ਅੰਮ੍ਰਿਤਸਰ (9 ਮਾਰਚ, 2015): ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜਾਂ ਤਖਤਾਂ ਦੇ ਜੱਥੇਦਾਰਾਂ ਦੀ ਹੋਈ ਮੀਟਿੰਗ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ, ਜੋ ਇਸ ਸਾਲ ਦੇ ਅੰਤ ਤੱਕ ਆਪਣੀ ਰਿਪੋਰਟ ਸ਼੍ਰੀ ਅਕਾਲ ਤਖਤ ਨੂੰ ਸੌਂਪੇਗੀ।
ਇਸ ਰਿਪੋਰਟ ਦੇ ਆਧਾਰ ‘ਤੇ ਕੈਲੰਡਰ ਸਬੰਧੀ ਅਗਲਾ ਫੈਸਲਾ ਹੋਵੇਗਾ। ਫਿਲਹਾਲ ਨਾਨਕਸ਼ਾਹੀ ਸੰਮਤ 547 ਨਵੇਂ ਵਰ੍ਹੇ ਵਾਸਤੇ ਕਿਹੜਾ ਕੈਲੰਡਰ ਹੋਵੇਗਾ,ਸਬੰਧੀ ਭੰਬਲਭੂਸਾ ਬਰਕਰਾਰ ਹੈ।
ਸਿੱਖ ਕੌਮ ਦੇ ਨਿਆਰੇਪਣ (ਵੱਖਰੀ ਹੋਂਦ) ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ:
ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਨਿਆਰੇਪਣ (ਵੱਖਰੀ ਹੋਂਦ) ਦਾ ਪ੍ਰਤੀਕ ਹੈ ਜੋ ਸਿੱਖ ਵਿਦਵਾਨ ਸ੍ਰ. ਪਾਲ ਸਿੰਘ ਪੁਰੇਵਾਲ ਨੇ ਕਰੜੀ ਘਾਲਣਾ ਘਾਲ ਕੇ ਤਿਆਰ ਕੀਤਾ ਹੈ। ਇਸ ਕੈਲੰਡਰ ਨੂੰ ਸਾਲ 2003 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਗੂ ਕਰ ਦਿੱਤਾ ਸੀ। ਸੰਸਾਰ ਭਰ ਵਿੱਚ ਵੱਸਦੇ ਸਿੱਖਾਂ ਨੇ ਇਸ ਕੈਲੰਡਰ ਦਾ ਸਵਾਗਤ ਕਰਦਿਆਂ ਇਸਨੂੰ ਪ੍ਰਾਵਨ ਕੀਤਾ ਸੀ।
ਸਿਰਫ ਸੰਤ ਸਮਾਜ ਵੱਲੋਂ ਹੀ ਇਸਦਾ ਵਿਰੋਧ ਕੀਤਾ ਗਿਆ ਸੀ।ਸਿੱਖੀ ਦੇ ਨਿਆਰੇਪਨ ਦੇ ਪ੍ਰਤੀਕ ਇਸ ਕੈਲੰਡਰ ਨੂੰ ਹਿੰਦੂਤਵੀ ਜੱਥੇਬੰਦੀ ਆਰ. ਐੱਸ. ਐੱਸ ਵੱਲੋਂ ਇਸ ਕੈਲੰਡਰ ਨੂੰ ਮਹੱਤਵਹੀਨ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਸੰਤ ਸਮਾਜ ਅਤੇ ਹੋਰ ਹਿੰਦੂਤਵੀ ਤਾਕਤਾਂ ਦੇ ਦਬਾਅ ਅਧੀਨ ਅਤੇ ਬਾਦਲ ਦਲ ਦੀਆਂ ਹਦਾਇਤਾਂ ‘ਤੇ ਇਸਤੋਂ ਪਹਿਲਾਂ 2010 ਵਿੱਚ ਨਾਨਕਸ਼ਾਹੀ ਕੈਲੰਡਰ ਵਿੱਚ ਅਜਿਹੀਆਂ ਸੋਧਾਂ ਕੀਤੀਆਂ,ਜਿਨ੍ਹਾਂ ਨੇ ਮੁਲ਼ ਨਾਨਕਸ਼ਾਹੀ ਕੈਲ਼ੰਡਰ ਦੀ ਰੂਹ ਨੂੰ ਹੀ ਮਾਰ ਦਿੱਤਾ।
ਪਰ ਸਿੱਖ ਕੌਮ ਦੇ ਇੱਕ ਵੱਡੇ ਹਿੱਸੇ, ਖਾਸ ਕਰਕੇ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਵੱਲੋਂ ਇਸ ਸੌਧੇ ਹੋਏ ਕੈਲੰਡਰ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੋ ਮੁੱਖ ਸਿੱਖ ਸੰਸਥਾਵਾਂ ਹਨ ਜਿੰਨਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਪੰਥਕ ਦਿਹਾੜੇ ਮਾਨਉਣ ਦਾ ਐਲਾਨ ਕੀਤਾ ਹੈ।
