Site icon Sikh Siyasat News

ੳੁਹ ਕਹਿੰਦੇ ਨੇ ਮੁਕ ਜਾਣੀ ਏ ਥੋਡੀ ਬੋਲੀ ਥੋੜੇ ਚਿਰ ਨੂੰ…

ਪ੍ਰਤੀਕਾਤਮਕ ਤਸਵੀਰ।

ੳੁਹ ਕਹਿੰਦੇ ਨੇ
ਮੁਕ ਜਾਣੀ ਏ
ਥੋਡੀ ਬੋਲੀ
ਥੋੜੇ ਚਿਰ ਨੂੰ
ਸੱਚ ਈ ਹੋਣੈ!
ੳੁਹ ਕਹਿੰਦੇ ਨੇ
ਅਾ ਜਾਣੀ ਏ
ਸਾਡੀ ਭਾਸ਼ਾ
ਥੋੜੇ ਚਿਰ ਨੂੰ
ਸੱਚ ਈ ਹੋਣੈ!
ਮੇਰੀ ਮਾਂ ਨੂੰ
ੳੁਹਦੀ ਮਾਂ ਨੇ
ਪੜਣੇ ਪਾਇਆ
ਪੁੰਨ ਕਮਾਇਆ।
ਗੈਰਾਂ ਦੀ ਬੋਲੀ ਦਾ ਟੋਟਾ
ਪਹਿਲੀ ਵੇਰਾਂ
ਘਰ ਵਿਚ ਅਾਇਆ
ਚਾਅ ਮਨਾਇਆ।
ਮੇਰੀ ਵੀ ਤਾਂ
ਧੀ ਧਿਅਾਣੀ
ਟੀਵੀ ਅੱਗੇ
ਬੈਠੀ ਰਹਿੰਦੀ।
ਗੈਰਾਂ ਦੀ ਬੋਲੀ ਸੁਣਦੀ ਰਹਿੰਦੀ
ਖੁਦ ਨੂੰ ਗੈਰਾਂ ਵਾਂਗਰ ਵਹਿੰਦੀ!
ਮੈਨੂੰ ਵੀ ਤਾਂ
ਸਮਝ ਨੀ ਅਾੳੁਂਦੇ
ਅੌਖੇ ਅੌਖੇ
ਭਾਰੇ ਭਾਰੇ
ਬੋਲੇ ਮਾਂ ਬੋਲੀ ਦੇ ਸਾਰੇ!
ਬੜੇ ਸ਼ਬਦ ਨੇ
ਰੋਜ ਈ ਮਰਦੇ
ਮੇਰੇ ਹੱਥੋਂ
ਮਾਂ ਦੇ ਹੱਥੋਂ
ਧੀ ਪਈ ਵੇਖੇ!
ਮੈਂ ਵੀ ਕਾਤਲ
ਮਾਂ ਵੀ ਕਾਤਲ
ਧੀ ਦੇ ਦੋਸ਼ੀ!
ਮਾਂ ਵੀ ਚੁੱਪ
ਤੇ ਮੈਂ ਵੀ ਚੁੱਪ
ਧੀ ਕੀ ਬੋਲੇ?
ੳੁਹ ਪਏ ਬੋਲਣ
ਅਸੀਂ ਚੁੱਪ ਬੈਠੇ
ਚੁੱਪ ਦੀ ਬੋਲੀ
ਦਬ ਜਾਂਦੀ ਏ
ਘੁਟ ਜਾਂਦੀ ਏ
ਮਰ ਜਾਂਦੀ ਏ
ਬਚ ਕੀ ਹੋਣੈ!
ੳੁਹ ਕਹਿੰਦੇ ਨੇ
ਮੁਕ ਜਾਣੀ ਏ
ਥੋਡੀ ਬੋਲੀ
ਥੋੜੇ ਚਿਰ ਨੂੰ
ਸੱਚ ਈ ਹੋਣੈ!
– ਜਸਵੀਰ ਸਿੰਘ


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version