ਜਲੰਧਰ: ਜਲੰਧਰ ਪੁਲਿਸ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਚ 2 ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਲੰਧਰ ਪੁਲਿਸ ਨੇ ਇਸ ਮਾਮਲੇ ‘ਚ ਇੱਕ ਪ੍ਰਕਾਸ਼ਕ ਸਮੇਤ 2 ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਮੁਤਾਬਕ ਨਹਿਰ ‘ਚੋਂ ਬਰਾਮਦ ਕੀਤਾ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਤਰਿਆਂ ਤੋਂ ਮਿਲੇ ਸਬੂਤਾਂ ਮੁਤਾਬਕ ਇਹ ਬੀੜ 1987 ਵਿਚ ਅੰਮ੍ਰਿਤਸਰ ਦੇ ਪ੍ਰਕਾਸ਼ਕ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੰਪਨੀ ਵਲੋਂ ਛਾਪੀ ਗਈ ਸੀ।
ਜਾਂਚ ਦੌਰਾਨ ਸ਼ੱਕ ਦੀ ਸੂਈ ਘੁੰਮੀ ਤਾਂ ਪੁਲਿਸ ਨੇ ਪ੍ਰਕਾਸ਼ਕ ਰਘੁਵੀਰ ਸਿੰਘ ਨੂੰ ਹਿਰਾਸਤ ‘ਚ ਲੈ ਲਿਆ ਹੈ। ਮਾਮਲੇ ਦੀ ਜਾਂਚ ਲਈ ਬਣਾਈ ਗਈ ਐੱਸਆਈਟੀ ਵੱਲੋਂ ਅੱਜ ਰਘੁਵੀਰ ਤੋਂ ਪੁੱਛਗਿੱਛ ਕੀਤੀ ਜਾਏਗੀ। ਵਿਸ਼ੇਸ਼ ਜਾਂਚ ਟੀਮ (SIT) ਮੁਖੀ ਐੱਸਪੀ ਪਰਮਿੰਦਰ ਸਿੰਘ ਭੰਡਾਲ ਖੁਦ ਇਸ ਪੁੱਛਗਿੱਛ ‘ਚ ਸ਼ਾਮਲ ਰਹਿਣਗੇ।
ਜਲੰਧਰ ਦੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਨਹਿਰ ‘ਚੋਂ ਮਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਤਰਿਆਂ ਦੀ ਜਾਂਚ ਲਈ ਪੁਲਿਸ ਵੱਲੋਂ ਐੱਸਜੀਪੀਸੀ ਦੇ ਮਾਹਿਰਾਂ ਨੂੰ ਬੁਲਾਇਆ ਗਿਆ। ਮਾਹਿਰਾਂ ਦੀ ਟੀਮ ਨੇ ਜਾਂਚ ਦੇ ਬਾਅਦ ਦੱਸਿਆ ਕਿ ਉਕਤ ਬੀੜ 1987 ‘ਚ ਪ੍ਰਕਾਸ਼ਕ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੰਪਨੀ, ਪੁਸਤਕਾਂ ਵਾਲਾ ਬਾਜ਼ਾਰ, ਅੰਮ੍ਰਿਤਸਰ ਵੱਲੋਂ ਤਿਆਰ ਕੀਤੀ ਗਈ ਸੀ। ਸ਼ੁਕਲਾ ਮੁਤਾਬਕ ਇਹਨਾਂ ਤੋਂ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਹੀ ਮਾਮਲੇ ‘ਚ ਜਾਂਚ ਅੱਗੇ ਵਧਾਈ ਜਾਵੇਗੀ।