ਮੂਲ ਨਾਨਕਸ਼ਾਹੀ ਕੈਲੰਡਰ ਸੂਰਜੀ ਚੱਕਰ ‘ਤੇ ਅਧਾਰਿਤ ਹੈ, ਜਦਕਿ ਸੋਧਿਆ ਹੋਇਆ ਕੈਲੰਡਰ ਚੰਦਰਮਾ ਦੀ ਚਾਲ ‘ਤੇ ਅਧਾਰਿਤ ਹੈ। ਸਾਲ 2010 ਵਿੱਚ ਹੋਈਆਂ ਸੋਧਾਂ ਤੋਂ ਬਾਅਦ ਕਈ ਪ੍ਰਮੁੱਖ ਇਤਿਹਾਸਕ ਦਿਹਾੜਿਆਂ ਦੀਆਂ ਦੀਆਂ ਤਰੀਖਾਂ ਹਰ ਸਾਲ ਬਦਲਣੀਆਂ ਸ਼ੁਰੂ ਹੋ ਗਈਆਂ।
2010 ਦੀਆਂ ਸੋਧਾਂ ਤੋਂ ਪੈਦਾ ਹਏ ਭੰਬਲਭੂਸੇ:
ਸੋਧੇ ਹੋਏ ਨਾਨਕਸ਼ਾਹੀ ਕੈਲੰਦਰ ਅਨੁਸਾਰ ਪ੍ਰਕਾਸ਼ ਸਾਲ 2014 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਬ 28 ਦਸੰਬਰ ਨੂੰ ਆਇਆ ਅਤੇ 28 ਦਸੰਬਰ ਦਾ ਦਿਨ ਛੋਟੇ ਸਾਹਬਜ਼ਾਦਿਆਂ ਦੀ ਸਭਾ ਦਾ ਵੀ ਆਖਰੀ ਦਿਨ ਸੀ।ਬਾਅਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਨੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਕ 7 ਜਨਵਰੀ ਐਲਾਨ ਦਿੱਤੀ ਸੀ, ਜਦਕਿ ਮੂਲ਼ ਨਾਨਕਸ਼ਾਹੀ ਕੈਲੰਡਰ ਅਨੁਸਾਰ ਪ੍ਰਕਾਸ਼ ਪੂਰਬ ਹਰ ਸਾਲ 5 ਜਨਵਰੀ ਨੂੰ ਆਉਂਦਾ ਹੈ।
ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਬਣੀ ਦੁਬਿਧਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਅਤੇ ਸਮੁੱਚੀ ਪੰਥਕ ਏਕਤਾ ਵਾਸਤੇ ਇਸ ਮਾਮਲੇ ਨੂੰ ਵਿਚਾਰਨ ਲਈ ਇਕ ਕਮੇਟੀ ਦਾ ਗਠਿਨ ਕੀਤਾ ਜਾਵੇਗਾ। ਇਹ ਕਮੇਟੀ ਕੈਲੰਡਰ ਸਬੰਧੀ ਗੁਰਬਾਣੀ ਅਤੇ ਇਤਿਹਾਸਕ ਸਰੋਤਾਂ ਅਨੁਸਾਰ ਵਿਚਾਰ ਵਟਾਂਦਰਾ ਕਰੇਗੀ ਅਤੇ ਇਸ ਵਰ੍ਹੇ ਦੇ ਦਸੰਬਰ ਮਹੀਨੇ (ਇਕ ਪੋਹ ਸੰਮਤ 547) ਤਕ ਆਪਣੀ ਰਿਪੋਰਟ ਦੇਵੇਗੀ, ਜਿਸ ਦੇ ਆਧਾਰ ‘ਤੇ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਮਾਮਲਾ ਮੁੜ ਵਿਚਾਰਿਆ ਜਾਵੇਗਾ ਅਤੇ ਅਗਲਾ ਫੈਸਲਾ ਲਿਆ ਜਾਵੇਗਾ।
