ਚੰਡੀਗੜ੍ਹ: ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੌਣਾਂ ਵਿੱਚ ਤੀਜੀ ਧਿਰ ਵਜੋਂ ਉੱਭਰ ਰਹੀ ਆਮ ਆਦਮੀ ਪਾਰਟੀ ਵਿੱਚ ਅੰਦਰੁਨੀ ਕਲੇਸ਼ ਦੀ ਮੱਚ ਰਹੀ ਅੰਗਿਆਰੀ ਹੁਣ ਜੱਗ ਜਾਹਿਰ ਹੁੰਦੀ ਜਾ ਰਹੀ ਹੈ। ਪਿਛਲੇ ਦਿਨਾਂ ਦੌਰਾਨ ਚੱਲੇ ਰੁਝਾਨ ਜਿਸ ਵਿੱਚ ਕਈ ਕਾਂਗਰਸੀ ਅਤੇ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਗਈ ਉਸ ਤੇ ਸਵਾਲ ਚੁੱਕਦਿਆਂ 2014 ਦੀਆਂ ਬਠਿੰਡਾ ਤੋਂ ਲੋਕ ਸਭਾ ਚੌਣਾਂ ਲੜੇ ਆਪ ਆਗੂ ਜੱਸੀ ਜਸਰਾਜ ਨੇ ਕਿਹਾ ਕਿ ਛੋਟੇਪੁਰ ਅਤੇ ਭਗਵੰਤ ਮਾਨ ਪਾਰਟੀ ਦੇ ਵਲੰਟੀਅਰਾਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਸਿਰੋਪੇ ਪਾ ਕੇ ਅੱਗੇ ਕਰ ਰਹੇ ਹਨ।
ਜੱਸੀ ਜਸਰਾਜ ਨੇ ਭਗਵੰਤ ਮਾਨ ਤੇ ਦੋਸ਼ ਲਾਉਂਦਿਆਂ ਕਿਹਾ ਕਿ ਲੋਕ ਸਭਾ ਚੌਣਾਂ ਦੌਰਾਨ ਉਨ੍ਹਾਂ ਨੂੰ ਕਈ ਬੰਦਿਆਂ ਨੇ ਕਿਹਾ ਸੀ ਕਿ ਭਗਵੰਤ ਮਾਨ ਉਨ੍ਹਾਂ ਵਿਰੁੱਧ ਮਨਪ੍ਰੀਤ ਬਾਦਲ ਦੀ ਮਦਦ ਕਰ ਰਹੇ ਹਨ ਪਰ ਉਦੋਂ ਉਨ੍ਹਾਂ ਇਸ ਗੱਲ ਦਾ ਯਕੀਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੁਣ ਭਗਵੰਤ ਮਾਨ ਮਨਪ੍ਰੀਤ ਬਾਦਲ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਾਉਣ ਲਈ ਤਰਲੋ ਮੱਛੀ ਹੋਏ ਪਏ ਹਨ ਇਸ ਤੋਂ ਉਨ੍ਹਾਂ ਨੂੰ ਹੁਣ ਛੱਕ ਹੋ ਰਿਹਾ ਹੈ ਕਿ ਉਹ ਗੱਲ ਸੱਚ ਸੀ।
ਜੱਸੀ ਜਸਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਕਈ ਲੋਕ ਮੁੱਖ ਮੰਤਰੀ ਦੀ ਕੁਰਸੀ ਹਾਸਿਲ ਕਰਨ ਲਈ ਰਸਤਾ ਸਾਫ ਕਰ ਰਹੇ ਹਨ ਤੇ ਆਪਣੇ ਗਰੁੱਪ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਸੀਟ ਤੇ ਆਮ ਆਦਮੀ ਪਾਰਟੀ ਵਿੱਚ 50 ਬੰਦੇ ਤਿਆਰ ਹਨ ਤੇ ਜਦੋਂ ਕਿਸੇ ਇੱਕ ਨੂੰ ਸੀਟ ਮਿਲੇਗੀ ਤਾਂ ਬਾਕੀ 49 ਪਾਰਟੀ ਖਿਲਾਫ ਪ੍ਰਚਾਰ ਕਰਨਗੇ।ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਆਪ ਦਾ ਹਾਲ ਮਨਪ੍ਰੀਤ ਬਾਦਲ ਦੀ ਪੀ.ਪੀ.ਪੀ ਵਾਲਾ ਨਾ ਹੋ ਜਾਵੇ।
ਪਾਰਟੀ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਕਾਬਲੀਅਤ ਤੇ ਸਵਾਲ ਚੁੱਕਦਿਆਂ ਜੱਸੀ ਜਸਰਾਜ ਨੇ ਕਿਹਾ ਕਿ ਉਹ ਸਾਲ ਤੋਂ ਜਿਆਦਾ ਸਮੇਂ ਤੋਂ ਪ੍ਰਧਾਨ ਹਨ ਤੇ ਜੇ ਉਨ੍ਹਾਂ ਨੇ ਇਸ ਤਰ੍ਹਾਂ ਦੂਜੀਆਂ ਪਾਰਟੀਆਂ ਵਿੱਚੋਂ ਹੀ ਆਗੂ ਅੱਗੇ ਲਿਆਉਣੇ ਹਨ ਫੇਰ ਉਨ੍ਹਾਂ ਦੀ ਕੀ ਕਾਬਲੀਅਤ ਰਹੀ।
ਜੱਸੀ ਜਸਰਾਜ ਵੱਲੋਂ ਲਗਾਏ ਗਏ ਇਨ੍ਹਾਂ ਇਲਜਾਮਾਂ ਤੇ ਟਿੱਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿੱਚ ਅਜਿਹੀ ਕੋਈ ਗੱਲ ਨਹੀਂ, ਨਾਂ ਹੀ ਮਨਪ੍ਰੀਤ ਬਾਦਲ ਦੇ ਪਾਰਟੀ ਵਿੱਚ ਆਉਣ ਦੀ ਕੋਈ ਗੱਲ ਹੋਈ ਹੈ।ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਹੈ।