ਜੈਪੁਰ ਰਾਜਸਥਾਨ(18 ਮਾਰਚ, 2016): ਜੈਪੁਰ ਦੇ ਜਲਾਨਾ ਡੋਂਗਰੀ ਖੇਤਰ ਦੇ ਗੁਰਦੁਆਰਾ ਸਾਹਿਬ ਵਿੱਚ ਪੁਲਿਸ ਦੇ ਦਾਖਲ ਹੋਣ ਦੀਆਂ ਖਬਰਾਂ ਮਿਲੀਆਂ ਹਨ। ਇਹ ਖੇਤਰ ਜੈਪੁਰ ਦੇ ਗਾਂਧੀ ਨਗਰ ਦੇ ਪੁਲਿਸ ਥਾਣੇ ਅਧੀਨ ਆਉਂਦਾ ਹੈ।
ਗੁਰਦੁਆਰਾ ਸਾਹਿਬ ਦੇ ਰਾਗੀ ਭਾਈ ਜਤਿੰਦਰ ਸਿੰਘ ਨਿਮਾਣਾ ਨੇ ਸਿੱਖ ਸਿਆਸਤ ਨੂੰ ਫੌਨ ‘ਤੇ ਦੱਸਿਆ ਕਿ ਦਿੱਲੀ ਜੈਪੁਰ ਸੜਕ ਚੌੜੀ ਹੋਣ ਦਾ ਕੰਮ ਚੱਲ ਰਿਹਾ ਸੀ। ਸੜਕ ਮਹਿਕਮੇ ਨੇ ਸਵੇਰੇ 5 ਵਜੇ ਦੁਬਈ ਰਹਿੰਦੇ ਸਿੱਖ ਜਗਜੀਤ ਸਿੰਘ ਦਾ ਘਰ ਢਾਉਣਾ ਸ਼ੁਰੂ ਕੀਤਾ ਅਤੇ ਇਹ ਸ਼ਾਮੀ 5 ਵਜੇ ਤੱਕ ਆਮ ਵਾਂਗ ਚੱਲਦਾ ਰਿਹਾ।
ਭਾਈ ਜਤਿੰਦਰ ਸਿੰਘ ਨੇ ਦੱਸਿਆ ਨੇ ਸਵੇਰ ਤੋਂ ਕੰਮਾਂ-ਕਾਰਾਂ ‘ਤੇ ਗਏ ਲੋਕ ਜਦੋਂ ਸ਼ਾਮ ਨੂੰ ਵਾਪਸ ਮੁੜ ਰਹੇ ਸਨ ਤਾਂ 20-25 ਸਿੱਖ ਨੌਜਵਾਨ ਉੱਥੇ ਖੜਕੇ ਵੇਖਣ ਲੱਗ ਪਏ। ਪੁਲਿਸ ਅਤੇ ਪ੍ਰਸ਼ਾਸ਼ਨ ਨੇ ਉਨਾਂ ਨੂੰ ਬਿਨਾਂ ਕਿਸੇ ਕਾਰਨ ਜਬਰਦਸਤੀ ਉੱਥੋਂ ਹਟਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਲਈ ਪੁਲਿਸ ਨੇ ਉਨਾਂ ‘ਤੇ ਲਾਠੀਚਾਰਜ ਕਰ ਦਿੱਤਾ।
ਪੁਲਿਸ ਦੀ ਇਸ ਕਾਰਵਾਈ ਨਾਲ ਹਾਲਤ ਵਿਗੜ ਗਏ ਅਤੇ ਗੱਲ ਪਥਰਾਅ ‘ਤੇ ਪਹੁੰਚ ਗਈ।
ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਨੇੜਲੇ ਗੁਰਦੁਆਰਾ ਸਾਹਿਬ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਗੁਰਦੁਆਰਾ ‘ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਗੁਰਦੁਆਰਾ ਸਾਹਿਬ ਦੀਆਂ ਬਾਰੀਆਂ ਦੇ ਸ਼ੀਸ਼ੇ ਤੋੜ ਦਿੱਤੇ।ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਨੇ ਦਰਬਾਰ ਸਾਹਿਬ ਅੰਦਰ ਵੀ ਇੱਟਾਂ ਰੋੜੇ ਮਾਰੇ ਅਤੇ ਪੁਲਿਸ ਨੇ ਸਿੱਖ ਬੀਬੀਆਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਬੁਰੀ ਤਰਾਂ ਕੁੱਟਿਆ ਮਾਰਿਆ।
ਗੁਰਦੁਆਰਾ ਸਾਹਿਬ ਦੇ ਸੇਵਾਦਾਰ ਜੈ ਸਿੰਘ ਅਤੇ ਉਸਦੇ ਅਪਾਹਜ ਪੁੱਤਰ ਨੂੰ ਪੁਲਿਸ ਨੇ ਬੁਰੀ ਤਰਾਂ ਕੁੱਟਿਆ ਅਤੇ ਬਾਅਦ ਵਿੱਚ ਉਨ੍ਹਾਂ ਸਮੇਤ 16 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ।
ਗਾਂਧੀ ਨਗਰ ਪੁਲਿਸ ਥਾਣੇ ਦੇ ਹੌਲਦਾਰ ਭਵਾਨ ਸਿੰਘ ਨੇ ਪੁਲਿਸ ਲਾਠੀਚਾਰਜ਼ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਨੇ ਲੋਕਾਂ (ਸਿੱਖਾਂ) ਨੂੰ ਉੱਥੋਂ ਭਜਾਉਣ ਲਈ ਲਾਠੀਚਾਰਜ਼ ਕੀਤਾ ਹੈ। ਹੌਲਦਾਰੱ ਭਵਾਨ ਸਿੰਘ ਨੇ ਸਿੱਖ ਸਿਆਸਤ ਨੂੰ ਫੋਨ ‘ਤੇ ਦੱਸਿਆ ਕਿ ਪੁਲਿਸ ਨੇ 7 ਬੀਬੀਆਂ ਸਮੇਤ 18 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।
ਭਾਈ ਜਤਿੰਦਰ ਸਿੰਘ ਨਿਮਾਨਾ ਨੇ ਕਿਹਾ ਕਿ ਕੋਈ ਆਗੂ ਜਾਂ ਕੋਈ ਵੀ ਭਾਈਚਾਰਾ ਸ਼ਿਕਲੀਗਰ ਸਿੱਖਾਂ ਦੀ ਮੱਦਦ ਲਈ ਅੱਗੇ ਨਹੀਂ ਆਇਆ।ਉਨ੍ਹਾਂ ਨੇ ਪੰਜਾਬ ਦੀਆਂ ਸਿੱਖ ਜੱਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੀ ਸਾਰ ਲੈਣ।