ਚੰਡੀਗੜ੍ਹ (24 ਮਾਰਚ): ਪੰਥ ਸੇਵਕ ਸ਼ਖ਼ਸੀਅਤਾਂ ਵੱਲੋਂ ਅੱਜ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ “ਪੰਜਾਬ ਵਿਚ ਨੌਜਵਾਨਾਂ ਦੀ ਫੜੋ-ਫੜੀ, ਗ੍ਰਿਫਤਾਰੀਆਂ ਤੇ ਹਿਰਾਸਤਾਂ ਨਾਲ ਲੋਕਾਂ ਵਿਚ ਮਿੱਥ ਕੇ ਸਰਕਾਰੀ ਦਹਿਸ਼ਤ ਦਾ ਮਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੱਤਰਕਾਰਾਂ ਤੇ ਖਬਰ ਅਦਾਰਿਆਂ ਦੇ ਟਵਿੱਟਰ ਤੇ ਫੇਸਬੁੱਕ ਸਫੇ ਬੰਦ ਕਰਨ, ਪੱਤਰਕਾਰਾਂ ਨੂੰ ਥਾਣਿਆਂ ਵਿਚ ਬੁਲਾ ਕੇ ਦਬਾਅ ਪਾਉਣ, ਉਹਨਾ ਦੇ ਘਰਾਂ ਵਿਚ ਛਾਪੇ ਮਾਰਨੇ ਤੇ ਹਿਰਾਸਤ ਵਿਚ ਲੈਣ ਦੀ ਕਾਰਵਾਈ ਨਾਲ ਸਰਕਾਰ ਸੱਚ ਬਿਆਨੀ ਨੂੰ ਰੋਕ ਰਹੀ ਹੈ”।
ਇਸ ਕਾਰਵਾਈ ਦੇ ਮਨੋਰਥਾਂ ਬਾਰੇ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ “ਇਹ ਸਭ ਕੁਝ ਸਿੱਖਾਂ ਵੱਲੋਂ ਪਿਛਲੇ ਸਮੇਂ ਦੌਰਾਨ, ਖਾਸ ਕਰਕੇ ਕਰੋਨਾ ਕਾਲ ਵੇਲੇ ਸਰਬੱਤ ਦੇ ਭਲੇ ਲਈ ਕੀਤੀ ਸੇਵਾ ਕਾਰਨ ਬਣੀ ਸੰਸਾਰ ਵਿਆਪੀ ਸਾਖ ਨੂੰ ਬਦਨਾਮ ਕਰਨ ਅਤੇ ਕਿਰਸਾਨੀ ਸੰਘਰਸ਼ ਦੇ ਸਫਲ ਸਹਿਯੋਗ ਵੇਲੇ ਸਿੱਖਾਂ ਤੇ ਪੰਜਾਬ ਵੱਲੋਂ ਦਰਸਾਈ ਸਾਂਝੇ ਸੰਘਰਸ਼ ਦੀ ਅਗਵਾਈ ਕਰਨ ਦੀ ਸਮਰੱਥਾ ਨੂੰ ਸਿੱਖਾਂ ਦੀ ਸਾਖ ਤੇ ਸਮਰੱਥਾ ਨੂੰ ਖੋਰਾ ਲਾਉਣ ਲਈ ਵਿੱਢੀ ਗਈ ਵਿਓਂਤਬੰਦੀ ਦਾ ਹਿੱਸਾ ਹੈ”।
