ਲੰਡਨ: ਸਿੱਖ ਪੰਥ ਵਲੋਂ ਨਕਾਰੇ ਅਤੇ ਖਾਰਜ ਕੀਤੇ ਜਾ ਚੁੱਕੇ ਜਥੇਦਾਰਾਂ ਵਲੋਂ ਸਿੱਖ ਰਵਾਇਤਾਂ ਅਤੇ ਸ਼ਾਨਾਮੱਤੇ ਸਿੱਖ ਇਤਿਹਾਸ ਨੂੰ ਗਹਿਰੀ ਸੱਟ ਮਾਰੀ ਜਾ ਰਹੀ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਗਿਆਨੀ ਮੱਲ੍ਹ ਸਿੰਘ ਨੂੰ ਲੱਗੀ ਗੰਭੀਰ ਬਿਮਾਰੀ ਦਾ ਕਾਰਨ ਸਿਰਸੇ ਵਾਲੇ ਗੁਰਮੀਤ ਰਾਮ ਰਹੀਮ ਨੂੰ ਮਆਫੀ ਨਾਮਾ ਦੇਣਾ ਅਤੇ ਨਿਰਦੋਸ਼ ਗੁਰਸਿੱਖ ਭਾਈ ਜੋਗਾ ਸਿੰਘ ਦੀ ਇਸ ਦੇ ਲੱਠਮਾਰਾਂ ਵਲੋਂ ਕੀਤੀ ਕੁੱਟਮਾਰ ਆਖਿਆ ਗਿਆ। ਦਲ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਅਤੇ ਜਰਨਲ ਸਕੱਤਰ ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਗਿਆਨੀ ਗੁਰਬਚਨ ਸਿੰਘ ਦੇ ਦਾਦੂ ਪਿੰਡ ਵਿੱਚ ਹੋਏ ਵਿਰੋਧ ਦੀ ਸਲ਼ਾਘਾ ਕਰਦਿਆਂ ਪਿੰਡ ਦੇ ਅਣਖੀ ਸਿੰਘਾਂ ਦਾ ਧੰਨਵਾਦ ਕੀਤਾ ਗਿਆ।
ਦਲ ਦੇ ਆਗੂਆਂ ਨੇ ਕਿਹਾ ਇਤਿਹਾਸ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਵਾਪਰਿਆ ਕਿ ਕਿਸੇ ਤਖ਼ਤ ਸਾਹਿਬ ਦਾ ਜਥੇਦਾਰ ਪਤਿਤ ਹੋਣ ਦੀ ਸੂਰਤ ਵਿੱਚ ਵੀ ਉਹ ਖੁਦ ਨੂੰ ਜਥੇਦਾਰ ਹੀ ਸਮਝੇ। ਯੂਨਾਇਟਿਡ ਖ਼ਾਲਸਾ ਦਲ ਦੇ ਆਗੂਆਂ ਨੇ ਕਿਹਾ ਸਿੱਖ ਕੌਮ ਨਾਲ ਧੋਖਾ ਅਤੇ ਫਰੇਬ ਕਰਨ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਕਾਲ ਪੁਰਖ ਉਹਨਾਂ ਨੂੰ ਕੁਝ ਅੰਸ਼ ਹੀ ਦਿਖਾ ਰਿਹਾ ਹੈ ਪੂਰਾ ਵਿਰੋਧ ਤਾਂ ਹਾਲੇ ਹੋਣਾ ਹੈ। ਕਿਉਂਕਿ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨਾਲ ਦਗਾ ਕਮਾਉਣ ਵਾਲੇ ਨੇ ਕਦੇ ਵੀ ਸੁਖ ਨਹੀਂ ਪਾਇਆ।
ਜ਼ਿਕਰਯੋਗ ਹੈ ਕਿ ਬਰਤਾਨੀਆ ਵਿੱਚ ਪਿਛਲੇ ਸਾਲ ਪਹਿਲੀ ਨਵੰਬਰ ਨੂੰ ਹੋਏ ਵਿਸ਼ਵ ਸਿੱਖ ਸੰਮੇਲਨ ਵਿੱਚ ਅਕਾਲ ਤਖਤ ਸਾਹਿਬ, ਦਮਦਮਾ ਸਾਹਿਬ ਅਤੇ ਕੇਸਗੜ੍ਹ ਸਾਹਿਬ ਦੇ ਤੱਤਕਾਲੀ ਜਥੇਦਾਰਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ ਅਤੇ 10 ਨਵੰਬਰ ਨੂੰ ਚੱਬਾ ਵਿਖੇ ਹੋਏ ਪੰਥਕ ਇਕੱਠ ਵਿਚ ਵੀ ਇਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ। ਪਰ ਢੀਠਤਾਈ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਇਹਨਾਂ ਵਲੋਂ ਜਥੇਦਾਰੀ ਦਾ ਛੱਜ ਅਜੇ ਤੱਕ ਨਹੀਂ ਛੱਡਿਆ ਗਿਆ ਭਾਵੇਂ ਕਿ ਇਹਨਾਂ ਦਾ ਸਿੱਖ ਸੰਗਤਾਂ ਵਿੱਚ ਜਾਣਾ ਮੁਸ਼ਕਿਲ ਹੋ ਚੁੱਕਾ ਹੈ।
ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਗਿਆਨੀ ਮੱਲ ਸਿੰਘ ਦੇ ਪਰਿਵਾਰ ਨੂੰ ਉਸਦੀ ਸਿਹਤਯਾਬੀ ਵਾਸਤੇ ਸਮੁੱਚੇ ਸਿੱਖ ਪੰਥ ਤੋਂ ਮੁਆਫੀ ਮੰਗਣ ਲਈ ਆਖਿਆ ਗਿਆ ਅਤੇ ਕਿਹਾ ਗਿਆ ਪਰਿਵਾਰ ਪਛਤਾਵੇ ਵਿੱਚ ਭਾਈ ਜੋਗਾ ਸਿੰਘ ਦਾ ਸਨਮਾਨ ਕਰੇ। ਜਿਸ ਨੇ ਸਿੱਖ ਕੌਮ ਦੀਆਂ ਜ਼ਖਮੀ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਗਿਆਨੀ ਮੱਲ ਸਿੰਘ ਨੂੰ ਹਲੂਣਾ ਦੇਣਾ ਚਾਹਿਆ ਸੀ ਪਰ ਇਸ ਦੇ ਨਲਾਇਕ ਪੁੱਤਰ ਅਤੇ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਉਸ ਨੂੰ ਬੇਤਹਾਸ਼ਾ ਕੁੱਟਿਆ ਅਤੇ ਮਗਰੋਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।