ਸ੍ਰੀ ਅੰਮ੍ਰਿਤਸਰ ਸਾਹਿਬ: ਤਖਤ ਸ੍ਰੀ ਪਟਨਾ ਸਾਹਿਬ ਦੀ ਵਿਖੇ ਹੋਏ 11 ਜਨਵਰੀ ਨੂੰ ਕਾਰਸੇਵਾ ਸ਼ੁਰੂਆਤੀ ਸਮਾਗਮ ਮੌਕੇ ਅਵਤਾਰ ਸਿੰਘ ਹਿੱਤ ਨੇ “ਸਿੱਖ ਅਰਦਾਸ” ਵਿਚਲੇ ਸ਼ਬਦ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਲਈ ਵਰਤੇ।ਜਿਸ ਤੋਂ ਬਾਅਦ ਹਿੱਤ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੋਂ ਇਸ ਭੁੱਲ ਲਈ ਤਨਖਾਹ ਸੁਣਾਈ ਗਈ।
ਜਿਸ ਸਮਾਗਮ ਦੌਰਾਨ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਇਹ ਭੁੱਲ ਕੀਤੀ ਉਸੇ ਹੀ ਦੀਵਾਨ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਲਾਏ ਗਏ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋ.ਗੁ.ਪ੍ਰ.ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵੀ ਸਜੇ ਬੈਠੇ ਸਨ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ‘ਤੇ ਪੰਥ ਦੀ ਸ਼੍ਰੌਮਣੀ ਸੰਸਥਾ ਦੇ ਪ੍ਰਧਾਨ ਸਾਹਮਣੇ ਕੋਈ “ਸਿੱਖ ਅਰਦਾਸ” ਵਿਚ ਗੁਰੂ ਲਈ ਵਰਤੇ ਜਾਂਦੇ ਸ਼ਬਦਾਂ ਨੂੰ ਕਿਸੇ ਬੰਦੇ ਨੂੰ ਵਡਿਆਉਣ ਲਈ ਵਰਤੇ ‘ਤੇ ਉਹ ਚੁੱਪ-ਚਾਪ ਬੈਠੇ ਸੁਣੀ ਜਾਣ !
ਚਾਹੀਦਾ ਤਾਂ ਇਹ ਸੀ ਕਿ ਆਪਣੇ ਪਦ ਨੂੰ ਵੇਖਦਿਆਂ ਗਿਆਨੀ ਹਰਪ੍ਰੀਤ ਸਿੰਘ ਉਸੇ ਵੇਲੇ ਅਵਤਾਰ ਸਿੰਘ ਹਿੱਤ ਨੂੰ ਵਰਜਦੇ ਤੇ ਹੋਰ ਤਲੀ ਚੱਟ ਪ੍ਰਬੰਧਕਾਂ ਅੱਗੇ ਮਿਸਾਲ ਪੇਸ਼ ਕਰਦੇ ਕਿ ਅਜਿਹੀ ਗਲਤੀ ਬਖਸ਼ੀ ਨਹੀ ਜਾਵੇਗੀ। ਤਖਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਜਿੰਨੇ ਵੀ ਸਮਾਗਮ ਹੋਏ ਇਹਨਾਂ ਵਿਚ ਅਵਤਾਰ ਸਿੰਘ ਹਿੱਤ ਨੇ ਗੁਰਬਾਣੀ ਜਾਂ ਗੁਰੂ ਸਾਹਿਬਾਨ ਬਾਰੇ ਕੋਈ ਵਿਚਾਰ ਰੱਖਣ ਦੀ ਥਾਵੇਂ ਨਿਤਿਸ਼ ਕੁਮਾਰ ਦੀਆਂ ਤਰੀਫਾਂ ਤੇ ਹੀ ਜੋਰ ਦੇ ਕੇ ਰੱਖਿਆ।