Site icon Sikh Siyasat News

ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ਖਿਲਾਫ ਸਿੱਖ ਸੰਗਤਾਂ ਦੇ ਰੋਹ ਨੂੰ ਰੋਕਣ ਲਈ ਜੱਥੇਦਾਰ ਨੇ ਕਮੇਟੀ ਬਣਾਉਣ ਦਾ ਕੀਤਾ ਐਲਾਨ

ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ (30 ਸਤੰਬਰ, 2015): ਸਿੰਘ ਸਾਹਿਬਾਨ ਵਲੋਂ ਡੇਰਾ ਸਿਰਸਾ ਦੇ ਬਦਨਾਮ ਮੁਖੀ ਨੂੰ 2007 ਵਿਚ ਸਿੱਖ ਗੁਰੂ ਸਾਹਿਬਾਨ ਅਤੇ ਅੰਮ੍ਰਿਤ-ਸੰਸਕਾਰ ਦਾ ਸਵਾਂਗ ਕਰਨ ਦੇ ਮਾਮਲੇ ਵਿਚ ਮਾਫ ਕਰਨ ਦੇ ਫੈਸਲੇ ਖਿਲਾਫ ਸਿੱਖ ਜਗਤ ਵੱਲੋਂ ਪ੍ਰਗਟਾਏ ਜਾ ਰਹੇ ਤਿੱਖੇ ਵਿਰੋਧ ਨੇ ਜਿੱਥੇ ਜੱਥੇਦਾਰਾਂ ਦੇ ਸਿਆਸੀ ਸ੍ਰਪਰਸਤਾਂ ਦੀ ਨੀਂਦ ਉਡਾਈ ਹੋਈ ਹੈ, ਉੱਥੇ ਜੱਥੇਦਾਰਾਂ ਉਤੇ ਇਸ ਮਾਮਲੇ ਨੂੰ ਲੈ ਕੇ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ। ਜਿਥੇ ਪੰਜਾਬ ਦੀ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਜਥੇਦਾਰਾਂ ਦੇ ਫੈਸਲੇ ਨੂੰ ਸਹੀ ਜਚਾਉਣ ਲਈ ਆਪਣੇ ਪੂਰੇ ਸਰੋਤ ਝੋਕ ਦਿੱਤੇ ਹਨ ਉੱਤੇ ਸਿੱਖ ਸੰਗਤਾਂ ਦੇ ਰੋਹ ਨੂੰ ਰੋਕਣ ਵਿਚ ਅਜੇ ਤੱਕ ਨਾਕਾਮ ਰਹਿਣ ਉਤੇ ਬਾਦਲ ਦਲ ਵਲੋਂ ਜਥੇਦਾਰਾਂ ਰਾਹੀਂ ਹੀ ਇਸ ਮਾਮਲੇ ਨੂੰ ਠੰਡਾ ਕਰਨ ਦਾ ਕੋਈ ਰਾਹ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਤਹਿਤ ਬੀਤੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੋਲੋਂ ਆਪਣੇ ਦਸਤਖਤਾਂ ਤਹਿਤ ਇਕ ਪ੍ਰੈਸ ਨੋਟ ਜਾਰੀ ਕੀਤਾ ਗਿਆ।

 

