Site icon Sikh Siyasat News

ਦੇਸ਼ ਧੋਰਹ ਮਾਮਲਾ: ਪੱਤਰਕਾਰਾਂ ਨੇ ਬਦਸਲੂਕੀ ਖਿਲਾਫ ਕੀਤਾ ਮੁਜ਼ਾਹਰਾ, ਅੰਤਰਾਸ਼ਟਰੀ ਯੁਨੀਵਰਸਿਟੀਆਂ ਦੇ ਮਾਹਿਰ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰੇ

ਨਵੀਂ ਦਿੱਲੀ (16 ਫਰਵਰੀ, 2017): ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਭਾਰਤੀ ਵਿਰੋਧੀ ਨਾਅਰੇ ਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਵਿਦਿਆਰਥੀ ਆਗੂ ਪ੍ਰਧਾਨ ਕਨਹੀਆ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਗੰਭੀਰ ਰੁਖ ਅਖਤਿਆਰ ਕਰਦਾ ਜਾ ਰਿਹਾ ਹੈ।

ਸੋਮਵਾਰ ਨੂੰ ਪਟਿਆਲਾ ਹਾਊਸ ਕੋਰਟ ਦੇ ਬਾਹਰ ਪੱਤਰਕਾਰਾਂ ਨਾਲ ਹੋਈ ਬਦਸਲੂਕੀ ਦੇ ਵਿਰੋਧ ‘ਚ ਪੱਤਰਕਾਰਾਂ ਨੇ ਤਿੱਖਾ ਪ੍ਰਤੀਕਰਮ ਕਰਦਿਆਂ ਪ੍ਰੈੱਸ ਕਲੱਬ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਰੋਸ ਮਾਰਚ ਕੀਤਾ । ਅਜੀਤ ਅੰਜੁਮ, ਰਾਜਦੀਪ ਸਰਦੇਸਾਈ ਅਤੇ ਬਰਖਾ ਦੱਤ ਵਰਗੇ ਸੀਨੀਅਰ ਪੱਤਰਕਾਰਾਂ ਦੀ ਅਗਵਾਈ ‘ਚ ਕਈ ਪੱਤਰਕਾਰਾਂ ਨੇ ਰੋਸ ਮਾਰਚ ‘ਚ ਹਿੱਸਾ ਲਿਆ । ਇਸ ਤੋਂ ਇਲਾਵਾ ਪੱਤਰਕਾਰਾਂ ਦੇ ਇਕ ਦਲ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਵੀ ਮੁਲਾਕਾਤ ਕੀਤੀ । ਗ੍ਰਹਿ ਮੰਤਰੀ ਨੇ ਭਰੋਸਾ ਦਿੰਦਿਆਂ ਕਿਹਾ ਕਿ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ । ਪੱਤਰਕਾਰ ਬਦਸਲੂਕੀ ਕਰਨ ਵਾਲੇ ਵਕੀਲਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ ।

ਪੱਤਰਕਾਰਾਂ ਦੀ ਕੁੱਟਮਾਰ ਵਿਰੁੱਧ ਮੁਜ਼ਾਹਰਾ ਕਰਦੇ ਪੱਤਰਕਾਰ

ਦੂਜੇ ਪਾਸੇ ਪਾਸੇ ਅੰਤਰ ਰਾਸ਼ਟਰੀ ਯੂਨੀਵਰਿਸਟੀਆਂ ਦੇ ਤਕਰੀਬਨ 400 ਸਿੱਖਿਆ ਮਾਹਿਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹਿਮਾਇਤ ‘ਚ ਆ ਗਏ ਹਨ। ਵਿਦਿਆਰਥੀ ਨੇਤਾ ਕਨ੍ਹਈਆ ਕੁਮਾਰ ਦੀ ਗਿ੍ਫ਼ਤਾਰੀ ਦੇ ਵਿਰੋਧ ‘ਚ ਹੜਤਾਲ ‘ਤੇ ਗਏ ਵਿਦਿਆਰਥੀਆਂ ਨੂੰ ਅੱਜ ਅਧਿਆਪਕਾਂ ਅਤੇ ਸਿੱਖਿਆ ਮਾਹਿਰਾਂ ਦਾ ਵੀ ਸਾਥ ਮਿਲ ਗਿਆ ਹੈ । ਵਿਦਿਆਰਥੀਆਂ ਵੱਲੋਂ ਕਨ੍ਹਈਆ ਕੁਮਾਰ ਦੀ ਰਿਹਾਈ ਅਤੇ ਉਸ ਦੇ ਖਿਲਾਫ਼ ਚੱਲ ਰਹੇ ਦੇਸ਼ ਧ੍ਰੋਹ ਦੇ ਮਾਮਲੇ ਨੂੰ ਹਟਾਉਣ ਦੇ ਮੁੱਦੇ ‘ਤੇ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਫ਼ੈਸਲਾ ਕੀਤਾ ਸੀ ।

ਹਾਲੇ ਤੱਕ ਜੇ.ਐੱਨ.ਯੂ. ਦੇ ਪ੍ਰੋਫੈਸਰਾਂ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਹਿਮਾਇਤ ‘ਚ ਆਉਂਦਿਆਂ ਸਿਰਫ਼ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੁਲਿਸ ਕਾਰਵਾਈ ਦੀ ਮਨਜ਼ੂਰੀ ‘ਤੇ ਹੀ ਸਵਾਲ ਚੁੱਕੇ ਸਨ, ਪਰ ਹੜਤਾਲ ਦਾ ਹਿੱਸਾ ਨਹੀਂ ਬਣੇ ਸਨ । ਪਰ ਕੱਲ੍ਹ ਪਟਿਆਲਾ ਹਾਊਸ ਅਦਾਲਤ ‘ਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਦਲ ‘ਤੇ ਹੋਏ ਹਮਲੇ ਤੋਂ ਬਾਅਦ ਅਧਿਆਪਕਾਂ ਨੇ ਵੀ ਹੜਤਾਲ ‘ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ । ਜੇ.ਐੱਨ.ਯੂ. ਤੋਂ ਇਲਾਵਾ ਯੇਲੇ, ਹਾਰਵਰਡ ਵਰਗੀਆਂ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੇ ਤਕਰੀਬਨ 455 ਅਧਿਆਪਕਾਂ ਨੇ ਵੀ ਆਪਣਾ ਸਮਰਥਨ ਦਿੱਤਾ । ਇਕ ਸਾਂਝੇ ਬਿਆਨ ‘ਚ ਉਨ੍ਹਾਂ ਨੇ ਵਿੱਦਿਆ ਦੇ ਅਹਿਮ ਅਦਾਰੇ ‘ਚ ਅਜਿਹੀਆਂ ਘਟਨਾਵਾਂ ਦੀ ਨਿਖੇਧੀ ਕੀਤੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version