ਕਰਨਾਲ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਪਿਛਲੇ ਮਹੀਨੇ (9 ਅਪ੍ਰੈਲ) ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ‘ਤੇ ਦੀਦਾਰ ਸਿੰਘ ਨਲਵੀ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੀ। ਹੁਣ ਦੋਵੇਂ ਪ੍ਰਧਾਨਾਂ, ਸਾਬਕਾ ਅਤੇ ਮੌਜੂਦਾ ਨੂੰ ਬਹੁਗਿਣਤੀ ਮੈਂਬਰਾਂ ਦੀ ਹਮਾਇਤ ਹਾਸਲ ਕਰਨ ਲਈ ਕੜਾ ਸੰਘਰਸ਼ ਕਰਨਾ ਪੈ ਰਿਹਾ ਹੈ।
ਹਿੰਦੁਸਤਾਨ ਟਾਈਮਸ ਦੀ ਖ਼ਬਰ ਮੁਤਾਬਕ, ਨਵੇਂ ਚੁਣੇ ਗਏ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ 41 ਮੈਂਬਰਾਂ ਦੀ ਹਰਿਆਣਾ ਕਮੇਟੀ ‘ਚ ਬਹੁਮਤ ਹਾਸਲ ਹੈ, ਪਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਨਲਵੀ ਨੂੰ ਕੋਈ ਹੱਕ ਨਹੀਂ ਉਨ੍ਹਾਂ ਦੇ ਅਹੁਦੇ ਨੂੰ ਚੁਣੌਤੀ ਦੇਣ ਦਾ, ਕਿਉਂਕਿ ਸਾਰੇ ਮੈਂਬਰ ਸਾਡੇ (ਝੀਂਡਾ ਦੇ) ਹੱਕ ‘ਚ ਹਨ। ਦੀਦਾਰ ਸਿੰਘ ਨਲਵੀ ਨੂੰ 7 ਮਈ ਨੂੰ ਹੋਣ ਵਾਲੀ ਮੀਟਿੰਗ ਵਿਚ ਬਹੁਤ ਹਾਸਲ ਕਰਨ ਲਈ ਕਿਹਾ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਨਲਵੀ ਨੇ ਕਿਹਾ, “ਮੈਂ ਪ੍ਰਧਾਨਗੀ ਦੇ ਅਹੁਦੇ ਲਈ ਮਰਿਆ ਨਹੀਂ ਜਾ ਰਿਹਾ, ਪਰ ਮੇਰੇ ਕੋਲ ਬਹੁਗਿਣਤੀ ਮੈਂਬਰਾਂ ਦੀ ਹਮਾਇਤ ਹੈ ਅਤੇ ਮੈਂ 7 ਮਈ ਦੀ ਮੀਟਿੰਗ ‘ਚ ਬਹੁਮਤ ਸਾਬਤ ਕਰ ਦਿਆਂਗਾ।”
ਜਦੋਂ ਮੀਡੀਆ ਨੇ ਉਨ੍ਹਾਂ ਨੂੰ ਹਮਾਇਤ ਹਾਸਲ ਕਰਨ ਬਾਰੇ ਪੁੱਛਿਆ ਤਾਂ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਹਾਲੇ ਮੈਂ ਇਸ ਦਾ ਖੁਲਾਸਾ ਨਹੀਂ ਕਰ ਸਕਦਾ ਪਰ ਸਾਧਾਰਣ ਬਹੁਮਤ ਹਾਸਲ ਕਰਨ ਲਾਇਕ ਮੈਂਬਰ ਮੇਰੇ ਨਾਲ ਹਨ।
