱਸਿਆ ਹੈ।
ਇਸ ਫੈਂਸਲੇ ਤੋਂ ਬਾਅਦ ਹੈਦਰਾਬਾਦ ਵਿਚ ਸੁਰੱਖਿਆ ਇੰਤਜ਼ਾਮ ਸਖਤ ਕੀਤੇ ਗਏ ਹਨ ਤੇ 1500 ਦੇ ਕਰੀਬ ਸੁਰੱਖਿਆ ਮੁਲਾਜ਼ਮਾਂ ਨੂੰ ਸੰਵੇਦਨਸ਼ੀਲ ਇਲਾਕਿਆਂ ਵਿਚ ਤੈਨਾਤ ਕੀਤਾ ਗਿਆ ਹੈ।
ਕਾਂਗਰਸ ਅਤੇ ਭਾਜਪਾ ਦਰਮਿਆਨ ਛਿੜੀ ਸ਼ਬਦੀ ਜੰਗ:
ਐਨ.ਆਈ.ਏ ਦੇ ਫੈਂਸਲੇ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਵਿਚ ਸ਼ਬਦੀ ਜੰਗ ਛਿੜ ਗਈ ਹੈ। ਭਾਜਪਾ ਨੇ ਕਿਹਾ ਹੈ ਕਿ ਇਸ ਫੈਂਸਲੇ ਨਾਲ ਹਿੰਦੂਆਂ ਨੂੰ ਬਦਨਾਮ ਕਰਨ ਦੀ ਸਾਜਿਸ਼ ਬੇਨਕਾਬ ਹੋਈ ਹੈ ਜਦਕਿ ਕਾਂਗਰਸ ਨੇ ਐਨ.ਆਈ.ਏ ਉੱਤੇ ਸਵਾਲ ਖੜੇ ਕੀਤੇ ਹਨ।
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਾਂਗਰਸ ‘ਤੇ ਹਿੰਦੂਆਂ ਨੂੰ ਵੋਟਾਂ ਵਾਸਤੇ ਬਦਨਾਮ ਕਰਨ ਦਾ ਦੋਸ਼ ਲਾਇਆ ਅਤੇ ਮੰਗ ਕੀਤੀ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ‘ਭਗਵਾਂ ਅੱਤਵਾਦ’ ਅਤੇ ‘ਹਿੰਦੂ ਅੱਤਵਾਦ’ ਵਰਗੇ ਸ਼ਬਦ ਵਰਤਣ ਲਈ ਮੁਆਫੀ ਮੰਗਣ।
ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਅਜ਼ਾਦ ਨੇ ਐਨ.ਆਈ.ਏ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁਕਦਿਆਂ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿਚ ਆਈ ਹੈ ਸਾਰੇ ਕੇਸਾਂ ਵਿਚ ਦੋਸ਼ੀ ਬਰੀ ਹੋ ਰਹੇ ਹਨ, ਜਿਸ ਨਾਲ ਲੋਕਾਂ ਦਾ ਜਾਂਚ ਅਜੈਂਸੀਆਂ ਤੋਂ ਭਰੋਸਾ ਉੱਠ ਰਿਹਾ ਹੈ।