ਅੰਮ੍ਰਿਤਸਰ: ਪਟਿਆਲਾ ਤੋਂ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਧਰਮਵੀਰ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ ‘ਹਿੰਦੂਵਾਦੀ ਆਗੂਆਂ’ ਦੇ ਕਤਲਾਂ ਦੇ ਮਾਮਲੇ ‘ਚ ਆਪਣੇ ਬਿਆਨ, ‘ਆਈ.ਐਸ.ਆਈ. ਦਾ ਹੱਥ’ ਨੂੰ ਸਾਬਤ ਕਰੇ।
ਖ਼ਬਰਾਂ ਮੁਤਾਬਕ ਉਨ੍ਹਾਂ ਕਿਹਾ, “ਮੈਂ ਇਹ ਨਹੀਂ ਕਹਿੰਦਾ ਕਿ ਆਈ.ਐਸ.ਆਈ. ਜਾਂ ਪਾਕਿਸਤਾਨ ਇਸ ਖੇਡ ‘ਚ ਸ਼ਾਮਲ ਨਹੀਂ ਹੋ ਸਕਦੇ। ਪਰ ਜੇ ਸਰਕਾਰ ਦੇ ਇਸ ਦਾਅਵੇ ‘ਚ ਦਮ ਹੈ ਤਾਂ ਸਰਕਾਰ ਇਸ ਨੂੰ ਸਾਬਤ ਕਰੇ।”
ਧਰਮਵੀਰ ਗਾਂਧੀ ਨਸ਼ੀਲੇ ਪਦਾਰਥਾਂ ਦੀ ਜਾਗਰੂਕਤਾ ‘ਤੇ ਹੋਏ ਇਕ ਸੈਮੀਨਾਰ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਹ ਸਮਾਗਮ ਭਾਰਤ ਪਾਕਿ ਸ਼ਾਂਤੀ ਲਈ ਕੰਮ ਕਰਨ ਵਾਲੇ ਕਾਰਕੁਨ ਹਰਭਜਨ ਸਿੰਘ ਬਰਾੜ ਪ੍ਰਧਾਨ ਸਾਈਂ ਮੀਆਂ ਮੀਰ ਫਾਂਉਂਡੇਸ਼ਨ ਵਲੋਂ ਕਰਵਾਇਆ ਗਿਆ ਸੀ।
ਉਨ੍ਹਾਂ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, “ਮੀਡੀਆ ਰਿਪੋਰਟਾਂ ਤੋਂ ਪਤਾ ਲਗਦਾ ਹੈ ਕਿ (ਜਗਤਾਰ ਸਿੰਘ) ਜੌਹਲ ਨਾਲ ਪੁਲਿਸ ਵਿਵਹਾਰ ਸਹੀ ਨਹੀਂ ਹੈ ਅਤੇ ਉਸਦੇ ਬੁਨਿਆਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਉਸ ਨਾਲ ਬੇਇਨਸਾਫੀ ਹੈ।”
ਅੰਗ੍ਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਸੰਸਦ ਮੈਂਬਰ ਨੇ ਕਿਹਾ ਕਿ ਜੌਹਲ ਨੂੰ ਨਿਰਪੱਖ ਮੁਕੱਦਮੇ ਦੀ ਲੋੜ ਹੈ ਅਤੇ ਉਸਨੂੰ ਆਪਣੇ ਵਕੀਲ ਦੇ ਜ਼ਰੀਏ ਆਪਣਾ ਕੇਸ ਸਹੀ ਤਰੀਕੇ ਨਾਲ ਪੇਸ਼ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Jagtar Singh Johal Case: Patiala MP Dharamveer Gandhi Asks Punjab Govt To Substantiate Its ISI Theory …