ਫ਼ਤਿਹਗੜ੍ਹ ਸਾਹਿਬ (14 ਅਗਸਤ, 2011): ਬਸੀ ਪਠਾਣਾਂ ਦੀ ਦੋਹਰੀ ਸੀਟ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਡੇਰਾ ਬੱਸੀ ਤੋਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਬਾਬਾ ਬਕਾਲਾ ਦੀ ਕਾਨਫਰੰਸ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸਾਂਝੇ ਮੋਰਚੇ ਦੀ ਨਿਰਅਧਾਰ ਅਲੋਚਨਾ ਤੋਂ ਸਾਬਤ ਹੁੰਦਾ ਹੈ ਕਿ ਇਸ ਮੋਰਚੇ ਵੱਲ ਲੋਕਾਂ ਦੇ ਝੁਕਾਅ ਨੂੰ ਵੇਖਦਿਆਂ ਬਾਦਲਕੇ ਬੁਖਲਾਹਟ ਵਿੱਚ ਆ ਗਏ ਹਨ। ਉਕਤ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਬਦਲ ਦਲ ਅਤੇ ਇਸਦੀ ਅਧੀਨਗੀ ਵਾਲੀ ਸ਼੍ਰੋਮਣੀ ਕਮੇਟੀ ਹਮੇਸ਼ਾਂ ਕੇਂਦਰ ਸਰਕਾਰਾਂ ਨਾਲ ਮਿਲ ਕੇ ਚਲਦੇ ਆਏ ਹਨ। ਸਮੇਂ ਸਮੇਂ ’ਤੇ ਨਿੱਜ਼ੀ ਲਾਭ ਲੈਣ ਲਈ ਕੇਂਦਰ ਦੇ ਇਸ਼ਾਰੇ ’ਤੇ ਬਾਦਲ ਦਲ ਨੇ ਸਿੱਖ ਹਿਤਾਂ ਦੀ ਬਲੀ ਦਿੱਤੀ ਹੈ ਅਤੇ ਸਿੱਖ ਸਿਧਾਂਤਾਂ ਨੂੰ ਮਿੱਟੀ ਵਿੱਚ ਰੋਲਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਜਿਸ ਪਾਰਟੀ ਦਾ ਨਾਂ ਲੈ ਕੇ ਸ. ਬਾਦਲ ਪੰਥਕ ਮੋਰਚੇ ਨੂੰ ਭੰਡ ਰਹੇ ਹਨ ਉਹ ਇਨ੍ਹਾਂ ਚੋਣਾਂ ਵਿੱਚ ਕੋਈ ਹਿੱਸਾ ਹੀ ਨਹੀਂ ਲੈ ਰਹੀ ਪਰ ਨਾਲ ਹੀ ਬਾਦਲਕਿਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਸ਼ਰਤਾਂ ਪੂਰੀਆਂ ਕਰਦੇ ਹਰ ਸਿੱਖ ਨੂੰ ਵੋਟ ਦੇਣ ਦਾ ਅਧਿਕਾਰ ਹੈ। ਉਕਤ ਆਗੂਆਂ ਨੇ ਦੱਸਿਆ ਕਿ ਲੋਕਾਂ ਵਿੱਚ ਬਾਦਲ ਦੀ ਅਧੀਨਗੀ ਵਾਲੀ ਸ਼੍ਰੋਮਣੀ ਕਮੇਟੀ ਦੀਆ ਪੰਥ ਨਾਲ ਗਦਾਰੀਆਂ ਅਤੇ ਨਲਾਇਕੀਆਂ ਨੂੰ ਲੈ ਕੇ ਬਹੁਤ ਰੋਸ ਹੈ। ਸਾਂਝੇ ਮੋਰਚੇ ਦੇ ਉਮੀਦਵਾਰਾਂ ਨੂੰ ਹਰ ਵਰਗ ਦੇ ਵੋਟਰਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ।ਇਨ੍ਹਾਂ ਚੋਣਾਂ ਵਿੱਚ ਪੰਥਕ ਮੋਰਚੇ ਦੇ ਉਮੀਦਵਾਰ ਜ਼ਿਕਰਯੋਗ ਉਪਲੱਬਧੀ ਹਾਸਲ ਕਰਨਗੇ। ਲੋਕਾਂ ਦੇ ਇਸ ਰੁਝਾਨ ਨੂੰ ਵੇਖਦਿਆਂ ਹੀ ਬਾਦਲ ਦਲੀਏ ਬੁਖਲਾ ਚੁੱਕੇ ਹਨ।