ਦੂਜੇ ਪਾਸੇ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ, “ਇਸ ਮੀਟਿੰਗ ਅਤੇ ਬਹੁਮਤ ਹਾਸਲ ਕਰਨ ਪਿੱਛੇ ਕੋਈ ਵੀ ਤਰਕ ਨਹੀਂ ਹੈ। ਜਦੋਂ ਤਕ ਸੁਪਰੀਮ ਕੋਰਟ ਵਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ‘ਚ ਆਪਣਾ ਫੈਸਲਾ ਨਹੀਂ ਸੁਣਾ ਦਿੰਦੀ ਉਨ੍ਹਾਂ (ਵਿਰੋਧੀਆਂ) ਕੋਲ ਕੋਈ ਅਧਿਕਾਰ ਨਹੀਂ ਕਿ ਉਹ ਮੈਨੂੰ ਮੇਰੇ ਅਹੁਦੇ ਤੋਂ ਹਟਾਉਣ।”
“ਸਾਰੇ ਹਰਿਆਣਾ ਕਮੇਟੀ ਦੇ ਮੈਂਬਰ ਮੇਰੇ ਹੱਕ ਵਿਚ ਹਨ ਅਤੇ ਮੈਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਲਈ ਸੰਘਰਸ਼ ਜਾਰੀ ਰੱਖਾਂਗਾ। ਕੁਝ ਲੋਕ, ਜਿਨ੍ਹਾਂ ਨੂੰ ਪ੍ਰਧਾਨਗੀ ਲੈਣ ਦਾ ਸ਼ੌਕ ਹੈ, ਉਹ ਹਰਿਆਣਾ ਕਮੇਟੀ ਦੇ ਮੈਂਬਰਾਂ ‘ਚ ਫੁੱਟ ਪਾ ਰਹੇ ਹਨ।”
ਝੀਂਡਾ ਨੇ ਕਿਹਾ, “10-12 ਬੰਦਿਆਂ ਦਾ ਧੜਾ ਮੈਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਕਿਵੇਂ ਹਟਾ ਸਕਦਾ ਹੈ, ਜਦਕਿ 2014 ‘ਚ 41 ਮੈਂਬਰਾਂ ਦੀ ਸਹਿਮਤੀ ਨਾਲ ਮੈਨੂੰ ਪ੍ਰਧਾਨ ਚੁਣਿਆ ਗਿਆ ਸੀ।”
ਸਬੰਧਤ ਖ਼ਬਰ: ਵੱਖਰੀ ਹਰਿਆਣਾ ਕਮੇਟੀ, ਹਰਿਆਣਾ ਵਿਧਾਨ ਸਭਾ ਵੱਲੋ ਬਿੱਲ ਪਾਸ …
ਹਰਿਆਣਾ ਕਮੇਟੀ ਦੇ ਅੰਦਰਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਮੀਡੀਆ ਨੇ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਅਤੇ ਉਨ੍ਹਾਂ ਦੇ ਧੜੇ ਦੇ 15 ਮੈਂਬਰਾਂ ਵਲੋਂ ਮੀਟਿੰਗ ‘ਚ ਹਿੱਸਾ ਨਹੀਂ ਲੈਣ ਦੀ ਉਮੀਦ ਹੈ।
ਜਗਦੀਸ਼ ਸਿੰਘ ਝੀਂਡਾ ਦੇ ਕਰੀਬੀ ਨੇ ਮੀਡੀਆ ਨੂੰ ਦੱਸਿਆ ਕਿ “ਨਵੇਂ ਪ੍ਰਧਾਨ ਨੂੰ ਚੁਣਨ ਲਈ ਉਨ੍ਹਾਂ ਨੂੰ ਦੋ ਤਿਹਾਈ ਬਹੁਮਤ ਚਾਹੀਦਾ ਹੋਏਗਾ ਅਤੇ ਸਾਡੇ ਕੋਲ ਲੋੜੀਂਦਾ ਬਹੁਮਤ ਹੈ, ਮੀਟਿੰਗ ‘ਚ ਅਸੀਂ ਇਹ ਸਾਬਤ ਕਰ ਦਿਆਂਗੇ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Jinda & Nalvi Group Struggle Hard To Win Over The Support Of Majority Members …