ਚੰਡੀਗੜ੍ਹ- ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਵਰੋਸਾਈ ਮਸਤੂਆਣਾ ਸਾਹਿਬ ਦੀ ਧਰਤੀ ’ਤੇ ਹਰ ਸਾਲ ਹੁੰਦੇ ਜੋੜ ਮੇਲੇ ਸਬੰਧੀ ਬੀਤੇ ਸਾਲ ਇਲਾਕੇ ਦੀਆਂ ਸੰਗਤਾਂ ਅਤੇ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਦੇ ਸਾਂਝੇ ਉਦਮ ਨਾਲ ਉਪਰਾਲਾ ਕੀਤਾ ਗਿਆ ਕਿ ਸੰਤ ਅਤਰ ਸਿੰਘ ਜੀ ਦੀ ਰਹਿਣੀ ਅਤੇ ਸਾਰੀ ਉਮਰ ਕੀਤੇ ਪ੍ਰਚਾਰ ਪਸਾਰ ਅਨੁਸਾਰ ਹੀ ਜੋੜ ਮੇਲਾ ਮਨਾਇਆ ਜਾਏ। ਮਸਤੂਆਣਾ ਸਾਹਿਬ ਨੇੜਲੇ ਨਗਰਾਂ ਦੀਆਂ ੫੧ ਤੋਂ ਵੱਧ ਲੰਗਰ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਨਗਰ ਪੰਚਾਇਤਾਂ ਨੇ ਇਸ ਪ੍ਰਥਾਏ ਲੰਘੇ ਸਾਲ ਮਤੇ ਪਾਏ ਸਨ ਕਿ ਸੰਤ ਅਤਰ ਸਿੰਘ ਜੀ ਦੀ ਆਉਂਦੇ ਸਾਲਾਂ ਵਿਚ ਆ ਰਹੀ ੧੦੦ ਸਾਲਾ ਬਰਸੀ ਤਕ ਇਸ ਸੰਗਤੀ ਜੋੜ ਮੇਲੇ ਦਾ ਮਾਹੌਲ ਪੂਰਨ ਰੂਪ ਵਿਚ ਗੁਰਮਤਿ ਅਨੁਸਾਰੀ ਕੀਤਾ ਜਾਵੇਗਾ। ਮੌਜ ਮਸਤੀ ਵਾਲੇ ਦੁਨਿਆਵੀ ਜੋੜ ਮੇਲਿਆਂ ਨਾਲੋਂ ਨਿਖੇੜ ਕੇ ਬੀਤੇ ਸਾਲ ਸੰਗਤਾਂ ਨੇ ਇਸ ਨੂੰ ਖਾਲਸਾਈ ਸ਼ਾਨ ਨਾਲ ਸੰਗਤੀ ਜੋੜ ਮੇਲੇ ਦੇ ਰੂਪ ਵਿਚ ਮਨਾਇਆ। ਇਸ ਉਪਰਾਲੇ ਤਹਿਤ ਲੰਗਰ ਕਮੇਟੀਆਂ, ਸੰਗਤਾਂ ਅਤੇ ਪ੍ਰਬੰਧਕਾਂ ਨੇ ਕੋਈ ਵੀ ਦੁਕਾਨ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਲੱਗਣ ਨਹੀਂ ਦਿੱਤੀ ਤੇ ਸਿਰਫ ਗੁਰਮਤਿ ਅਨੁਸਾਰੀ ਦੁਕਾਨਾਂ ਹੀ ਲੱਗੀਆਂ। ਲੰਗਰਾਂ ਵਿਚ ਅਤੇ ਟਰੈਕਟਰਾਂ ’ਤੇ ਸਪੀਕਰ ਨਾ ਲੱਗੇ। ਪੰਡਾਲ ਵਿਚਲੇ ਭੂਕਣੇ ਸਪੀਕਰ ਬੰਦ ਰਹੇ ਤੇ ਸਿਰਫ ਡੱਬਾ ਸਪੀਕਰ ਹੀ ਲੱਗੇ ਜਿਨ੍ਹਾਂ ਦੀ ਅਵਾਜ ਪੰਡਾਲ ਦੇ ਅੰਦਰ ਤਕ ਹੀ ਰਹੀ।
ਪਿਛਲੇ ਸਾਲ ਪਾਈ ਪਿਰਤ ਨੂੰ ਅੱਗੇ ਤੋਰਦਿਆਂ ਇਸ ਸਾਲ ਆ ਰਹੇ ਜੋੜ ਮੇਲੇ ਦੇ ਮਹੌਲ ਨੂੰ ਹੋਰ ਬਿਹਤਰ ਕਰਨ ਲਈ ਇਲਾਕੇ ਦੇ ਸਰਗਰਮ ਜਥੇ, ਸਖਸ਼ੀਅਤਾਂ, ਜਥੇਬੰਦੀਆਂ ਅਤੇ ਮਸਤੂਆਣਾ ਸਾਹਿਬ ਦੇ ਪ੍ਰਬੰਧਕ ਸਾਂਝੇ ਤੌਰ ’ਤੇ ਯਤਨਸ਼ੀਲ ਹਨ। ਪਿਛਲੇ ਸਾਲ ਹੋਈਆਂ ਤਬਦੀਲੀਆਂ ਨੂੰ ਕਾਇਮ ਰੱਖਦਿਆਂ ਉਹਨਾਂ ਤਬਦੀਲੀਆਂ ਦੇ ਨਾਲ ਇਸ ਸਾਲ ਵੀ ਸਾਂਝਾ ਫੈਸਲਾ ਲਿਆ ਗਿਆ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਆਲੇ ਦੁਆਲੇ ਖੇਤਾਂ ਵਿਚ ਜੋੜ ਮੇਲੇ ਦੌਰਾਨ ਕੋਈ ਵੀ ਝੂਲਾ ਨਹੀਂ ਲੱਗੇ ਗਾ ਅਤੇ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਬਣੀਆਂ ਪੱਕੀਆਂ ਦੁਕਾਨਾਂ ’ਤੇ ਵੀ ਗੁਰਮਤਿ ਤੋਂ ਉਲਟ ਸਮਾਨ ਰੱਖਣ ਦੀ ਸਖਤ ਪਬੰਦੀ ਹੋਵੇਗੀ।
ਇਸ ਦੇ ਨਾਲ ਹੀ ਸਾਰੇ ਜਥਿਆਂ ਵੱਲੋਂ ਇਹ ਯਤਨ ਹੋਵੇਗਾ ਕਿ ਇਸ ਸਾਲ ਜੋੜ ਮੇਲੇ ਸਬੰਧੀ ਮਸਤੂਆਣਾ ਸਾਹਿਬ ਤੋਂ ਵੱਖ-ਵੱਖ ਇਸ਼ਤਿਹਾਰਾਂ ਦੀ ਥਾਵੇਂ ਇਕੋ ਸਾਂਝਾ ਇਸ਼ਤਿਹਾਰ ਛਾਪਿਆ ਜਾਵੇ।
ਨਾਨਕਸ਼ਾਹੀ ਸੰਮਤ ੫੫੯ (ਸੰਨ ੨੦੨੭) ਵਿਚ ਆ ਰਹੇ ੧੦੦ ਸਾਲਾ ਯਾਦ ਸਮਾਗਮ ਤੱਕ ਜੋੜ ਮੇਲੇ ਦਾ ਮਹੌਲ ਗੁਰੂ ਖਾਲਸਾ ਪੰਥ ਦੀ ਰਵਾਇਤ ਅਨੁਸਾਰੀ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਵੱਲੋਂ:
- ਅਕਾਲ ਕਾਲਜ ਕੌਂਸਲ, ਮਸਤੂਆਣਾ ਸਾਹਿਬ
- ਅੰਮ੍ਰਿਤ ਸੰਚਾਰ ਜਥਾ ਦਮਦਮਦੀ ਟਕਸਾਲ ਰੱਤਾਖੇੜਾ
- ਸਿੱਖ ਸੇਵਕ ਜਥਾ ਮਾਲਵਾ
- ਸਿੱਖ ਜਥਾ ਧੂਰੀ
- ਸਿੱਖ ਜਥਾ ਮਾਲਵਾ
- ਜਥਾ ਹਰ ਮੈਦਾਨ ਫਤਹਿ
- ਗੁਰਦੁਆਰਾ ਸਾਹਿਬ ਤਾਲਮੇਲ ਕਮੇਟੀ (ਪੰਚ ਪ੍ਰਧਾਨੀ), ਸੰਗਰੂਰ
- ਗੁਰਮਤਿ ਵਿਦਿਆਲਾ ਦਿੜਬਾ (ਦਮਦਮੀ ਟਕਸਾਲ)
- ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ( ਰਜਿ:) ਸੰਗਰੂਰ
- ਜਥੇਦਾਰ ਗੁਰਦੀਪ ਸਿੰਘ ਕਾਲਝਾੜ
- ਜਥੇਦਾਰ ਬਾਬਾ ਮਾਨ ਸਿੰਘ ਜੀ ਨਿਹੰਗ (ਮਾਲਵਾ ਤਰਨਾਦਲ)
- ਦਰਬਾਰ-ਏ-ਖਾਲਸਾ
- ਨਿਰਮਲ ਬੁੰਗਾ ਭਿੰਡਰਾਂ (ਦਮਦਮੀ ਟਕਸਾਲ)
- ਭਾਈ ਹਰਜਿੰਦਰ ਸਿੰਘ (ਗੁਰੂ ਕੀ ਮਟੀਲੀ, ਬਾਘਾ ਪੁਰਾਣਾ)
- ਭਾਈ ਹਰਦੀਪ ਸਿੰਘ ਮਹਿਰਾਜ (ਦਲ ਖਾਲਸਾ)
- ਭਾਈ ਹਰਬੇਅੰਤ ਸਿੰਘ (ਮੁੱਖ ਸੇਵਾਦਾਰ, ਗੁਰਦੁਆਰਾ ਸਾਹਿਬ ਮਾਤਾ ਭੋਲੀ ਜੀ, ਮਸਤੂਆਣਾ ਸਾਹਿਬ)
- ਭਾਈ ਗੁਰਤੇਜ ਸਿੰਘ ਖਡਿਆਲ, ਦਮਦਮੀ ਟਕਸਾਲ
- ਭਾਈ ਦਰਸ਼ਨ ਸਿੰਘ (ਮੁੱਖ ਸੇਵਾਦਾਰ, ਗੁਰਦੁਆਰਾ ਅੰਗੀਠਾ ਸਾਹਿਬ, ਮਸਤੂਆਣਾ ਸਾਹਿਬ)
- ਮਾਨਵਤਾ ਦੀ ਸੇਵਾ ਸੰਸਥਾ, ਢੰਢੋਲੀ ਖੁਰਦ
- ਮੀਰੀ ਪੀਰੀ ਸੇਵਾ ਦਲ, ਮਾਲਵਾ ਜੋਨ
- ਲੱਖੀ ਜੰਗਲ ਖਾਲਸਾ ਜਥਾ, ਤਲਵੰਡੀ ਸਾਬੋ