ਇਸ ਪ੍ਰੈਸ ਨੋਟ ਵਿਚ ਗਿਆਨੀ ਗੁਰਬਚਨ ਸਿੰਘ ਵੱਲੋਂ ਸੋਦਾ ਸਾਧ ਵੱਲੋਂ ਭੇਜੇ ਪੱਤਰ, ਜਿਸਨੂੰ ਪਹਿਲਾਂ ਮਾਫੀਨਾਮਾ ਕਹਿ ਕੇ ਪ੍ਰਚਾਰਿਆ ਗਿਆ ਸੀ, ਨੂੰ ਸਪੱਸ਼ਟੀਕਰਨ ਬਿਆਨਦਿਆਂ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਇਸ ਮਾਮਲੇ ਉਤੇ ਵਿਚਾਰ ਕਰਨ ਲਈ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਇੱਕ ਕਮੇਟੀ ਬਣਾਈ ਜਾਵੇਗੀ। ਬਿਆਨ ਅਨੁਸਾਰ ਇਹ ਕਮੇਟੀ ਜੱਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ‘ਤੇ ਘੋਖ ਕਰਕੇ ਆਪਣੀ ਰਾਇ ਦਵੇਗੀ। ਜਾਰੀ ਪ੍ਰੈਸ ਨੋਟ ਵਿਚ ਇਸ ਮਸਲੇ ਸਿੱਖ ਸੰਸਥਾਵਾਂ, ਵਿਦਵਾਨਾਂ ਅਤੇ ਸਿੱਖ ਸੰਗਤਾਂ ਨੂੰ ਆਪਣੇ ਸੂਝਾਅ ਭੇਜਣ ਬਾਰੇ ਵੀ ਕਿਹਾ ਗਿਆ। ਹਾਲਾਂਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਕਮੇਟ ਦੇ ਮੈਂਬਰ ਕੌਣ ਹੋਣਗੇ ਅਤੇ ਉਨ੍ਹਾਂ ਦੀ ਚੋਣ ਕਿਵੇਂ ਹੋਵੇਗੀ ਤੇ ਨਾ ਹੀ ਇਸ ਬਾਰੇ ਕੋਈ ਹੋਵ ਵਧੇਰੇ ਵੇਰਵੇ ਦਿੱਤੇ ਗਏ ਹਨ।

ਉੱਧਰ ਪੰਥਕ ਜਥੇਬੰਦੀਆਂ ਜਥੇਦਾਰਾਂ ਵਲੋਂ ਕੀਤੇ ਗਏ ਫੈਸਲੇ ਨੂੰ ਪੰਥ ਵਲੋਂ ਮੁਕੰਮਲ ਰੂਪ ਵਿਚ ਰੱਦ ਕਰਵਾਉਣ ਦੇ ਮਤੇ ਪੇਸ਼ ਕਰ ਚੁੱਕੀਆਂ ਹਨ।

 

ਗਿਆਨੀ ਗੁਰਬਚਨ ਸਿੰਘ ਵਲੋਂ ਜਾਰੀ ਕੀਤਾ ਗਿਆ ਬਿਆਨ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਛਾਪਿਆ ਜਾ ਰਿਹਾ ਹੈ:

ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਵਉੱਚ ਸੰਸਥਾ ਹੈ ਅਤੇ ਆਪਣੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਹਰ ਸਮੇਂ ਸਿੱਖ ਕੌਮ ਦੀ ਅਗਵਾਈ ਕਰਦਾ ਆ ਰਿਹਾ ਹੈ। ਸਮੇਂ-ਸਮੇਂ ਵੱਡੇ ਤੋਂ ਵੱਡੇ ਮਸਲੇ ਇਸ ਤਖ਼ਤ ਤੇ ਯੋਗ ਅਤੇ ਸੁਚੱਜੀ ਅਗਵਾਈ ਲਈ ਆਉਂਦੇ ਰਹੇ ਹਨ ਅਤੇ ਪੰਜ ਸਿੰਘ ਸਾਹਿਬਾਨ ਵੱਲੋਂ ਮਰਿਯਾਦਾ ਅਨੁਸਾਰ ਦੀਰਘ ਵਿਚਾਰ ਵਟਾਂਦਰਾ ਕਰਨ ਮਗਰੋਂ ਫੈਸਲੇ ਲਏ ਜਾਂਦੇ ਰਹੇ ਹਨ ਜੋ ਹਮੇਸ਼ਾਂ ਸਿੱਖ ਕੌਮ ਨੇ ਚੜ੍ਹਦੀ ਕਲਾ ਨਾਲ ਸਵੀਕਾਰ ਕੀਤੇ ਹਨ।

ਇਸੇ ਤਰ੍ਹਾਂ ਇੱਕ ਮਸਲਾ ਡੇਰਾ ਸਿਰਸਾ ਮੁਖੀ ਵੱਲੋਂ ਸੰਨ 2007 ਵਿਚ ਕੀਤੇ ਸਵਾਂਗ ਦੇ ਕਾਰਨ ਉੱਠੇ ਵਿਵਾਦ ਸਬੰਧੀ ਪ੍ਰਾਪਤ ਹੋਇਆ। ਜਿਸ ਉਪਰ ਵਿਚਾਰ ਵਟਾਂਦਰਾ ਕਰਨ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਕੀਤਾ ਗਿਆ ਸੀ। ਇਹ ਵਿਵਾਦ ਲਗਾਤਾਰ ਚੱਲਦਾ ਰਿਹਾ ਅਤੇ ਇਸ ਨੇ ਕਈ ਵਾਰ ਗੰਭੀਰ ਹਿੰਸਕ ਰੂਪ ਵੀ ਧਾਰਿਆ।

ਉਪਰੋਕਤ ਦੇ ਸਬੰਧ ਵਿਚ ਹੁਣ ਇੱਕ ਲਿਖਤੀ ਬੇਨਤੀ ਡੇਰਾ ਸਿਰਸਾ ਮੁਖੀ ਵੱਲੋਂ ਆਪਣੇ ਦਸਤਖ਼ਤਾਂ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਪ੍ਰਾਪਤ ਹੋਈ ਜੋ ਕਿ ਇਸ ਪ੍ਰਕਾਰ ਹੈ :-

“ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਾਰੇ ਧਰਮਾਂ ਦੇ ਪੀਰ ਪੈਗੰਬਰ ਸਾਹਿਬਾਨ ਦੀ ਨਕਲ ਕਰਨਾ ਤਾਂ ਦੁੂਰ ਦੀ ਗੱਲ, ਅਸੀਂ ਕਦੀ ਅਜਿਹਾ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਅਸੀਂ ਨਕਲ ਕਿਵੇਂ ਕਰ ਸਕਦੇ ਹਾਂ ਇਸ ਗੱਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਸੀਂ ਕਦੇ ਨਕਲ ਕੀਤੀ ਹੋਵੇ ਜਾਂ ਕਦੀ ਨਕਲ ਕਰਨ ਦਾ ਸੋਚਿਆ ਵੀ ਹੋਵੇ। ਅਸੀਂ ਕਦੇ ਕਿਸੇ ਦੀ ਨਕਲ ਨਹੀਂ ਕੀਤੀ ਅਤੇ ਸੌ ਫੀਸਦੀ ਅੱਜ ਵੀ ਕਹਿੰਦੇ ਹਾਂ ਅਤੇ ਹਮੇਸ਼ਾਂ ਕਹਿੰਦੇ ਰਹਾਂਗੇ ਕਿ ਅਸੀਂ ਕਿਸੇ ਸੰਤ ਪੀਰ ਪੈਗੰਬਰ ਦੇ ਬਰਾਬਰ ਮੰਨਦੇ ਹੀ ਨਹੀਂ ਤਾਂ ਅਸੀਂ ਕਿਸੇ ਦੀ ਨਕਲ ਕਰਨ ਦੀ ਜੁਅਰਤ ਕਿਵੇਂ ਕਰ ਸਕਦੇ ਹਾਂ। ਸਾਡੇ ਲਈ ਸਾਰੇ ਧਰਮਾਂ ਦੇ ਸੰਤ ਪੈਗੰਬਰ ਭਗਵਾਨ ਸਵਰੂਪ ਨੇ”।

ਉਪਰੋਕਤ ਪੱਤਰ ਦੇ ਨਾਲ ਡੇਰਾ ਮੁਖੀ ਵੱਲੋਂ ਇੱਕ ਸੀ.ਡੀ ਵੀ ਤਿਆਰ ਕਰਕੇ ਭੇਜੀ ਗਈ ਜਿਸ ਵਿਚ ਉਸਨੇ ਉਪਰੋਕਤ ਸਾਰੇ ਸ਼ਬਦ ਹੂ-ਬ-ਹੂ ਦੁਹਰਾਏ ਹਨ।