ਉਹਨਾਂ ਅੱਗੇ ਕਿਹਾ ਕਿ “ਮੌਜੂਦਾ ਘਟਨਾਕ੍ਰਮਾਂ ਨਾਲ ਸਰਕਾਰ ਨੇ ਜਿੱਥੇ ਸਿੱਖਾਂ ਨੂੰ ਇਕੱਲਿਆਂ ਨਿਖੇੜ ਕੇ ਨਿਸ਼ਾਨੇ ਉੱਤੇ ਲਿਆ ਹੈ ਓਥੇ ਬੀਤੇ ਸਮੇਂ ਦੌਰਾਨ ਪੰਜਾਬ ਦੇ ਲੋਕਾਂ ਵਿਚ ਆਪਣੇ ਹੱਕਾਂ ਲਈ ਸੰਘਰਸ਼ ਵਿੱਢਣ ਦੇ ਆਏ ਮਨੋਬਲ ਨੂੰ ਵੀ ਸੱਟ ਮਾਰਨ ਦਾ ਯਤਨ ਕੀਤਾ ਹੈ। ਬੀਤੇ ਸਮੇਂ ਦੌਰਾਨ ਹਾਲਾਤ ਇਸ ਪਾਸੇ ਵੱਲ ਲਗਾਤਾਰ ਵਧ ਰਹੇ ਸਨ ਪਰ ਪੰਜਾਬ ਤੇ ਸਿੱਖਾਂ ਦੇ ਸੁਹਿਰਦ ਹਿੱਸਿਆਂ ਨੇ ਇਸ ਬਾਰੇ ਸਮਾਂ ਰਹਿੰਦਿਆਂ ਪੂਰੀ ਤਵੱਜੋ ਨਹੀਂ ਦਿੱਤੀ ਜਿਸ ਕਾਰਨ ਹਾਲਾਤ ਗੰਭੀਰ ਰੁਖ ਅਖਤਿਆਰ ਕਰ ਗਏ”। ਪੰਥਕ ਸ਼ਖ਼ਸੀਅਤਾਂ ਨੇ ਕਿਹਾ ਕਿ “ਇਹ ਸਾਰਾ ਕੁਝ ਮੌਜੂਦਾ ਘਟਨਾਕ੍ਰਮਾਂ ਤੱਕ ਸੀਮਤ ਨਹੀਂ ਹੈ ਅਤੇ ਨਾ ਹੀ ਇਸ ਤੋਂ ਬਾਅਦ ਇਹ ਵਰਤਾਰਾ ਰੁਕ ਜਾਵੇਗਾ। ਮੌਜਦਾ ਦਮਨ-ਚੱਕਰ ਨਾਲ ਸਿੱਖਾਂ ਦੀ ਘੇਰਾਬੰਦੀ ਕਰਕੇ ਉਹਨਾਂ ਨੂੰ ਇਕੱਲਿਆਂ ਨਿਖੇੜ ਕੇ ਨਿਸ਼ਾਨੇ ਉੱਤੇ ਲੈਣ ਦਾ ਅਮਲ ਅਗਲੇ ਪੜਾਅ ਵਿੱਚ ਦਾਖਲ ਹੋ ਗਿਆ ਹੈ ਜਿਸ ਤਹਿਤ ਇਸ ਮਨੋਵਿਗਿਆਨਕ ਹਮਲੇ ਤੋਂ ਬਾਅਦ ਹੁਣ ਅਸਾਰ ਇਹ ਹਨ ਕਿ ਕਿ ਸਰਕਾਰ ਸਿੱਖ ਸਫਾਂ ਵਿਚ ਅਗਵਾਈ ਦੇ ਪੱਧਰ ਉੱਤੇ ਆਪਣੇ ਅਨੁਸਾਰੀ ਤਬਦੀਲੀਆਂ ਲਿਆਉਣ ਦਾ ਅਮਲ ਸ਼ੁਰੂ ਕਰੇਗੀ”।
ਉਹਨਾ ਕਿਹਾ ਕਿ “ਇਸ ਹਾਲਾਤ ਬਾਰੇ ਸੁਹਿਰਦ ਸਿੱਖ ਹਿੱਸਿਆਂ ਨੂੰ ਦਾਅਵੇਦਾਰੀਆਂ ਪਾਸੇ ਰੱਖ ਕੇ ਆਪਸੀ ਤਾਲਮੇਲ ਤੇ ਵਿਚਾਰ ਵਟਾਂਦਰਾ ਕਰਕੇ ਸਿੱਖਾਂ ਦੀ ਅੰਦਰੂਨੀ ਕਤਾਰਬੰਦੀ ਕਾਇਦਾਬਧ ਕਰਨ ਲਈ ਸੁਹਿਰਦ ਯਤਨ ਕਰਨ ਦੀ ਲੋੜ ਹੈ”।