ਇਸ ਕਮੇਟੀ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਇਕ ਨੁਮਾਇੰਦਾ, ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਇਕ ਨੁਮਾਇੰਦਾ, ਸ਼੍ਰੋਮਣੀ ਕਮੇਟੀ ਵੱਲੋਂ ਦੋ ਨੁਮਾਇੰਦੇ, ਦਿੱਲੀ ਕਮੇਟੀ ਵੱਲੋਂ ਇੱਕ ਨੁਮਾਇੰਦਾ ਸ਼ਾਮਲ ਹੋਵੇਗਾ। ਜਦੋਂਕਿ ਵਿਦਵਾਨਾਂ ਵਿਚੋਂ ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਪਾਲ ਸਿੰਘ ਪੁਰੇਵਾਲ, ਡਾ.ਗੁਰਚਰਨ ਸਿੰਘ ਲਾਂਬਾ ਯੂ.ਐਸ.ਏ, ਡਾ. ਅਨੁਰਾਗ ਸਿੰਘ ਲੁਧਿਆਣਾ,ਕਰਨਲ ਸੁਰਜੀਤ ਸਿੰਘ ਨਿਸ਼ਾਨ ਸ਼ਾਮਲ ਹਨ। ਇਸੇ ਤਰ੍ਹਾਂ ਸੰਤ ਸਮਾਜ ਦੇ ਦੋ ਨੁਮਾਇੰਦੇ, ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇੱਕ ਨੁਮਾਇੰਦਾ, ਨਿਰਮਲ ਭੇਖ ਵੱਲੋਂ ਇੱਕ ਨੁਮਾਇੰਦਾ ਸ਼ਾਮਲ ਹੋਵੇਗਾ। ਇਸੇ ਤਰ੍ਹਾਂ ਵਿਦੇਸ਼ਾਂ ਵਿੱਚੋਂ ਅਮਰੀਕਾ, ਕੈਨੇਡਾ, ਅਸਟਰੇਲੀਆ, ਇੰਗਲੈਂਡ ਤੇ ਯੂਰਪ ਤੋਂ ਸਿੱਖ ਸੰਗਤ 1-1 ਨੁਮਾਇੰਦੇ ਦਾ ਨਾਂ ਭੇਜੇਗੀ।
ਕੈਲੰਡਰ ਵਿਵਾਦ ਹੱਲ ਹੋਣ ਤਕ ਕਿਹੜਾ ਕੈਲੰਡਰ ਲਾਗੂ ਹੋਵੇਗਾ, ਨੂੰ ਲੈ ਕੇ ਫਿਲਹਾਲ ਭੰਬਲਭੂਸੇ ਵਾਲੀ ਸਥਿੱਤੀ ਹੈ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਨਾਨਕਸ਼ਾਹੀ ਸੰਮਤ 547 ਦਾ ਕੈਲੰਡਰ ਗੁਰਬਾਣੀ ਅਤੇ ਇਤਿਹਾਸਕ ਸਰੋਤਾਂ ਅਨੁਸਾਰ ਛਪਵਾ ਕੇ ਸੰਗਤਾਂ ਤਕ ਪਹੁਚਾਇਆ ਜਾਵੇ। ਜਦੋਂ ਉਨ੍ਹਾਂ ਨੂੰ ਇਸ ਕੈਲੰਡਰ ਸਬੰਧੀ ਸਪੱਸ਼ਟ ਕਰਨ ਲਈ ਪੁੱਛਿਆ ਤਾਂ ਉਨ੍ਹਾਂ ਕੋਈ ਢੁੱਕਵਾਂ ਤੇ ਸਪੱਸ਼ਟ ਜਵਾਬ ਨਹੀਂ ਦਿੱਤਾ ਸਗੋਂ ਆਖਿਆ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੱਸੇਗੀ।
ਜਦੋਂ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਇਸ ਕੈਲੰਡਰ ਸਬੰਧੀ ਪੁੱਛਿਆ ਤਾਂ ਉਨ੍ਹਾਂ ਵੀ ਅਗਿਆਨਤਾ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਉਹ ਇਸ ਸਬੰਧ ਵਿਚ ਸਿੰਘ ਸਾਹਿਬਾਨ ਕੋਲੋਂ ਸਪੱਸ਼ਟ ਕਰਨ ਮਗਰੋਂ ਹੀ ਸਹੀ ਜਾਣਕਾਰੀ ਦੇ ਸਕਣਗੇ।
ਇੱਥੇ ਦੱਸਣਯੋਗ ਹੈ ਕਿ ਨਾਨਕਸ਼ਾਹੀ ਸੰਮਤ 547 ਮੁਤਾਬਕ ਨਵਾਂ ਵਰ੍ਹਾ 14 ਮਾਰਚ ਤੋਂ ਅਰੰਭ ਹੋ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਕੋਲ ਨਵਾਂ ਕੈਲੰਡਰ ਪ੍ਰਕਾਸ਼ਤ ਕਰਨ ਲਈ ਸਿਰਫ 4 ਦਿਨ ਬਾਕੀ ਹਨ।