ਪੰਜ ਸਿੰਘ ਸਾਹਿਬਾਨ ਵੱਲੋਂ ਇਸ ਮਸਲੇ ‘ਤੇ ਉਪਰੋਕਤ ਤੱਥਾਂ ਨੂੰ ਪੰਥਕ ਰਵਾਇਤਾਂ ਅਨੁਸਾਰ ਗੰਭੀਰਤਾ ਨਾਲ ਵਿਚਾਰ ਕੇ ਤੇ ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਵਡੇਰੇ ਪੰਥਕ ਹਿੱਤਾਂ, ਦੇਸ਼ ਅਤੇ ਪੰਜਾਬ ਅੰਦਰ ਪੂਰਨ ਅਮਨ ਅਤੇ ਸ਼ਾਂਤੀ ਬਨਾਉਣ ਦੇ ਮਕਸਦ ਨਾਲ ਤੇ ਆਪਣੀ ਭਾਈਚਾਰਕ ਸਾਂਝ ਮਜਬੂਤ ਕਰਨ ਲਈ ਇੱਕ ਸਹੀ ਅਤੇ ਨਿਰਪੱਖ ਫੈਸਲਾ ਲੈਂਦੇ ਹੋਏ ਡੇਰਾ ਮੁਖੀ ਦਾ ਸਪੱਸ਼ਟੀਕਰਨ ਸਵੀਕਾਰ ਕੀਤਾ ਗਿਆ ਸੀ ਤਾਂ ਜੋ ਪੰਥ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੇ। ਜਿਥੇ ਅਸੀਂ ਉਹਨਾਂ ਸਮੂੰਹ ਪੰਥਕ ਸੰਸਥਾਵਾਂ, ਸੰਪਰਦਾਵਾਂ ਤੇ ਗੁਰੁ ਪਿਆਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਬਣਾਈ ਰੱਖਣ ਲਈ ਇਸ ਫੈਸਲੇ ਦਾ ਭਰਪੂਰ ਸਮਰਥਨ ਕੀਤਾ ਓਥੇ ਕੁਝ ਪੰਥਕ ਧਿਰਾਂ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਰੋਸ ਵੀ ਪ੍ਰਗਟ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਮੇਸ਼ਾਂ ਸਮਰਪਿਤ ਰਹੀਆਂ ਕੁਝ ਸੰਸਥਾਵਾਂ ਨੇ ਇਸ ਪ੍ਰਕਿਰਆ ਨੂੰ ਹੋਰ ਬਿਹਤਰ ਬਣਾਉਣ ਲਈ ਕੁਝ ਵਿਚਾਰ ਵੀ ਦਿੱਤੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਮੇਸ਼ਾਂ ਹੀ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਕੇ ਗੁਰਮਤਿ ਦੀ ਰੋਸ਼ਨੀ ਵਿਚ ਫੈਸਲੇ ਲਏ ਜਾਂਦੇ ਹਨ। ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇੱਕਸੁਰਤਾ ਬਣਾਈ ਰੱਖਣੀ ਚਾਹੀਦੀ ਹੈ। ਸਦੀਆਂ ਤੋਂ ਚਲੀ ਆ ਰਹੀ ਇਸ ਦੀ ਮਹੱਤਤਾ ਨੂੰ ਕਾਇਮ ਰੱਖਣ ਲਈ ਸਭ ਦੇ ਵਿਚਾਰਾਂ ਦਾ ਸਤਿਕਾਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੌਮ ਨੂੰ ਸਮਰਪਿਤ, ਨਿਰਪੱਖ, ਦਾਨਿਸ਼ਵੰਦ ਵਿਦਵਾਨਾਂ ਦੀ ਕਮੇਟੀ ਗਠਿਟ ਕੀਤੀ ਜਾਵੇਗੀ।

ਦੇਸ਼-ਵਿਦੇਸ਼ ਦੀਆਂ ਸਿੱਖ ਸੰਸਥਾਵਾਂ, ਸੰਪਰਦਾਵਾਂ, ਸਿੱਖ ਵਿਦਵਾਨ, ਬੁੱਧੀਜੀਵੀ ਜਾਂ ਕੋਈ ਵੀ ਗੁਰਸਿੱਖ ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਨੂੰ ਆਪਣੇ ਵਡਮੁੱਲੇ ਸੁਝਾਅ ਦੇਵੇ। ਕਮੇਟੀ ਆਏ ਸੁਝਾਵਾਂ ਨੂੰ ਘੋਖ-ਵਿਚਾਰ ਕਰਕੇ ਆਪਣੀ ਰਾਏ ਦੇਵੇਗੀ।

ਗਿਆਨੀ ਗੁਰਬਚਨ ਸਿੰਘ ਵੱਲੋਂ ਜਾਰੀ ਪ੍ਰੈਸ ਨੋਟ ਦੀ ਕਾਪੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version