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 27 ਦਸੰਬਰ ਨੂੰ ਸੱਦੀ ਗਈ ਇਕੱਤਰਤਾ ਬਾਰੇ ਪੰਥਕ ਸ਼ਖ਼ਸੀਅਤਾਂ ਨੇ ਕਿਹਾ ਕਿ “ਬੇਸ਼ੱਕ ਇਹ ਬਿਪਤਾ ਦਾ ਸਮਾਂ ਹੈ ਤੇ ਸਾਂਝੀ ਵਿਓਂਤਬੰਦੀ ਤੇ ਕਾਰਵਾਈ ਦੀ ਲੋੜ ਵੀ ਹੈ ਪਰ ਪੰਜਾਬ ਵਿਚ ਦਿੱਲੀ ਦਰਬਾਰ ਦੀਆਂ ਫੋਰਸਾਂ ਵੱਲੋਂ ਸਿੱਖਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁਧ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੱਦੀ ਇਕੱਤਰਤਾ ਬੜੇ ਵੱਡੇ ਦਵੰਧ ਦਾ ਪ੍ਰਗਟਾਵਾ ਹੈ ਕਿਉਂਕਿ ਉਹ ਖੁਦ ਇਹਨਾ ਫੋਰਸਾਂ ਦੇ ਦਸਤਿਆਂ ਦੀ ਸੁਰੱਖਿਆ ਹੇਠ ਹੀ ਹਨ। ਆਪ ਦਿੱਲੀ ਦਰਬਾਰ ਦੀਆਂ ਫੋਰਸਾਂ ਦੀ ਸੁਰੱਖਿਆ ਵਿਚ ਬੈਠ ਕੇ ਉਹਨਾ ਫੋਰਸਾਂ ਵੱਲੋਂ ਸਿੱਖ ਨੌਜਵਾਨਾਂ ਵਿਰੁਧ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁਧ ਇਕੱਤਰਤਾ ਕਰਨ ਦਾ ਸੱਦਾ ਦੇਣਾ ਸਮੁੱਚੀ ਕਾਰਵਾਈ ਨੂੰ ਹੀ ਸਿਧਾਂਤਕ ਤੇ ਨੈਤਿਕ ਸਵਾਲਾਂ ਦੇ ਘੇਰੇ ਵਿਚ ਲਿਆਉਂਦਾ ਹੈ ਤੇ ਗੈਰਵਾਜਿਬ ਬਣਾਉਂਦਾ ਹੈ”।
ਪੰਥਕ ਸ਼ਖ਼ਸੀਅਤਾਂ ਨੇ ਅਖੀਰ ਵਿਚ ਕਿਹਾ ਕਿ “ਖਾਲਸਾ ਪੰਥ ਨੇ ਸਦਾ ਗੁਰੂ ਦੇ ਆਸਰੇ ਨਾਲ ਹੀ ਔਕੜਾਂ ਦਾ ਸਾਹਮਣਾ ਕਰਦਿਆਂ ਚੁਣੌਤੀਆਂ ਸਰ ਕੀਤੀਆਂ ਹਨ। ਮੌਜੂਦਾ ਸੰਕਟਾਂ ਵਿੱਚੋਂ ਨਿੱਕਲਣ ਦਾ ਰਾਹ ਵੀ ਆਪਣੀ ਜੜ੍ਹਾਂ ਨਾਲ ਜੁੜਨ ਅਤੇ ਆਪਣੇ ਜੀਵਨ ਅਮਲ ਵਿਚ ਗੁਰਮਤਿ ਨੂੰ ਧਾਰਨ ਕਰਕੇ ਗੁਰੂ ਓਟ ਸਦਕਾ ਦ੍ਰਿੜਤਾ ਲਿਆਉਣ ਵਿਚ ਹੀ ਪਿਆ ਹੈ”।